Headlines

ਇਮੀਗ੍ਰੇਸ਼ਨ ਘੁਟਾਲਾ: ਨੌਜਵਾਨਾਂ ਦੀ ਵਾਪਸੀ ਨਾ ਹੋਣ ’ਤੇ ਪੀੜਤ ਪਰਿਵਾਰ ਨਿਰਾਸ਼

ਅੰਮ੍ਰਿਤਸਰ, 23 ਜੂਨ

ਕੌਮਾਂਤਰੀ ਸਰਹੱਦ ਨੇੜਲੇ ਪਿੰਡ ਗੱਗੋਮਾਹਲ ਦੇ ਗੁਰਮੇਜ ਸਿੰਘ (22) ਅਤੇ ਮੋਦੇ ਵਾਸੀ ਉਸ ਦੇ ਚਚੇਰੇ ਭਰਾ ਅਜੈਪਾਲ ਸਿੰਘ (22) ਦੇ ਪਰਿਵਾਰਕ ਮੈਂਬਰ ਬਹੁਤ ਦੁਖੀ ਹਨ। ਇਮੀਗ੍ਰੇਸ਼ਨ ਏਜੰਟਾਂ ਦੀ ਧੋਖਾਧੜੀ ਕਾਰਨ ਦੋਵੇਂ ਨੌਜਵਾਨ ਲਗਪਗ ਇੱਕ ਸਾਲ ਤੋਂ ਇੰਡੋਨੇਸ਼ੀਆ ਦੀ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਦੋਸ਼ ਲਾਇਆ ਕਿ ਝੂਠੇ ਕਤਲ ਕੇਸ ਵਿੱਚ ਫਸਾਏ ਹੋਣ ਦਾ ਪਤਾ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਉਨ੍ਹਾਂ ਦੀ ਵਾਪਸੀ ਲਈ ਕੁਝ ਨਹੀਂ ਕੀਤਾ ਗਿਆ।

ਗੁਰਮੇਜ ਸਿੰਘ ਦੇ ਪਿਤਾ ਸਾਹਿਬ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ ਇੰਡੋਨੇਸ਼ੀਆ ਵਿੱਚ ਸਾਢੇ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਹ ਪਿਛਲੇ ਸਾਲ ਮਈ ਮਹੀਨੇ ਦਿੱਲੀ ਤੋਂ ਇੰਡੋਨੇਸ਼ੀਆ ਗਏ ਸਨ ਕਿਉਂਕਿ ਏਜੰਟਾਂ ਨੇ ਉਨ੍ਹਾਂ ਨੂੰ ਮੈਕਸੀਕੋ ਰਸਤੇ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ। ਸਾਹਿਬ ਸਿੰਘ ਮੁਤਾਬਕ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਉਨ੍ਹਾਂ ਦੇ ਘਰ ਆਏ ਸਨ ਜਿਨ੍ਹਾਂ ਨੇ ਦੋਵਾਂ ਦੀ ਸੁਰੱਖਿਅਤ ਵਾਪਸੀ ਲਈ ਕਦਮ ਚੁੱਕਣ ਦਾ ਭਰੋਸਾ ਦਿੱਤਾ ਸੀ ਪਰ ਹਾਲੇ ਤੱਕ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਬਿਹਤਰ ਜ਼ਿੰਦਗੀ ਦੀ ਉਮੀਦ ਲਈ ਉਨ੍ਹਾਂ ਨੇ ਆਪਣੀ ਜ਼ਮੀਨ ਜਾਇਦਾਦ ਗਹਿਣੇ ਰੱਖ ਦਿੱਤੀ ਹੈ। ਅਜੈਪਾਲ ਦੇ ਪਿਤਾ ਸੁਖਚੈਨ ਸਿੰਘ ਨੇ ਵੀ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਆਪਣੀ ਜ਼ਮੀਨ ਗਿਰਵੀ ਰੱਖੀ ਹੋਈ ਸੀ। ਇਸ ਸਬੰਧੀ ਐੱਫਆਈਆਰ ਦਰਜ ਹੋਣ ਦੇ ਇੱਕ ਸਾਲ ਬਾਅਦ ਵੀ ਇਸ ਮਾਮਲੇ ਪੁਲੀਸ ਦੇ ਹੱਥ ਹਾਲੇ ਖਾਲੀ ਹਨ। ਗੁਰਮੇਜ ਅਤੇ ਅਜੈਪਾਲ ਨੇ ਫੇਸਬੁੱਕ ਰਾਹੀਂ ਦਿੱਲੀ ਦੇ ਚਰਨਜੀਤ ਸਿੰਘ ਸੋਢੀ ਦੇ ਸੰਪਰਕ ’ਚ ਆਏ ਸਨ। ਏਜੰਟ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਸੀ ਕਿ ਉਸ ਦੇ ਅਮਰੀਕਾ ’ਚ ਸਬੰਧ ਹਨ ਤੇ ਉਹ ਉਨ੍ਹਾਂ ਨੂੰ 35-35 ਲੱਖ ਰੁਪਏ ’ਚ ਅਮਰੀਕਾ ਭੇਜ ਸਕਦਾ ਹੈ। ਗੁਰਮੇਜ ਤੇ ਅਜੈਪਾਲ ਨੇ 5 ਮਈ ਨੂੰ ਆਪਣਾ ਸਫਰ ਸ਼ੁਰੂ ਕੀਤਾ ਤੇ ਦਿੱਲੀ ਤੋਂ 5000 ਡਾਲਰ ਲੈ ਕੇ ਚਾਰ ਦਿਨ ਬਾਅਦ ਉਨ੍ਹਾਂ ਨੂੰ ਇੰਡੋਨੇਸ਼ੀਆ ਭੇਜ ਦਿੱਤਾ ਗਿਆ। ਇੰਡੋਨੇਸ਼ੀਆ ਪਹੁੰਚਣ ਮਗਰੋਂ ਸਥਾਨਕ ਟਰੈਵਲ ਏਜੰਟ ਉਨ੍ਹਾਂ ਨੂੰ ਇੱਕ ਕਮਰੇ ’ਚ ਲੈ ਗਏ ਤੇ ਉਨ੍ਹਾਂ ਤੋਂ ਪਾਸਪੋਰਟ ਸਣੇ ਸਾਰੇ ਦਸਤਾਵੇਜ਼ ਲੈ ਲਏ। ਸਾਹਿਬ ਸਿੰਘ ਨੇ ਦੱਸਿਆ ਕਿ ਏਜੰਟਾਂ ਨੇ ਬੰਦੂਕ ਦੀ ਨੋਕ ’ਤੇ ਉਨ੍ਹਾਂ ਨੂੰ ਆਪੋ-ਆਪਣੇ ਪਰਿਵਾਰਾਂ ਕੋਲ ਫੋਨ ’ਤੇ ਇਹ ਝੂੁਠ ਬੋਲਣ ਲਈ ਵੀ ਮਜਬੂਰ ਕੀਤਾ ਕਿ ਉਹ ਸੁਰੱਖਿਅਤ ਹਨ ਤੇ ਜਲਦੀ ਹੀ ਅਮਰੀਕਾ ਲਈ ਰਵਾਨਾ ਹੋਣਗੇ। ਉਨ੍ਹਾਂ ਨੂੰ ਬਾਕੀ ਰਕਮ ਵੀ ਧੋਖੇਬਾਜ਼ਾਂ ਦੇ ਖਾਤੇ ’ਚ ਟਰਾਂਸਫਰ ਕਰਨ ਲਈ ਆਖਿਆ ਗਿਆ। ਸਾਹਿਬ ਸਿੰਘ ਨੇ ਦੱਸਿਆ, ‘‘13 ਮਈ ਨੂੰ ਏਜੰਟਾਂ ਵਿਚਾਲੇ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਸੀ ਤੇ ਉਦੋਂ ਹੀ ਗੁਰਮੇਜ ਤੇ ਅਜੈਪਾਲ ਉੱਥੋਂ ਭੱਜ ਕੇ ਏਅਰਪੋਰਟ ’ਤੇ ਪਹੁੰਚ ਗਏ। ਦੋਵਾਂ ਨੇ ਸਾਨੂੰ ਫੋਨ ਕਰਕੇ ਵਾਪਸੀ ਦੀਆਂ ਟਿਕਟਾਂ ਦਾ ਇੰਤਜ਼ਾਮ ਕਰਨ ਲਈ ਅਸੀਂ ਟਿਕਟਾਂ ਦਾ ਪ੍ਰਬੰਧ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬੋਰਡਿੰਗ ਪਾਸ ਮਿਲ ਗਏ ਸਨ ਪਰ ਜਹਾਜ਼ ’ਚ ਬੈਠਣ ਤੋਂ ਪਹਿਲਾਂ ਕਿ ਇੰਡੋਨੇਸ਼ੀਆਈ ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਬਾਰੇ ਸਾਨੂੰ ਬਾਅਦ ’ਚ ਪਤਾ ਲੱਗਿਆ।’’ ਇੰਡੋਨੇਸ਼ੀਆ ਵਿੱਚ ਇਨ੍ਹਾਂ ਨੌਜਵਾਨਾਂ ਦੀ ਗ੍ਰਿਫਤਾਰੀ ਮਗਰੋਂ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਟਰੈਵਲ ਏਜੰਟਾਂ ਦਿੱਲੀ ਦੇ ਚਰਨਜੀਤ ਸਿੰਘ ਸੋਢੀ ਤੇ ਇੰਡੋਨੇਸ਼ੀਆ ਤੋਂ ਇਹ ਰੈਕੇਟ ਚਲਾ ਹੁਸ਼ਿਆਰਪੁਰ ਦੇ ਸੰਨੀ ਕੁਮਾਰ ਵਿਰੁੱਧ ਦੋ ਕੇਸ ਦਰਜ ਕੀਤੇ ਸਨ। ਹਾਲਾਂਕਿ ਇਸ ਮਾਮਲੇ ’ਚ ਹਾਲੇ ਤੱਕ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੰਜਾਬ ਦੇ ਹੋਰ ਹਿੱਸਿਆਂ ’ਚ ਵੀ ਅਜਿਹੇ ਕਈ ਮਾਮਲਿਆਂ ’ਚ ਸੰਨੀ ਦਾ ਨਾਂ ਸਾਹਮਣੇ ਆਇਆ ਹੈ।

