Headlines

ਕੈਲਗਰੀ ਵਿਚ 13ਵਾਂ ਸਲਾਨਾ ਸੋਹਣ ਮਾਨ ਯਾਦਗਾਰੀ ਨਾਟਕ ਮੇਲਾ ਕਰਵਾਇਆ

ਕੈਲਗਰੀ ( ਦਲਵੀਰ ਜੱਲੋਵਾਲੀਆ)-ਬੀਤੇ ਦਿਨ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ 13ਵਾਂ ਸਲਾਨਾ ਸੋਹਣ ਮਾਨ ਯਾਦਗਾਰੀ ਨਾਟਕ ਮੇਲਾ ਕਰਵਾਇਆ ਗਿਆ।  ਮੇਲੇ ਦੀ ਸ਼ੁਰੂਆਤ ਪੰਜਾਬੀ ਮਾਂ ਬੋਲੀ ਦੇ ਅਜ਼ੀਮ ਸ਼ਾਇਰ ਧਰਤੀ ਦੇ ਪੁੱਤ ‘ਸੁਰਜੀਤ ਪਾਤਰ’ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਕੇ ਕੀਤੀ ਗਈ। ਲੋਕ ਕਲਾ ਮੰਚ (ਰਜਿ.) ਮੰਡੀ ਮੁੱਲਾਂਪੁਰ ਦੇ ਨਿਰਦੇਸ਼ਕ ਹਰਕੇਸ਼ ਚੌਧਰੀ ਨੇ ਸੁਰਜੀਤ ਪਾਤਰ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸੁਰਜੀਤ ਪਾਤਰ ਦੀ ਸਮੁੱਚੀ ਕਵਿਤਾ ਮਨੁੱਖੀ ਵੇਦਨਾ-ਸੰਵੇਦਨਾ ਦੀ ਕਵਿਤਾ ਹੈ। ਹਨ੍ਹੇਰਿਆਂ ਨੂੰ ਚੀਰ ਕੇ ਮਨੱੁਖੀ ਸੰਜ਼ੀਦਗੀ ਨੂੰ ਰੌਸ਼ਨ ਕਰਨ ਦੀ ਗੱਲ ਕਰਨ ਵਾਲੀ ਹੈ।ਇਸ ਉਪਰੰਤ ਪਹਿਲੀ ਕੋਰੀਉਗ੍ਰਾਫੀ “ਦੁੱਖ ਪੰਜਾਬ ਦਾ” ਪੇਸ਼ ਕੀਤੀ ਗਈ।ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਾਸਟਰ ਭਜਨ ਸਿੰਘ ਨੇ ਆਏ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਕਿਵੇਂ ਕਾਰਪੋਰੇਟ ਜਗਤ ਦੁਨੀਆਂ ਭਰ ਵਿੱਚ ਕਿਰਤੀਆਂ ਦਾ ਕਚੂੰਬਰ ਕੱਢ ਰਿਹਾ ਹੈ।ਇਸ ਤੋਂ ਉਪਰੰਤ ਕੈਲਗਰੀ ਦੇ ਜੰਮਪਲ ਬੱਚਿਆਂ ਨੇ ਇੱਕ ਸਕਿੱਟ “ਖੇਡ ਖੇਡ ਵਿੱਚ” ਕਮਲਪ੍ਰੀਤ ਪੰਧੇਰ ਦੀ ਨਿਰਦੇਸ਼ਨੲ ਹੇਠ ਪੇਸ਼ ਕੀਤਾ। ਬੱਚਿਆਂ ਦੀ ਇਹ ਪੇਸ਼ਕਾਰੀ ਵੱਡਿਆਂ ਨੂੰ ਸਮਝਾ ਗਈ ਕਿ ਦੇਖਿਓ ਕਿਤੇ ਡਾਲਰਾਂ ਦੀ ਦੌੜ ਵਿੱਚ ਫਸ ਕੇ ਬੱਚਿਆਂ ਰੂਪੀ ਫੁੱਲਾਂ ਨੂੰ ਮੁਰਝਾ ਨਾ ਦਿਉ।

ਇਸਦੇ ਨਾਲ ਹੀ ਅਗਲਾ ਨਾਟਕ ਗੁਰਦਿਆਲ ਸਿੰਘ ਫੁੱਲ ਜੀ ਦੀ ਰਚਨਾ “ਇਹ ਲਹੂ ਕਿਸਦਾ ਹੈ” ਪੇਸ਼ ਕੀਤਾ ਗਿਆ। ਭੰਡਾਂ ਦੀ ਜੋੜੀ ਦੇ ਰੂਪ ਵਿਚ ਉੱਘੇ ਰੇਡੀਓ ਹੋਸਟ ਰਿਸ਼ੀ ਨਾਗਰ ਅਤੇ ਕਮਲਪ੍ਰੀਤ ਪੰਧੇਰ ਦੀ ਜੁਗਲਬੰਦੀ ਨੇ ਲੋਕਾਂ ਨੂੰ ਹਸਾ ਹਸਾ ਕੇ ਲੋਟ-ਪੋਟ ਕਰ ਦਿੱਤਾ। ਅੰਤ ਵਿੱਚ ਇਹ ਨਾਟਕ ਕਿਰਤ ਦੀ ਸਰਦਾਰੀ ਦਾ ਸੰਦੇਸ਼ ਦੇਣ ਵਿੱਚ ਸਫਲ ਰਿਹਾ। ਇਹ ਵੀ ਦੱਸਣ ਵਿਚ ਕਾਮਯਾਬ ਰਿਹਾ ਕਿ ਗੁਰੂ ਨਾਨਕ ਦੇਵ ਜੀ ਭਾਈ ਲਾਲੋਆਂ ਨਾਲ ਖੜ੍ਹੇ ਹਨ।ਇਸ ਉਪਰੰਤ ਦੋ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ ਪਹਿਲੀ ਕਿਤਾਬ “ਕਾਲੇ ਲਿਖ ਨਾ ਲੇਖ” ਕਾਵਿ ਸੰਗ੍ਰਹਿ ਜਸਵੰਤ ਸਿੰਘ ਜਗੈਤ ਜੀ ਦੀ ਰਚਨਾ ਰਿਲੀਜ਼ ਕੀਤੀ ਗਈ ਅਤੇ ਦੂਸਰੀ ਕਿਤਾਬ ਗਦਰ ਲਹਿਰ ਦੇ ਸ਼ਹੀਦ ਬਾਬਾ ਭਾਨ ਸਿੰਘ ਸੁਨੇਤ ਦੀ ਸੰਘਰਸ਼ ਭਰੀ ਜਿੰਦਗੀ ‘ਤੇ ਅਧਾਰਿਤ “ਦਾਸਤਾਨ ਏ ਗਦਰ” ਸ਼ਹੀਦ ਬਾਬਾ ਭਾਨ ਸਿੰਘ ਸੁਨੇਤ ਬਾਰੇ ਸੀ, ਜੋ ਲੇਖਕ ਬਲਬੀਰ ਸਿੰਘ ਲੌਂਗੋਵਾਲ ਵਲੋਂ ਲਿਖੀ ਗਈ ਹੈ। ਇਨ੍ਹਾਂ ਕਿਤਾਬਾਂ ਨੂੰ ਮਾਸਟਰ ਭਜਨ ਸਿੰਘ, ਹਰਚਰਨ ਸਿੰਘ ਪ੍ਰਹਾਰ, ਰਿਸ਼ੀ ਨਾਗਰ, ਕਮਲਪ੍ਰੀਤ ਪੰਧੇਰ, ਗੁਰਸ਼ਰਨ ਢੁੱਡੀਕੇ, ਜਗਮੀਤ ਪੰਧੇਰ, ਗੁਰਨਾਮ ਮਾਨ, ਹਰਕੇਸ਼ ਚੌਧਰੀ ਨੇ ਰਿਲੀਜ਼ ਕੀਤਾ।ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਬਾਨੀ ਪ੍ਰਧਾਨ ਸੋਹਣ ਮਾਨ ਜੀ ਨੂੰ ਸੰਸਥਾ ਵਲੋਂ ਬਾਕਾਇਦਾ ਰੂਪ ਵਿੱਚ ਸ਼ਰਧਾਂਜਲੀ ਭੇਂਟ ਕੀਤੀ ਗਈ। ਮੰਚ ‘ਤੇ ਸੋਹਣ ਮਾਨ ਜੀ ਦੀ ਫੋਟੋ ‘ਤੇ ਫੁੱਲ ਅਰਪਿਤ ਕੀਤੇ। ਇਸ ਮੌਕੇ ‘ਤੇ ਜਸਵਿੰਦਰ ਕੌਰ ਮਾਨ ਪ੍ਰਧਾਨ, ਮਾਸਟਰ ਭਜਨ ਸਿੰਘ, ਕਮਲਪ੍ਰੀਤ ਪੰਧੇਰ, ਹਰਚਰਨ ਸਿੰਘ ਪ੍ਰਹਾਰ, ਰਿਸ਼ੀ ਨਾਗਰ, ਕਮਲ ਸਿੱਧੂ, ਨਵਕਿਰਨ ਢੁੱਡੀਕੇ, ਬਨਦੀਪ ਗਿੱਲ, ਹਰੀਪਾਲ, ਗੋਪਾਲ ਕਾਉਂਕੇ ਨੇ ਸ਼ਰਧਾਂਜਲੀ ਭੇਂਟ ਕੀਤੀ।

ਇਸ ਉਪਰੰਤ ਹਰਪ੍ਰੀਤ ਕੌਰ ਅਤੇ ਸਲੋਨੀ ਗੌਤਮ ਨੇ ਆਪਣੀ ਕਵਿਤਾ ਪੇਸ਼ ਕੀਤੀ। ਕਵਿਤਾ ਵਿੱਚ ਬਹੁਤ ਸੰਵੇਦਨਸ਼ੀਲਤਾ ਨਾਲ ਗੱਲ ਕੀਤੀ ਗਈ। ਸਮਾਗਮ ਦੀ ਅਗਲੀ ਪੇਸ਼ਕਾਰੀ ਨਾਟਕ “ਅੱਲ੍ਹੜ ਉਮਰਾਂ ਘੁੱਪ ਹਨੇਰੇ” ਦੀ ਸੀ। ਨਾਟਕ ਨੇ ਦਰਸ਼ਕਾਂ ਨੂੰ ਜਿੱਥੇ ਹਸਾਇਆ, ਉੱਥੇ ਅੱਲ੍ਹੜ ਉਮਰਾਂ ਵਿਚ ਜਵਾਨ ਪੁੱਤਾਂ ਨੂੰ ਲੱਗੇੇ ਨਸ਼ੇ ਦੇ ਰੋਗ ਨਾਲ ਮੌਤ ਦੇ ਮੂੰਹ ਵਿਚ ਜਾਣ ਦੀ ਦਰਦਨਾਕ ਕਹਾਣੀ ਨੂੰ ਬਿਆਨ ਕੀਤਾ ਗਿਆ। ਹਰ ਦਰਸ਼ਕ ਦੀ ਅੱਖ ਨਮ ਸੀ।ਇਸ ਸਥਿਤੀ ਵਿਚੋਂ ਨਿਕਲਣ ਲਈ ਹਰ ਇੱਕ ਨੂੰ ਯੋਗਦਾਨ ਪਾਉਣਾ ਪੈਣਾ ਹੈ।ਧੀਆਂ ‘ਤੇ ਹੋਰ ਬੋਝ ਲੱਦਣ ਨਾਲ ਸਥਿਤੀ ਨਹੀਂ ਬਦਲਨੀ। ਨਾਟਕ ਦਾ ਲੇਖਕ ਤੇ ਨਿਰਦੇਸ਼ਕ ਹਰਕੇਸ਼ ਚੌਧਰੀ ਆਪਣੀ ਗੱਲ ਕਹਿਣ ਵਿਚ ਪੂਰੀ ਤਰ੍ਹਾਂ ਕਾਮਯਾਬ ਰਿਹਾ। ਇਸ ਮੌਕੇ ‘ਤੇ ਹਰਕੇਸ਼ ਚੌਧਰੀ ਦਾ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਵਲੋਂ ਉਨ੍ਹਾਂ ਦੇ ਯੋਗਦਾਨ ਲਈ ਸਾਰੇ ਕਲਾਕਾਰਾਂ ਵਲੋਂ ਸਨਮਾਨ ਕੀਤਾ ਗਿਆ। ਅੰਤ ਵਿੱਚ ਉੱਘੇ ਰੇਡੀਓ ਹੋਸਟ ਰਿਸ਼ੀ ਨਾਗਰ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ।

