ਡਿਪਟੀ ਪ੍ਰਧਾਨ ਮੰਤਰੀ ਵਲੋਂ ਸਰੀ ਵਿਚ ਪੰਜਾਬੀ ਪ੍ਰੈਸ ਕਲੱਬ ਨਾਲ ਮਿਲਣੀ-
ਸਰੀ ( ਦੇ ਪ੍ਰ ਬਿ)-ਬੀਤੇ ਵੀਰਵਾਰ ਨੂੰ ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਪੰਜਾਬੀ ਪ੍ਰੈਸ ਕਲੱਬ ਨਾਲ ਇਕ ਮਿਲਣੀ ਦੌਰਾਨ ਕੈਨੇਡੀਅਨ ਬਜਟ, ਟੈਕਸ ਛੋਟਾਂ ਅਤੇ ਅਤਿ ਦੀ ਮਹਿੰਗਾਈ ਦੌਰਾਨ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਟਰੂਡੋ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਅਤੇ ਆਰਥਿਕ ਵਿਕਾਸ ਦਰ ਵਿਚ ਤੇਜ਼ੀ ਦੇ ਨਾਲ ਘਰਾਂ ਦੀ ਸਮੱਸਿਆ, ਸਿਹਤ ਸਹੂਲਤਾਂ ਅਤੇ ਹੋਰ ਮੁਸ਼ਕਲਾਂ ਬਾਰੇ ਚਰਚਾ ਕੀਤੀ। ਬਜਟ ਵਿਚ ਕੈਪੀਟਲ ਗੇਨ ਟੈਕਸ ਬਾਰੇ ਪਾਈਆਂ ਜਾ ਰਹੀਆਂ ਗਲਤ ਫਹਿਮੀਆਂ ਬਾਰੇ ਦੱਸਿਆ। ਉਹਨਾਂ ਕਿਹਾ ਕਿ ਟਰੂਡੋ ਸਰਕਾਰ ਵਲੋਂ ਲਿਆਂਦੇ ਗਏ ਬਜਟ ਵਿਚ ਲੋਕਾਂ ਨੂੰ ਅਤਿ ਦੀ ਮਹਿੰਗਾਈ ਤੋਂ ਰਾਹਤ ਦੇ ਨਾਲ ਸਿਹਤ ਸਹੂਲਤਾਂ ਨੂੰ ਬੇਹਤਰ ਬਣਾਉਣ ਤੇ ਅਫੋਰਡੇਬਿਲਟੀ ਵਧਾਉਣ ਲਈ ਕਈ ਕਦਮ ਉਠਾਏ ਗਏ ਹਨ। ਇਸ ਮੌਕੇ ਉਹਨਾਂ ਪੱਤਰਕਾਰਾਂ ਵਲੋਂ ਉਠਾਏ ਗਏ ਵੱਖ-ਵੱਖ ਸਵਾਲਾਂ ਜਿਹਨਾਂ ਵਿਚ ਇਮੀਗ੍ਰੇਸ਼ਨ ਪ੍ਰਤੀ ਅਸਾਵੀਂ ਪਹੁੰਚ, ਮਹਿੰਗਾਈ, ਚਾਈਲਡ ਕੇਅਰ, ਫਾਰਮਾਕੇਅਰ ਅਤੇ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਸਥਿਤੀ ਦੇ ਜਿਊਂ ਦਾ ਤਿਊਂ ਰਹਿਣ ਬਾਰੇ ਉਹਨਾਂ ਸਰਕਾਰ ਦਾ ਪੱਖ ਸਪੱਸ਼ਟ ਕੀਤਾ। ਉਹਨਾਂ ਸਿਹਤ ਸਹੂਲਤਾਂ ਵਿਚ ਵੱਡੀ ਪ੍ਰੇਸ਼ਾਨੀ ਦੇ ਜਵਾਬ ਵਿਚ ਕਿਹਾ ਕਿ ਸਰਕਾਰ ਨੇ ਫਾਰਮਾਕੇਅਰ ਬਾਰੇ ਬਿਲ ਪਾਸ ਕਰਕੇ ਸਿਹਤ ਸਹੂਲਤਾਂ ਨੂੰ ਬੇਹਤਰ ਬਣਾਉਣ ਲਈ ਠੋਸ ਕਦਮ ਉਠਾਏ ਹਨ। ਡੈਂਟਲ ਕੇਅਰ ਸਹੂਲਤ ਵਿਚ ਲੋਕਾਂ ਨੂੰ ਪੜਾਅਵਾਰ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਮੌਕੇ ਇਕ ਪੱਤਰਕਾਰ ਵਲੋਂ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਨੂੰ ਹਾਊਸ ਆਫ ਕਾਮਨਜ਼ ਵਿਚ ਸ਼ਰਧਾਂਜਲੀ ਦਿੱਤੇ ਜਾਣ ਅਤੇ ਇਸਤੋਂ ਪਹਿਲਾਂ ਉਸ ਨੂੰ ਭਾਰਤ ਸਰਕਾਰ ਦੇ ਦਬਾਅ ਹੇਠ ਨੋ ਫਲਾਈ ਜ਼ੋਨ ਵਿਚ ਸ਼ਾਮਿਲ ਕਰਨ ਅਤੇ ਬੈਂਕ ਅਕਾਉਂਟਸ ਫਰੀਜ ਕੀਤੇ ਜਾਣ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਕੈਨੇਡੀਅਨ ਧਰਤੀ ਉਪਰ ਇਕ ਕੈਨੇਡੀਅਨ ਦਾ ਕਤਲ ਬਹੁਤ ਹੀ ਨਿੰਦਣਯੋਗ ਤੇ ਅਸਹਿਣਯੋਗ ਹੈ। ਸਰਕਾਰ ਹਰ ਕੈਨੇਡੀਅਨ ਸ਼ਹਿਰੀ ਦੀ ਸੁਰੱਖਿਆ ਪ੍ਰਤੀ ਵਚਨਬੱਧ ਹੈ। ਨਿੱਝਰ ਨੂੰ ਹਾਉਸ ਆਫ ਕਾਮਨਜ ਵਿਚ ਦਿੱਤੀ ਗਈ ਸ਼ਰਧਾਂਜਲੀ ਇਕ ਕੈਨੇਡੀਅਨ ਸ਼ਹਿਰੀ ਵਜੋਂ ਸਤਿਕਾਰ ਦਿੱਤਾ ਗਿਆ ਹੈ। ਇਹ ਕਦਮ ਕੋਈ ਸੌਖਾ ਨਹੀ ਸੀ ਪਰ ਇਹ ਟਰੂਡੋ ਸਰਕਾਰ ਦਾ ਬਹਾਦਰੀ ਵਾਲਾ ਕਦਮ ਹੈ। ਉਹਨਾਂ ਹੋਰ ਕਿਹਾ ਕਿ ਕੈਨੇਡੀਅਨ ਸਿਆਸਤ ਵਿਚ ਵਿਦੇਸ਼ੀ ਤਾਕਤਾਂ ਦਾ ਦਖਲ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਉਹਨਾਂ ਦੱਸਿਆ ਕਿ ਲਿਬਰਲ ਐਮ ਪੀ ਰਣਦੀਪ ਸਰਾਏ ਤੇ ਸੁਖ ਧਾਲੀਵਾਲ ਨੇ ਇਸ ਮੁੱਦੇ ਉਪਰ ਲਗਾਤਾਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਾਲ ਸੰਪਰਕ ਰੱਖਿਆ ਹੈ ਤੇ ਸਾਨੂੰ ਕਮਿਊਨਿਟੀ ਦੀ ਚਿੰਤਾ ਤੋਂ ਜਾਣੂ ਕਰਵਾਇਆ ਹੈ। ਸਾਡਾ ਇਹ ਮੰਨਣਾ ਹੈ ਕਿ ਹਰ ਕੈਨੇਡੀਅਨ ਨੂੰ ਕੈਨੇਡਾ ਵਰਗੇ ਮੁਲਕ ਵਿਚ ਸੁਰੱਖਿਅਤ ਹੋਣ ਦਾ ਅਹਿਸਾਸ ਹੋਣਾ ਵਧੇਰੇ ਮਹੱਤਵਪੂਰਣ ਹੈ।
ਇਸ ਮੌਕੇ ਸਰੀ ਸੈਂਟਰ ਤੋਂ ਐਮ ਪੀ ਤੇ ਪਾਰਲੀਮਾਨੀ ਸੈਕਟਰੀ ਰਣਦੀਪ ਸਿੰਘ ਸਰਾਏ ਤੇ ਰਿਚਮੰਡ ਤੋਂ ਐਮ ਪੀ ਪਰਮ ਬੈਂਸ ਵੀ ਹਾਜ਼ਰ ਸਨ ਜਿਹਨਾਂ ਨੇ ਸਰਕਾਰ ਦੀ ਤਰਫੋਂ ਡਿਪਟੀ ਪ੍ਰਧਾਨ ਮੰਤਰੀ ਵਲੋਂ ਪ੍ਰਗਟਾਏ ਗਏ ਵਿਚਾਰਾਂ ਦਾ ਸਮਰਥਨ ਕੀਤਾ।