ਜਲੰਧਰ, 23 ਜੂਨ (ਅਨੁਪਿੰਦਰ ਸਿੰਘ) ਨਵੇਂ ਬਣੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਥੇ ‘ਆਪ’ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਕੁਰਸੀ ਡਾਵਾਂਡੋਲ ਹੈ ਤੇ ਉਹ ਕਿਸੇ ਸਮੇਂ ਵੀ ਜਾ ਸਕਦੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਜਲੰਧਰ ਵਿੱਚ ਕਿਰਾਏ ਦਾ ਮਕਾਨ ਲੱਭਣ ਦੀ ਥਾਂ ਚੰਡੀਗੜ੍ਹ ਬੈਠ ਕੇ ਆਪਣੀ ਸਰਕਾਰ ਬਚਾਉਣ ਵੱਲ ਧਿਆਨ ਦੇਣ।
ਇਥੇ ਅੱਜ ਭਾਜਪਾ ਆਗੂ ਡਾ. ਸ਼ਿਵਦਿਆਲ ਮਾਲੀ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਜਲੰਧਰ ਪੱਛਮੀ ਦੀ ਸੀਟ ਕਾਂਗਰਸ ਵੱਡੇ ਫਰਕ ਨਾਲ ਜਿੱਤੇਗੀ। ਉਨ੍ਹਾਂ ਡਾ. ਸ਼ਿਵਦਿਆਲ ਮਾਲੀ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਨੇ ਲੋਕ ਸਭਾ ਚੋਣਾਂ ਵਿੱਚ ਵੀ ਇਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਸੀ ਤੇ ਲੋਕ ਹੁਣ ਇਸ ਜਿੱਤ ਨੂੰ ਹੋਰ ਵੱਡੀ ਕਰਕੇ ‘ਆਪ’ ਸਰਕਾਰ ਨੂੰ ਚੱਲਦਾ ਕਰਨ ਦਾ ਮੁੱਢ ਬੰਨ੍ਹਣਗੇ।
ਜ਼ਿਕਰਯੋਗ ਹੈ ਕਿ ਡਾ. ਸ਼ਿਵਦਿਆਲ ਮਾਲੀ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਸਨ ਤੇ ਉਹ 2022 ਦੀਆਂ ਚੋਣਾਂ ਸਮੇਂ ਭਾਜਪਾ ਵਿੱਚੋਂ ਆਏ ਸ਼ੀਤਲ ਅੰਗੁਰਾਲ ਨੂੰ ਟਿਕਟ ਦੇਣ ਵਿਰੁੱਧ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਹੁਣ ਜਦੋਂ ਸ਼ੀਤਲ ਅੰਗੁਰਾਲ ਭਾਜਪਾ ਵਿੱਚ ਸ਼ਾਮਿਲ ਹੋ ਕੇ ਇੱਕ ਵਾਰ ਫਿਰ ਉਮੀਦਵਾਰ ਬਣ ਗਏ ਹਨ ਤਾਂ ਡਾ. ਮਾਲੀ ਨੇ ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਮੂਲੀਅਤ ਕਰ ਲਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ ਹੁਣ ਜਦੋਂ ਆਪ ਦੀ ਸਰਕਾਰ ਜਾਣ ਵਾਲੀ ਹੈ ਤਾਂ ਮੁੱਖ ਮੰਤਰੀ ਜ਼ਿਮਨੀ ਚੋਣ ਜਿੱੱਤਣ ਲਈ ਜਲੰਧਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਦਾ ਉਮੀਦਵਾਰ ਜਿਤਾ ਕੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਕਿਉਂ ਕਿ ਸਰਕਾਰ ਤਾਂ ਆਪਸੀ ਕਾਟੋ ਕਲੇਸ਼ ਦੇ ਚੱਲਦਿਆਂ ਡਿੱਗਣ ਵਾਲੀ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਪ ਵਾਲੇ 2022 ਵਿਚ ਬਦਲਾਅ ਦਾ ਨਾਅਰਾ ਲਾ ਕੇ ਵੱਡੇ ਬਹੁਮਤ ਨਾਲ ਆਏ ਸਨ ਪਰ ਦੋ ਸਾਲਾਂ ਵਿੱਚ ਸਰਕਾਰ ਦੀ ਹਾਲਤ ਏਨੀ ਮਾੜੀ ਹੋ ਜਾਵੇਗੀ ਇਹ ਕਿਸੇ ਪੰਜਾਬੀ ਨੇ ਕਿਆਸਿਆ ਨਹੀਂ ਸੀ। ਪੰਜਾਬ ਦੇ ਲੋਕ ਤਰਾਹ-ਤਰਾਹ ਕਰ ਰਹੇ ਹਨ। ਛੋਟੇ-ਵੱਡੇ ਕਾਰੋਬਾਰੀਆਂ ਨੂੰ ਗੈਂਗਸਟਰਾਂ ਦੇ ਫੋਨ ਆ ਰਹੇ ਹਨ ਕਿ ਫਿਰੌਤੀ ਦੇਵੋ ਨਹੀਂ ਤਾਂ ਤੁਹਾਡੇ ਸਕੂਲ ਜਾਂਦੇ ਬੱਚੇ ਘਰ ਨਹੀਂ ਮੁੜਨਗੇ। ਕਾਰੋਬਾਰੀਆਂ ਨੂੰ ਧਮਕੀਆਂ ਮਿਲਣ ਨਾਲ ਲੋਕ ਡਰੇ ਹੋਏ ਹਨ। ਕਾਰੋਬਾਰੀ ਪੰਜਾਬ ਛੱਡ ਕੇ ਜਾਣ ਨੂੰ ਤਿਆਰ ਬੈਠੇ ਹਨ। ਚੰਨੀ ਨੇ ਕਿਹਾ ਕਿ ਪੰਜਾਬ ਨੇ ਅਜਿਹਾ ਸਮਾਂ ਕਦੇ ਨਹੀਂ ਸੀ ਦੇਖਿਆ।