Headlines

ਟੋਰਾਂਟੋ-ਸੇਂਟ ਪੌਲ ਜਿਮਨੀ ਚੋਣ ਵਿਚ ਕੰਸਰਵੇਟਿਵ ਪਾਰਟੀ ਜੇਤੂ

ਤਿੰਨ ਦਹਾਕੇ ਤੋਂ ਪੁਰਾਣਾ ਲਿਬਰਲ ਦਾ ਕਬਜ਼ਾ ਤੋੜਿਆ-

ਓਟਵਾ ( ਦੇ ਪ੍ਰ ਬਿ)- ਟੋਰਾਂਟੋ-ਸੇਂਟ ਪੌਲ ਦੀ ਜਿਮਨੀ ਚੋਣ ਵਿਚ ਸੱਤਾਧਾਰੀ ਲਿਬਰਲ ਪਾਰਟੀ ਨੂੰ ਕੰਸਰਵੇਟਿਵ ਹੱਥੋ ਹਾਰ ਦਾ ਸਾਹਮਣਾ ਕਰਨਾ ਪਿਆ। ਬੀਤੀ ਦੇਰ ਸ਼ਾਮ ਆਏ ਨਤੀਜਿਆਂ ਵਿਚ ਕੰਸਰਵੇਟਿਵ ਉਮੀਦਵਾਰ ਡੌਨ ਸਟੀਵਰਟ ਨੇ ਲਿਬਰਲ ਉਮੀਦਵਾਰ ਲੈਸਲੀ ਚਰਚ ਨੂੰ 590 ਵੋਟਾਂ ਨਾਲ ਹਰਾ ਦਿੱਤਾ। ਸਟੀਵਰਟ ਨੂੰ 42.1 ਪ੍ਰਤੀਸ਼ਤ ਵੋਟਾਂ ਮਿਲੀਆਂ ਜਦੋਂਕਿ ਚਰਚ ਨੂੰ 40.5 ਪ੍ਰਤੀਸ਼ਤ ਅਤੇ ਐਨ ਡੀ ਪੀ ਉਮੀਦਵਾਰ ਅੰਮ੍ਰਿਤ ਪਰਿਹਾਰ ਨੂੰ 10.9 ਪ੍ਰਤੀਸ਼ਤ ਵੋਟਾਂ ਮਿਲੀਆਂ।

ਇਸ ਸੀਟ ਉਪਰ ਲਿਬਰਲ ਪਾਰਟੀ ਕੋਲ 1997 ਤੋਂ ਸੀ। ਜਿਮਨੀ ਚੋਣ ਦੀ ਮੁਹਿੰਮ ਦੌਰਾਨ ਕੰਸਰਵੇਟਿਵ ਪਾਰਟੀ ਨੇ ਇਹ ਦਾਅਵਾ ਨਹੀ ਸੀ ਕੀਤਾ ਕਿ ਉਹ ਲੰਬੇ ਸਮੇਂ ਤੋਂ ਲਿਬਰਲ ਪਾਰਟੀ ਦੇ ਕਬਜ਼ੇ ਵਾਲੀ ਸੀਟ ਖੋਹ ਲਵੇਗੀ। ਪਰ ਚੋਣ ਨਤੀਜੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਲਿਬਰਲ ਪਾਰਟੀ ਨੇ ਇਸ ਸੀਟ ਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਲਈ ਪੂਰਾ ਟਿਲ ਲਗਾ ਰੱਖਿਆ ਸੀ। ਇਸ ਚੋਣ ਵਿਚ ਹਾਰ ਨੇ ਲਿਬਰਲ ਪਾਰਟੀ ਲਈ ਅਗਲੀਆਂ ਆਮ ਚੋਣਾਂ ਨੂੰ ਹੋਰ ਵੀ ਚੁਣੌਤੀਪੂਰਣ ਬਣਾ ਦਿੱਤਾ ਹੈ।

ਇਥੇੇ ਇਹ ਵੀ ਜ਼ਿਕਰਯੋਗ ਹੈ ਕਿ ਲਿਬਰਲ ਪਾਰਟੀ ਨੂੰ ਇਸ ਸੀਟ ਤੋਂ ਹਾਰ ਦੀ ਬਿਲਕੁਲ ਉਮੀਦ ਨਹੀ ਸੀ। ਦੁਪਹਿਰ ਵੇਲੇ ਪਾਰਟੀ ਪ੍ਰਧਾਨ ਸਚਿਤ ਮਹਿਰਾ ਨੇ ਲੈਸਲੀ ਚਰਚ ਨੂੰ ਅਗਲਾ ਐਮ ਪੀ ਦਸਦਿਆਂ ਉਸਦਾ ਸਵਾਗਤ ਕੀਤਾ ਸੀ ਪਰ ਸ਼ਾਮ ਨੂੰ ਆਏ ਨਤੀਜੇ ਨੇ ਸਭ ਨੂੰ ਨਮੋਸ਼ੀ ਭਰੀ ਹੈਰਾਨੀ ਨਾਲ ਭਰ ਦਿੱਤਾ।

ਇਸ ਸੀਟ ਤੋਂ ਲਿਬਰਲ ਪਾਰਟੀ ਦੀ ਹਾਰ ਨੂੰ ਅਗਲੀਆਂ ਆਮ ਚੋਣਾਂ ਲਈ ਰਾਇਸ਼ੁਮਾਰੀ ਵਾਂਗ ਵੇਖਿਆ ਜਾ ਰਿਹਾ ਹੈ। ਇਹ ਸੀਟ ਸਾਬਕਾ ਲਿਬਰਲ ਮੰਤਰੀ ਕੈਰੋਲਿਨ ਬੈਨਟ ਵਲੋਂ ਅਸਤੀਫਾ ਦੇਣ ਕਾਰਣ ਖਾਲੀ ਹੋਈ ਸੀ। ਕੈਰੋਲਿਨ ਇਸ ਸਮੇਂ ਡੈਨਮਾਰਕ ਵਿਚ ਕੈਨੇਡਾ ਦੀ ਰਾਜਦੂਤ ਹੈ।