Headlines

ਐਬਸਫੋਰਡ ਚ ਗਿੱਲ ਰੌਂਤਾ ਦੀ ਪੁਸਤਕ ”ਹੈਲੋ ਮੈਂ ਲਾਹੌਰ ਤੋਂ ਬੋਲਦਾਂ” ਦਾ ਸ਼ਾਨਦਾਰ ਰੀਲੀਜ਼ ਸਮਾਗਮ

ਲੇਖਕ ਨਾਲ ਰੂਬਰੂ ਦੌਰਾਨ ਪੁਸਤਕ ਰਚਨਾ ਤੇ ਸਾਹਿਤਕ ਸਫਰ ਬਾਰੇ ਭਾਵਪੂਰਤ ਗੱਲਬਾਤ- ਸਰਹੱਦਾਂ ਦੇ ਆਰ-ਪਾਰ ਮੁਹੱਬਤੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਸੱਦਾ-

ਐਬਸਫੋਰਡ ( ਦੇ ਪ੍ਰ ਬਿ, ਮਾਂਗਟ)- ਬੀਤੇ ਦਿਨ ਉਘੇ ਗੀਤਕਾਰ  ਗੁਰਵਿੰਦਰ ਸਿੰਘ ਗਿੱਲ ਰੌਂਤ ਦੀ ਸਫਰਨਾਮਾ ਪੁਸਤਕ  ਹੈਲੋ ਮੈਂ ਲਾਹੌਰ ਤੋਂ ਬੋਲਦਾਂ ਦਾ ਰੀਲੀਜ਼ ਸਮਾਗਮ ਅਤੇ ਲੇਖਕ ਦਾ ਰੂਬਰੂ ਪ੍ਰੋਗਰਾਮ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਗਿਆ। ਮਿਸ਼ਨ ਪੰਜ ਆਬ ਕਲਚਰਲ ਕਲੱਬ ਅਤੇ ਗਿੱਲ ਰੌਂਤ ਪ੍ਰੋਡਕਸ਼ਨ ਟੀਮ ਵਲੋਂ ਦੇ ਸਾਂਝੇ ਉਦਮ ਨਾਲ ਮੈਸਕੂਈ ਸੈਨਟੇਨੀਅਲ ਆਡੀਟੋਰੀਅਮ, ਸਿਟੀ ਹਾਲ ਐਬਸਫੋਰਡ ਵਿਖੇ ਕਰਵਾਏ ਗਏ ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਵਾਰਿਸ ਭਰਾ-ਮਨਮੋਹਨ ਵਾਰਿਸ ਤੇ ਕਮਲ ਹੀਰ ਨੇ ਗਿੱਲ ਰੌਤਾ ਨੂੰ ਸਫਰਨਾਮਾ ਪੁਸਤਕ ਲਿਖਣ ਤੇ ਵਧਾਈ ਦਿੱਤੀ ਤੇ ਪਾਠਕਾਂ ਵਲੋਂ ਪੁਸਤਕ ਨੂੰ ਦਿੱਤੇ ਜਾ ਰਹੇ ਹੁੰਗਾਰੇ ਤੇ ਖੁਸ਼ੀ ਪ੍ਰਗਟ ਕੀਤੀ। ਗਾਇਕ ਕੋਰੇਵਾਲ ਮਾਨ ਨੇ ਗਿੱਲ ਰੌਂਤਾ ਨਾਲ ਆਪਣੀ ਦੋਸਤੀ ਅਤੇ ਪੁਸਤਕ ਦੇ ਸਫਰ ਬਾਰੇ ਚਰਚਾ ਕੀਤੀ ਤੇ ਖੁਸ਼ੀ ਪ੍ਰਗਟ ਕੀਤੀ ਕਿ ਉਸਦਾ ਮਿੱਤਰ ਇਕ ਵਧੀਆ ਤੇ ਪ੍ਰੇਰਨਾਦਾਇਕ ਪੁਸਤਕ ਲਿਖਣ ਵਿਚ ਸਫਲ ਰਿਹਾ ਹੈ।  ਗੀਤਕਾਰ ਤੇ ਕਲਾਕਾਰ ਰਾਜ ਕਾਕੜਾ, ਰੇਡੀਓ ਹੋਸਟ ਸ਼ਹਿਜ਼ਾਦ ਖਾਨ ਤੇ ਉਘੇ ਗਜ਼ਲ ਗਾਇਕ ਜੀ ਐਸ ਪੀਟਰ ਨੇ ਪੁਸਤਕ ਬਾਰੇ ਚਰਚਾ ਕੀਤੀ ਤੇ ਗਿੱਲ ਰੌਤਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਜੀ ਐਸ ਪੀਟਰ ਨੇ ਇਕ ਗਜ਼ਲ ਗਾਕੇ ਮਾਹੌਲ ਨੂੰ ਸਾਹਿਤਕ ਰੰਗ ਵਿਚ ਰੰਗ ਦਿੱਤਾ। ਮੰਚ ਸੰਚਾਲਕ ਜੋੜੀ ਜਸ਼ਨ  ਬਰਾੜ ਤੇ ਜਸਕਰਨ ਬੈਨੀਪਾਲ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਮੰਚ ਦੀ ਕਾਰਵਾਈ ਚਲਾਈ। ਉਘੀ ਰੇਡੀਓ ਹੋਸਟ ਜੈਸਮੀਨ ਸਿੰਘ ਵਲੋਂ ਪੁਸਤਕ ਲੇਖਕ ਗਿੱਲ ਰੌਂਤਾ ਨਾਲ ਰੂਬਰੂ ਦੌਰਾਨ ਪੁਸਤਕ ਰਚਨਾ, ਪਾਕਿਸਤਾਨੀ ਸਫਰ ਦੇ ਅਨੁਭਵ, ਪੰਜਾਬੀ ਪਾਠਕਾਂ ਨੂੰ ਸੁਨੇਹਾ ਅਤੇ ਹੋਰ ਕਈ ਸਵਾਲਾਂ ਰਾਹੀਂ ਸਰੋਤਿਆਂ ਦੀ ਸਾਂਝ ਪੁਆਈ। ਇਸ ਮੌਕੇ ਸਰੋਤਿਆਂ ਵਿਚ ਸ਼ਾਮਿਲ ਬਸੰਤ ਮੋਟਰਜ਼ ਦੇ ਸ ਬਲਦੇਵ ਸਿੰਘ ਬਾਠ, ਮੀਰਾ ਗਿੱਲ, ਜਰਨੈਲ ਖੰਡੋਲੀ ਤੇ ਕੁਝ ਹੋਰ ਚੋਣਵੇਂ ਲੋਕਾਂ ਨੇ ਪੁਸਤਕ ਪ੍ਰਤੀ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਲੇਖਕ ਨੂੰ ਸਵਾਲ ਵੀ ਕੀਤੇ ਜਿਹਨਾਂ ਦੇ ਉਹਨਾਂ ਨੇ ਬਾਖੂਬੀ ਜਵਾਬ ਦਿੱਤੇ। ਗਿੱਲ ਰੌਤਾ ਨੇ ਆਪਣੇ ਬੁੱਕ ਟੂਰ ਦੌਰਾਨ ਪਾਠਕਾਂ ਤੇ ਪੰਜਾਬੀ ਪਿਆਰਿਆਂ ਵਲੋਂ ਦਿੱਤੇ ਜਾ ਰਹੇ ਭਰਵੇਂ ਹੁੰਗਾਰੇ ਲਈ ਧੰਨਵਾਦ ਕੀਤਾ ਤੇ ਖੁਸ਼ੀ ਪ੍ਰਗਟ ਕੀਤੀ ਕਿ ਪੰਜਾਬੀਆਂ ਨੇ ਉਸਦੀ ਪੁਸਤਕ ਦੀ ਖਰੀਦ ਦੇ ਨਾਲ ਵੱਡਾ ਹੁੰਗਾਰਾ ਦਿੰਦਿਆਂ ਇਹ ਉਲਾਂਭਾ ਉਤਾਰ ਦਿੱਤਾ ਹੈ ਕਿ ਪੰਜਾਬੀ ਪੁਸਤਕਾਂ ਦੀ ਖਰੀਦ ਨਹੀ ਕਰਦੇ ਜਾਂ ਪੜਦੇ ਨਹੀਂ। ਜ਼ਿਕਰਯੋਗ ਹੈ ਕਿ ਉਹਨਾਂ ਦੀ ਟੀਮ ਵਲੋਂ ਬੁੱਕ ਟੂਰ ਤਹਿਤ ਉਲੀਕੇ ਗਏ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਣ ਵਾਲੇ ਪਾਠਕਾਂ ਸਰੋਤਿਆਂ ਲਈ ਟਿਕਟ ਰੱਖੀ ਗਈ ਹੈ ਜਿਸਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਆਪਣੇ ਆਪ ਵਿਚ ਇਕ ਵੱਖਰੀ ਮਿਸਾਲ ਹੈ। ਪ੍ਰੋਗਰਾਮ ਦੇ ਅਖੀਰ ਵਿਚ ਹਾਜਰੀਨ ਸ਼ਖਸੀਅਤਾਂ ਵਲੋਂ ਪੁਸਤਕ ਰੀਲੀਜ਼ ਕੀਤੀ ਗਈ। ਪ੍ਰਬੰਧਕਾਂ ਵਲੋਂ ਸਪਾਂਸਰਾਂ ਅਤੇ ਮੀਡੀਆ ਸਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਮਿਸ਼ਨ ਪੰਜ ਆਬ ਕਲਚਰਲ ਕਲੱਬ ਦੀ ਤਰਫੋਂ ਸਮਰਪਾਲ ਬਰਾੜ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।