Headlines

ਸ਼ਾਹ ਵੱਲੋਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਦਾ ਜਾਇਜ਼ਾ

ਨਵੀਂ ਦਿੱਲੀ, 23 ਜੂਨ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਥੇ ਅੱਜ ਮੌਨਸੂਨ ਦੌਰਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਮੌਨਸੂਨ ਸਬੰਧੀ ਤਿਆਰੀਆਂ ਦੇ ਜਾਇਜ਼ੇ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ਼ਾਹ ਨੇ ਹੜ੍ਹ ਅਤੇ ਪਾਣੀ ਪ੍ਰਬੰਧਨ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਮੁਹੱਈਆ ਕਰਵਾਈਆਂ ਸੈਟੇਲਾਈਟ ਤਸਵੀਰਾਂ ਦੀ ਸਰਵੋਤਮ ਵਰਤੋਂ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਗਲੇਸ਼ੀਅਲ ਲੇਕ ਆਊਟਬਰਸਟ ਫਲੱਡ (ਜੀਐੱਲਓਐੱਫ) ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ। ਸ਼ਾਹ ਨੇ ਕਿਹਾ ਕਿ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਦਰਿਆਵਾਂ ਦੇ ਪਾਣੀ ਦੇ ਪੱਧਰ ਦੀ ਪੂਰਵ ਅਨੁਮਾਨ ਪ੍ਰਣਾਲੀ ਨੂੰ ਅਪਗ੍ਰੇਡ ਕਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉੱਤਰ-ਪੂਰਬ ਵਿੱਚ ਘੱਟੋ-ਘੱਟ 50 ਵੱਡੇ ਤਾਲਾਬ ਬਣਾਏ ਜਾਣੇ ਚਾਹੀਦੇ ਹਨ ਤਾਂ ਜੋ ਬ੍ਰਹਮਪੁੱਤਰ ਦੇ ਪਾਣੀ ਨੂੰ ਮੋੜ ਕੇ ਇਨ੍ਹਾਂ ਤਾਲਾਬਾਂ ਵਿੱਚ ਸਟੋਰ ਕੀਤਾ ਜਾ ਸਕੇ। ਇਸ ਨਾਲ ਉਨ੍ਹਾਂ ਖੇਤਰਾਂ ਵਿੱਚ ਘੱਟ ਲਾਗਤ ’ਤੇ ਖੇਤੀਬਾੜੀ, ਸਿੰਜਾਈ ਅਤੇ ਸੈਰ-ਸਪਾਟੇ ਨੂੰ ਵਿਕਸਤ ਕਰਨ ਵਿੱਚ ਮਦਦ ਮਿਲੇਗੀ ਅਤੇ ਹੜ੍ਹਾਂ ਨਾਲ ਨਜਿੱਠਣ ਵਿੱਚ ਵੀ ਮਦਦ ਮਿਲੇਗੀ, ਜਿਸ ਨਾਲ ਸਥਾਨਕ ਆਰਥਿਕਤਾ ਨੂੰ ਲਾਭ ਹੋਵੇਗਾ। ਬ੍ਰਹਮਪੁੱਤਰ ’ਚ ਮੌਨਸੂਨ ਦੌਰਾਨ ਆਉਂਦੇ ਹੜ੍ਹ ਆਸਾਮ ਅਤੇ ਉੱਤਰ-ਪੂਰਬੀ ਖੇਤਰ ਲਈ ਇੱਕ ਵੱਡਾ ਮੁੱਦਾ ਹੈ ਕਿਉਂਕਿ ਹਰ ਸਾਲ ਹਜ਼ਾਰਾਂ ਏਕੜ ਜ਼ਮੀਨ ਪਾਣੀ ਦੀ ਮਾਰ ਹੇਠ ਆਉਂਦੀ ਹੈ ਅਤੇ ਕਈ ਲੋਕਾਂ ਦੀ ਜਾਨ ਗਈ ਹੈ।

ਗ੍ਰਹਿ ਮੰਤਰੀ ਨੇ ਸਬੰਧਿਤ ਵਿਭਾਗਾਂ ਨੂੰ ਸਿੱਕਮ ਅਤੇ ਮਨੀਪੁਰ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਦਾ ਅਧਿਐਨ ਕਰਨ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ। ਸ਼ਾਹ ਨੇ ਵੱਖ-ਵੱਖ ਵਿਭਾਗਾਂ ਵੱਲੋਂ ਤਿਆਰ ਕੀਤੀਆਂ ਗਈਆਂ ਮੌਸਮ, ਮੀਂਹ ਅਤੇ ਹੜ੍ਹ ਚਿਤਾਵਨੀ ਨਾਲ ਸਬੰਧਿਤ ਐਪਸ ਨਾਲ ਜੁੜਨ ਦੀ ਲੋੜ ’ਤੇ ਜ਼ੋਰ ਦਿੱਤਾ। ਮੀਟਿੰਗ ਦੌਰਾਨ ਗ੍ਰਹਿ ਮੰਤਰੀ ਨੇ ਪਿਛਲੇ ਸਾਲ ਹੋਈ ਮੀਟਿੰਗ ਦੌਰਾਨ ਲਏ ਗਏ ਫ਼ੈਸਲਿਆਂ ’ਤੇ ਕੀਤੀ ਗਈ ਕਾਰਵਾਈ ਦੀ ਵੀ ਸਮੀਖਿਆ ਕੀਤੀ।

Leave a Reply

Your email address will not be published. Required fields are marked *