Headlines

ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਅਲਬਰਟਾ ਵੱਲੋਂ ਗ਼ਜ਼ਲ ਮੰਚ ਸਰੀ ਦੇ ਸ਼ਾਇਰਾਂ ਦਾ ਸਨਮਾਨ

ਅਲਬਰਟਾ ਦੇ ਐਮ ਐਲ ਏ ਜਸਵੀਰ ਦਿਓਲ ਵਲੋਂ ਵਿਸ਼ੇਸ਼ ਸਨਮਾਨ-

ਸਰੀ, 24 ਜੂਨ (ਹਰਦਮ ਮਾਨ)-ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਅਲਬਰਟਾ ਐਡਮਿੰਟਨ ਵੱਲੋਂ ਬੀਤੇ ਦਿਨੀਂ ਗ਼ਜ਼ਲ ਮੰਚ ਸਰੀ ਦੇ ਸ਼ਾਇਰ ਕ੍ਰਿਸ਼ਨ ਭਨੋਟ, ਜਸਵਿੰਦਰ, ਹਰਦਮ ਮਾਨ ਅਤੇ ਪ੍ਰੀਤ ਮਨਪ੍ਰੀਤ ਦੇ ਮਾਣ ਵਿਚ ਵਿਸ਼ੇਸ਼ ਸਮਾਗਮ ਰਚਾਇਆ ਗਿਆ। ਐਸੋਸੀਏਸ਼ਨ ਦੇ ਹਾਲ ਵਿੱਚ ਹੋਏ ਸਮਾਗਮ ਵਿਚ ਐਡਮਿੰਟਨ ਅਤੇ ਆਸ ਪਾਸ ਦੇ ਖੇਤਰ ਦੇ ਬਹੁਤ ਸਾਰੇ ਲੇਖਕ ਅਤੇ ਪੰਜਾਬੀ ਪ੍ਰੇਮੀ ਇਕੱਤਰ ਹੋਏ। ਮਹਿਮਾਨ ਸ਼ਾਇਰਾਂ ਨੂੰ ‘ਜੀ ਆਇਆਂ’ ਕਹਿੰਦਿਆਂ ਗੁਰਤੇਜ ਸਿੰਘ ਨੇ ਸੰਖੇਪ ਜਾਣ ਪਛਾਣ ਕਰਵਾਈ ਅਤੇ ਉਸ ਤੋਂ ਬਾਅਦ ਇਹਨਾਂ ਸ਼ਾਇਰਾਂ ਨੇ ਆਪਣੇ ਸਾਹਿਤਕ ਸਫਰ ਤੇ ਆਪਣੀ ਸ਼ਾਇਰੀ ਬਾਰੇ ਗੱਲਬਾਤ ਕੀਤੀ।

ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਨੇ ਪੰਜਾਬੀ ਗ਼ਜ਼ਲ ਦੇ ਪਿਛੋਕੜ ਅਤੇ ਸ਼ੁਰੂਆਤੀ ਸਮੇਂ ਦੀਆਂ ਮੁਸ਼ਕਿਲਾਂ ਦਾ ਜ਼ਿਕਰ ਕੀਤਾ ਅਤੇ ਪੰਜਾਬੀ ਗ਼ਜ਼ਲ ਦੇ ਹੁਣ ਤੱਕ ਦੇ ਸਫਰ ਬਾਰੇ ਚਾਨਣਾ ਪਾਇਆ। ਉਹਨਾਂ ਆਪਣੀਆਂ ਦੋ ਗਜ਼ਲਾਂ ਵੀ ਸੁਣਾਈਆਂ। ਐਡਮਿੰਟਨ ਦੇ ਲੇਖਕਾਂ, ਪਾਠਕਾਂ ਦੀ ਸ਼ਲਾਘਾ ਕਰਦਿਆਂ ਗਜ਼ਲ ਮੰਚ ਸਰੀ ਦੇ ਪ੍ਰਧਾਨ ਜਸਵਿੰਦਰ ਨੇ ਕਿਹਾ ਕਿ ਬੜੀ ਖੁਸ਼ੀ ਹੈ ਕਿ ਅੱਜ ਦੇ ਪਦਾਰਥਵਾਦੀ ਦੌਰ ਵਿੱਚ ਤੁਸੀਂ ਸਾਰੇ ਸ਼ਬਦ ਨਾਲ, ਸਾਹਿਤ ਨਾਲ ਜੁੜੇ ਹੋਏ ਹੋ। ਇਹਨਾਂ ਮੁਲਕਾਂ ਵਿੱਚ ਆ ਕੇ ਏਨਾ ਸਮਾਂ ਕੱਢਣਾ, ਆਪਣੀ ਸੰਵੇਦਨਾ ਨੂੰ ਜ਼ਿੰਦਾ ਰੱਖਣਾ ਬੜਾ ਔਖਾ ਹੁੰਦਾ ਹੈ। ਤੁਸੀਂ ਸਾਰੇ ਬੜੇ ਸੰਵੇਦਨਸ਼ੀਲ ਇਨਸਾਨ ਹੋ ਜਿਨ੍ਹਾਂ ਨੂੰ ਸਮਾਜ ਦਾ ਤੇ ਆਪਣੇ ਆਲੇ ਦੁਆਲੇ ਦਾ ਵੀ ਫਿਕਰ ਹੈ। ਤੁਸੀਂ ਸ਼ਬਦ ਰਾਹੀਂ ਸੱਚ ਨੂੰ ਜਿਉਂ ਰਹੇ ਹੋ, ਜ਼ਿੰਦਾ ਰੱਖ ਰਹੇ ਹੋ ਅਤੇ ਆਲੇ ਦੁਆਲੇ ਇਸ ਤਰਾਂ ਦੀ ਲੋਅ ਫੈਲਾਅ ਰਹੇ ਹੋ। ਉਨ੍ਹਾਂ ਆਪਣੀਆਂ ਕੁਝ ਰਚਨਾਵਾਂ ਵੀ ਸਾਂਝੀਆਂ ਕੀਤੀਆਂ। ਹਰਦਮ ਮਾਨ ਅਤੇ ਪ੍ਰੀਤ ਮਨਪ੍ਰੀਤ ਨੇ ਵੀ ਆਪਣੀ ਸੰਖੇਪ ਜਾਣ ਪਛਾਣ ਕਰਵਾਉਣ ਦੇ ਨਾਲ ਨਾਲ ਆਪਣੀਆਂ ਗ਼ਜ਼ਲਾਂ ਪੇਸ਼ ਕੀਤੀਆਂ।

