ਚੰਡੀਗੜ ( ਦੇ ਪ੍ਰ ਬਿ)- ਉਘੇ ਪੰਜਾਬੀ ਕਵੀ ਤੇ ਲੇਖਕ ਜਸਵੰਤ ਜ਼ਫ਼ਰ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ ਜਦੋਂਕਿ ਉਘੇ ਕਵੀ ਤੇ ਚਿਤਰਕਾਰ ਸਵਰਨਜੀਤ ਸਵੀ ਨੂੰ ਆਰਟ ਕੌਂਸਲ ਦਾ ਚੇਅਰਮੈਨ ਲਗਾਇਆ ਗਿਆ ਹੈ। ਸਾਲ 1965 ਵਿਚ ਜਨਮੇ ਜਸਵੰਤ ਜ਼ਫ਼ਰ ਪਿੰਡ ਸੰਘੇ ਖ਼ਾਲਸਾ (ਨੂਰਮਹਿਲ) ਨਾਲ ਸਬੰਧਿਤ ਹਨ। ਗੁਰੂ ਨਾਨਕ ਦੇਵ ਇੰਜੀਨੀਅਰ ਕਾਲਜ ਲੁਧਿਆਣਾ ਤੋਂ 1989 ਵਿੱਚ ਇੰਜਨੀਅਰਿੰਗ ਦੀ ਡਿਗਰੀ ਹਾਸਲ ਕਰਨ ਉਪਰੰਤ ਉਹ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਐਸ ਡੀ ਓ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ ਤੇ ਚੀਫ ਇੰਜੀਨੀਅਰ ਵਜੋਂ ਸੇਵਾ ਮੁਕਤ ਹੋਏ। ਉਨ੍ਹਾਂ ਨੇ 1993 ਵਿੱਚ ਕਾਵਿ-ਸੰਗ੍ਰਹਿ ‘ਦੋ ਸਾਹਾਂ ਵਿਚਕਾਰ’, 2001 ਵਿੱਚ ਕਾਵਿ-ਸੰਗ੍ਰਹਿ ‘ਅਸੀਂ ਨਾਨਕ ਦੇ ਕੀ ਲੱਗਦੇ ਹਾਂ’, 2008 ਵਿੱਚ ਨਿਬੰਧ ਸੰਗ੍ਰਹਿ ‘ਸਿਖੁ ਸੋ ਖੋਜਿ ਲਹੈ’, 2010 ਵਿੱਚ ਕਾਵਿ-ਸੰਗ੍ਰਹਿ ‘ਇਹ ਬੰਦਾ ਕੀ ਹੁੰਦਾ’ ਅਤੇ 2015 ਵਿੱਚ ‘ਮੈਨੂੰ ਇਓਂ ਲੱਗਿਆ’ ਪ੍ਰਕਾਸ਼ਿਤ ਕਰਵਾਏ।
ਆਰਟ ਕੌਂਸਲ ਦੇ ਚੇਅਰਮੈਨ ਬਣਨ ਵਾਲੇ ਸਵਰਨਜੀਤ ਸਵੀ ਦਾ ਜਨਮ 20 ਅਕਤੂਬਰ, 1958 ਵਿੱਚ ਹੋਇਆ। ਉਹ ਇੱਕ ਪੰਜਾਬੀ ਕਵੀ ਅਤੇ ਚਿੱਤਰਕਾਰ ਹੈ। ਸਵੀ ਨੂੰ ਸਾਲ 2023 ਵਿੱਚ ਆਪਣੇ ਕਾਵਿ-ਸੰਗ੍ਰਹਿ ‘ਮਨ ਦੀ ਚਿੱਪ’ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ।
ਉਨ੍ਹਾਂ ਕਾਵਿ-ਸੰਗ੍ਰਹਿ ‘ਦਾਇਰਿਆਂ ਦੀ ਕਬਰ ’ਚੋਂ’ (1985), ਅਵੱਗਿਆ, ਦਰਦ ਪਿਆਦੇ ਹੋਣ ਦਾ, ਦੇਹੀ ਨਾਦ, ਕਾਲਾ ਹਾਸੀਆ ਤੇ ਸੂਹਾ ਗੁਲਾਬ, ਕਾਮੇਸ਼ਵਰੀ, ਆਸ਼ਰਮ, ਮਾਂ, ਅਵੱਗਿਆ ਤੋਂ ਮਾਂ ਤੱਕ (ਨੌਂ ਪੁਸਤਕਾਂ ਦਾ ਸੈੱਟ) ਅਤੇ ਮੈਂ ਆਇਆ ਬੱਸ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ।