ਜਾਰਜਟਾਊਨ, 26 ਜੂਨ
ਹਮਲਾਵਰ ਬੱਲੇਬਾਜ਼ੀ ਰਵੱਈਏ ਨਾਲ ਭਾਰਤ ਵੀਰਵਾਰ ਨੂੰ ਇੱਥੇ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਮੌਜੂਦਾ ਚੈਂਪੀਅਨ ਇੰਗਲੈਂਡ ਨਾਲ ਭਿੜੇਗਾ ਤਾਂ ਨਾਕਆਊਟ ਗੇੜ ਵਿੱਚ ਆਪਣੀ ਦਹਾਕੇ ਤੋਂ ਚੱਲੇ ਆ ਰਹੇ ਹਾਰ ਸਿਲਸਿਲੇ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ। ਪਿਛਲੀ ਵਾਰ ਜਦੋਂ ਇਹ ਦੋਵੇਂ ਟੀਮਾਂ ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਆਹਮੋ-ਸਾਹਮਣੇ ਹੋਈਆਂ ਸਨ, ਇੰਗਲੈਂਡ ਨੇ 2022 ਵਿੱਚ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਇਸ ਮੁਕਾਬਲੇ ਵਿੱਚ ਭਾਰਤ ਹਾਲੇ ਤੱਕ ਅਜੇਤੂ ਹੈ। ਪ੍ਰੋਵਿਡੈਂਸ ਸਟੇਡੀਅਮ ਦੇ ਸੰਭਾਵਤ ਹਾਲਾਤ ਨੂੰ ਦੇਖਦੇ ਹੋਏ ਰੋਹਿਤ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਮਜ਼ਬੂਤ ਨਜ਼ਰ ਆ ਰਹੀ ਹੈ ਤੇ ਬਦਲਾ ਲੈਣ ਲਈ ਤਿਆਰ ਲੱਗ ਰਹੀ ਹੈ।