ਮਾਸਟਰ ਭਜਨ ਜੀ ਨੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਦੋ ਮਤੇ ਪੇਸ਼ ਕੀਤੇ। ਪਹਿਲਾ ਮਤਾ ਅੱਜ ਦਾ ਇਹ ਇਕੱਠ ਪੱਛਮੀ ਸਾਮਰਾਜੀ ਦੇਸ਼ਾਂ ਦੀ ਮਿਲੀ ਭੁਗਤ ਅਤੇ ਫੌਜੀ ਵਿੱਤੀ ਮੱਦਦ ਨਾਲ ਪਿਛਲੇ ਅੱਠ ਮਹੀਨੇ ਤੋਂ ਗਾਜਾ ਪੱਟੀ ਵਿਚ 37000 ਤੋਂ ਵੱਧ ਫਲਸਤੀਨੀ ਲੋਕਾਂ ਦੀ ਕਰੂਰ ਨਸਲਕੁਸ਼ੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਫਲਸਤੀਨੀ ਸਰਜਮੀਨ ਤੋਂ ਨਜਾਇਜ ਇਜ਼ਰਾਇਲ ਦਾ ਕਬਜਾ ਹਟਾਇਆ ਜਾਵੇ।ਦੂਜਾ ਮਤਾ ਸੀ ਕਿ ਅੱਜ ਦਾ ਇਹ ਇਕੱਠ ਆਲਮੀ ਪੱਧਰ ਤੇ ਮਕਬੂਲ ਲੇਖਕਾ ਅਰੁੰਧਤੀ ਰਾਏ ਵਿਰੁੱਧ ਦਿੱਲੀ ਦੇ ਲੈਫਟੀਨੈਂਟ ਗਵਰਨਰ ਵਲੋਂ ਯੂਏਪੀਏ ਤਹਿਤ ਮੁਕੱਦਮਾ ਚਲਾਏ ਜਾਣ ਦੀ ਮਨਜ਼ੂਰੀ ਦੇਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਦੁਨੀਆਂ ਭਰ ਦੇ ਇਨਸਾਫ ਪਸੰਦ ਲੋਕ ਜਮੂਰੀ ਹੱਕਾਂ ਦੇ ਇਸ ਘਾਣ ਦਾ ਡਟ ਕੇ ਵਿਰੋਧ ਕਰਨਗੇ। ‘ਅਸੀਂ ਐਲਾਨ ਕਰਦੇ ਹਾਂ, ਕਿ ਅਰੁੰਧਤੀ ਰਾਏ ਡਟੇ ਰਹੋ, ਅਸੀਂ ਤੁਹਾਡੇ ਨਾਲ ਹਾਂ। ਅਸੀਂ ਮੰਗ ਕਰਦੇ ਹਾਂ ਕ ਭਾਰਤ ਸਰਕਾਰ ਇਹ ਮੁਕੱਦਮਾਂ ਤੁਰੰਤ ਰੱਦ ਕਰੇ ਅਤੇ ਜੇਲ੍ਹਾਂ ਵਿੱਚ ਡੱਕੇ ਸਾਰੇ ਬੁੱਧੀਜੀਵੀਆਂ, ਹੱਕਾਂ ਦੇ ਪਹਿਰੇਦਾਰਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕਰੇ। ਨਾਅਰਿਆਂ ਦੀ ਗੂੰਜ ਵਿੱਚ ਦੋਵੇਂ ਮਤੇ ਪਾਸ ਕੀਤੇ ਗਏ। ਮਾਸਟਰ ਭਜਨ ਸਿੰਘ ਨੇ ਆਏ ਹੋਏ ਦਰਸ਼ਕਾਂ. ਸਹਿਯੋਗੀ ਸੰਸਥਾ ਅਤੇ ਸਪਾਂਸਰਾਂ ਦਾ ਧੰਨਵਾਦ ਕੀਤਾ।