ਐਡਰੈੱਸ ਸਹੀ ਨਾ ਹੋਣ ਕਾਰਨ ਨਹੀਂ ਲੱਗ ਸਕਿਆ ਮੁਲਜ਼ਮਾਂ ਦਾ ਪਤਾ

ਡੀਐੱਸਪੀ ਅਟਾਰੀ ਸੁਖਜਿੰਦਰ ਸਿੰਘ ਥਾਪਰ ਨੇ ਦੱਸਿਆ ਕਿ ਸੋਢੀ ਤੇ ਉਸ ਤੇ ਪਰਿਵਾਰਕ ਮੈਂਬਰਾਂ ਦਾ ਕੋਈ ਥਹੁ-ਪਤਾ ਨਹੀਂ ਲੱਗਿਆ। ਐਡਰੈੱਸ ਸਹੀ ਨਾ ਹੋਣ ਕਾਰਨ ਪੁਲੀਸ ਦਿੱਲੀ ’ਚ ਉਸ ਦਾ ਪਤਾ ਨਹੀਂ ਲਾ ਸਕੀ ਜਦਕਿ ਸੰਨੀ ਇੰਡੋਨੇਸ਼ੀਆ ਤੋਂ ਕੰਮ ਕਰ ਰਿਹਾ ਸੀ।