Headlines

ਸਟਿਫ਼ਲੋਨ ਡੌਨ ਵਲੋਂ ਸਿੱਧੂ ਮੂਸੇਵਾਲਾ ਨਾਲ ਸਾਂਝਾ ਗੀਤ ‘ਡਿਲੇਮਾ’ ਜਾਰੀ, ਚਾਰੇ ਪਾਸੇ ਚਰਚਾ

ਮਾਨਸਾ, 24 ਜੂਨ  – ਬਰਤਾਨੀਆ ਦੀ ਪ੍ਰਸਿੱਧ ਰੈਪਰ ਸਟਿਫ਼ਲੋਨ ਡੌਨ ਨੇ ਗਾਇਕ ਸਿੱਧੂ ਮੂਸੇਵਾਲਾ ਨਾਲ ਨਵਾਂ ਗੀਤ ‘ਡਿਲੇਮਾ’ ਆਪਣੇ ਯੂਟਿਊਬ ਚੈਨਲ ‘ਤੇ ਜਾਰੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਮੂਸੇਵਾਲਾ ਦੀ ਮੌਤ ਬਾਅਦ ਇਹ ਉਸ ਦਾ 7ਵਾਂ ਗੀਤ ਹੈ। 3 ਮਿੰਟ 43 ਸਕਿੰਟ ਦੇ ਇਸ ਗੀਤ ਮੂਸੇਵਾਲਾ ਦੇ 1 ਮਿੰਟ ਦੇ ਬੋਲ ਠੇਠ ਪੰਜਾਬੀ ‘ਚ ਹਨ ਜਦਕਿ ਸਟਿਫ਼ਲੋਨ 2 ਮਿੰਟ ਤੋਂ ਅੰਗਰੇਜ਼ੀ ‘ਚ ਰੈਪ ਕਰਦੀ ਹੈ। ਗੀਤ ਦੇ ਨਿਰਮਾਤਾ ਗਿਲਟੀਬੀਟਜ਼ ਹਨ ਜਦਕਿ ਸੰਗੀਤ ਸਟੀਲ ਬੈਂਗਲੇਜ਼ ਦਾ ਹੈ। ਵੀਡੀਓ ‘ਚ ਲੰਡਨ ਦੇ ਨਾਲ ਮੂਸਾ ਪਿੰਡ ਦੇ ਦ੍ਰਿਸ਼ ਵੀ ਫਿਲਮਾਏ ਗਏ ਹਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਮਾਤਾ ਚਰਨ ਕੌਰ ਤੇ ਤਾਇਆ ਚਮਕੌਰ ਸਿੰਘ ਸਿੱਧੂ ਤੋਂ ਇਲਾਵਾ ਪਿੰਡ ਦੇ ਲੋਕ ਅਤੇ ਪ੍ਰਸੰਸਕ ਵੀ ਵਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਸਟਿਫ਼ਲੋਨ 11 ਜੂਨ 2023 ਨੂੰ ਮਰਹੂਮ ਗਾਇਕ ਮੂਸੇਵਾਲਾ ਦੇ ਜਨਮ ਦਿਨ ‘ਤੇ ਪਿੰਡ ਮੂਸਾ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੀ ਸੀ। ਕਾਬਲੇ-ਗ਼ੌਰ ਰਹੇ ਸਟਿਫ਼ਲੋਨ ਨੇ ਪਹਿਲਾਂ ਵੀ ਮੂਸੇਵਾਲਾ ਨਾਲ ਕਈ ਗੀਤਾਂ ‘ਚ ਸਹਿਯੋਗ ਦਿੱਤਾ ਸੀ। ਸਿੱਧੂ ਮੂਸੇਵਾਲਾ ਦੇ ਬੋਲਾਂ ‘ਚ ਜਦੋਂ ਹਵੇਲੀ, 5911 ਅਤੇ ਆਪਣੀ ਪਿੰਡ ਦੀ ਗੱਲ ਕੀਤੀ ਜਾਂਦੀ ਹੈ ਤਾਂ ਗੀਤ ਸਿਖਰ ‘ਤੇ ਹੁੰਦਾ ਹੈ ਅਤੇ ਉਹ ਸਟਿਫ਼ਲੋਨ ਨੂੰ ਸੰਬੋਧਨ ਹੁੰਦਿਆਂ ਆਖਦਾ ਹੈ ‘ਸਟੀਫ਼ ਲੰਡਨ ਵਿਚ ਕੁਝ ਨਹੀਂ ਹੈ, ਆਓ ਪੰਜਾਬ ਚੱਲੀਏ! ‘ ਨਾਲ ਤਾਂ ਸਿਰਾ ਲਗਾ ਦਿੰਦਾ ਹੈ।