ਇਸ ਮੌਕੇ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਅਲਬਰਟਾ ਦੇ ਸੀਨੀਅਰ ਆਗੂ ਡਾ. ਆਰ.ਪੀ. ਕਾਲੀਆ ਨੇ ਇਸ ਐਸੋਸੀਏਸ਼ਨ ਦੀ ਸਥਾਪਨਾ ਅਤੇ ਐਡਮਿੰਟਨ ਦੀਆਂ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਦੇ ਪਿਛੋਕੜ ਅਤੇ ਮੌਜੂਦਾ ਸੰਦਰਭ ਵਿੱਚ ਗੱਲ ਕੀਤੀ। ਉਹਨਾਂ ਅਜੋਕੇ ਹਾਲਾਤ ਉੱਪਰ ਆਪਣੀਆਂ ਦੋ ਕਵਿਤਾਵਾਂ ਪੜ੍ਹੀਆਂ। ਸਮਾਗਮ ਵਿੱਚ ਸ਼ਾਮਿਲ ਵਰਿੰਦਰ ਕੌਰ, ਮਨਜੀਤ ਬਰਾੜ, ਬਖਸ਼ ਸੰਘਾ, ਨਵਤੇਜ ਬੈਂਸ, ਕਰਨੈਲ ਸ਼ੇਰਪੁਰੀ, ਡਾ. ਕਮਲ, ਗੁਰਿੰਦਰ ਕਲਸੀ, ਸੰਨੀ ਧਾਲੀਵਾਲ, ਸੇਵਕ ਸਿੰਘ, ਸਿਮਰ, ਪਵਿੱਤਰ ਧਾਲੀਵਾਲ ਅਤੇ ਕਿਰਤਮੀਤ ਨੇ ਵੀ ਆਪਣੀਆਂ ਕਾਵਿ ਰਚਨਾਵਾਂ ਸੁਣਾਈਆਂ।

ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਅਲਬਰਟਾ ਦੇ ਐਮਐਲਏ ਜਸਵੀਰ ਦਿਓਲ ਨੇ ਸ਼ਾਇਰ ਕ੍ਰਿਸ਼ਨ ਭਨੋਟ, ਜਸਵਿੰਦਰ, ਹਰਦਮ ਮਾਨ ਅਤੇ ਪ੍ਰੀਤ ਮਨਪ੍ਰੀਤ ਦਾ ਸਵਾਗਤ ਕੀਤਾ ਅਤੇ ਇਨ੍ਹਾਂ ਸ਼ਾਇਰਾਂ ਦੇ ਸਾਹਿਤਕ ਯੋਗਦਾਨ ਨੂੰ ਮਾਣ ਦਿੰਦਿਆਂ ਵਿਧਾਨ ਸਭਾ ਅਲਬਰਟਾ ਵੱਲੋਂ ਸਨਮਾਨ ਪੱਤਰ ਪ੍ਰਦਾਨ ਕੀਤੇ। ਸਮੁੱਚੇ ਸਮਾਗਮ ਦਾ ਸੰਚਾਲਨ ਗੁਰਤੇਜ ਸਿੰਘ ਨੇ ਆਪਣੇ ਵਿਸ਼ੇਸ਼ ਲਹਿਜ਼ੇ ਵਿੱਚ ਪੇਸ਼ ਕਰਕੇ ਮਾਹੌਲ ਨੂੰ ਖੁਸ਼ਨੁਮਾ ਬਣਾਈ ਰੱਖਿਆ।