ਨਵੀਂ ਦਿੱਲੀ, 24 ਜੂਨ
ਭਾਜਪਾ ਪ੍ਰਧਾਨ ਜੇਪੀ ਨੱਢਾ ਨੂੰ ਰਾਜ ਸਭਾ ਵਿੱਚ ਸਦਨ ਦਾ ਨੇਤਾ ਨਿਯੁਕਤ ਕੀਤਾ ਗਿਆ ਹੈ। ਉਹ ਉਪਰਲੇ ਸਦਨ ਵਿੱਚ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੀ ਥਾਂ ਲੈਣਗੇ। ਸ੍ਰੀ ਗੋਇਲ ਨੇ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਮਹਾਰਾਸ਼ਟਰ ਤੋਂ ਜਿੱਤ ਹਾਸਲ ਕੀਤੀ ਹੈ। ਸ੍ਰੀ ਗੋਇਲ ਨੇ ਅੱਜ ਹੇਠਲੇ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ। ਭਾਜਪਾ ਦੇ ਕੌਮੀ ਪ੍ਰਧਾਨ ਹੋਣ ਦੇ ਨਾਲ-ਨਾਲ ਨੱਢਾ ਕੇਂਦਰ ਸਰਕਾਰ ਵਿੱਚ ਮੰਤਰੀ ਵੀ ਹਨ। ਉਨ੍ਹਾਂ ਕੋਲ ਸਿਹਤ ਵਿਭਾਗ ਹੈ। ਸ੍ਰੀ ਨੱਢਾ ਮੂਲ ਤੌਰ ’ਤੇ ਹਿਮਾਚਲ ਪ੍ਰਦੇਸ਼ ਦੇ ਹਨ ਪਰ ਉਨ੍ਹਾਂ ਦਾ ਜਨਮ ਬਿਹਾਰ ਵਿੱਚ ਹੋਇਆ ਹੈ। ਉਹ ਇਸ ਸਮੇਂ ਗੁਜਰਾਤ ਤੋਂ ਰਾਜ ਸਭਾ ਮੈਂਬਰ ਹਨ।