ਨਵੀਂ ਦਿੱਲੀ/ਭੋਪਾਲ, 25 ਜੂਨ
ਪ੍ਰਧਾਨ ਮੰਤਰੀ ਨਰਿੰਦਰ ਨੇ ਅੱਜ ਕਾਂਗਰਸ ’ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਐਮਰਜੈਂਸੀ ਲਾਉਣ ਵਾਲਿਆਂ ਨੂੰ ਸੰਵਿਧਾਨ ਪ੍ਰਤੀ ਮੋਹ ਜਤਾਉਣ ਦਾ ਕੋਈ ਹੱਕ ਨਹੀਂ ਹੈ। ਐਮਰਜੈਂਸੀ ਲਾਏ ਜਾਣ ਦੀ 49ਵੀਂ ਬਰਸੀ ਸਬੰਧੀ ਕਰਵਾਏ ਇੱਕ ਪ੍ਰੋਗਰਾਮ ਦੌਰਾਨ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਕਾਂਗਰਸ ’ਤੇ ਤਿੱਖੇ ਹਮਲੇ ਕੀਤੇ ਗਏ ਅਤੇ ਦੋ ਮੁੱਖ ਮੰਤਰੀਆਂ ਨੇ ਵਿਰੋਧੀ ਧਿਰ ਨੂੰ ਦੇਸ਼ਵਾਸੀਆਂ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ। ਮੋਦੀ ਨੇ ‘ਐਕਸ’ ਉੱਤੇ ਕਿਹਾ ਕਿ ਐਮਰਜੈਂਸੀ ਦੇ ਕਾਲੇ ਦਿਨ ਇਸ ਗੱਲ ਦੀ ਯਾਦ ਦਿਵਾਉਂਦੇ ਹਨ ਕਿ ਕਾਂਗਰਸ ਵੱਲੋਂ ਕਿਵੇਂ ਬੁਨਿਆਦੀ ਆਜ਼ਾਦੀਆਂ ਨੂੰ ਖ਼ਤਮ ਕੀਤਾ ਗਿਆ ਅਤੇ ਹਰੇਕ ਭਾਰਤੀ ਦੇ ਸਤਿਕਾਰਿਤ ਸੰਵਿਧਾਨ ਨੂੰ ਕੁਚਲਿਆ ਗਿਆ। ਜ਼ਿਕਰਯੋਗ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 25 ਜੂਨ 1975 ਨੂੰ ਦੇਸ਼ ਵਿੱਚ ਐਮਰਜੈਂਸੀ ਲਾ ਦਿੱਤੀ ਸੀ ਜੋ 21 ਮਾਰਚ 1977 ਨੂੰ ਹਟਾਈ ਗਈ ਸੀ। ਐਮਰਜੈਂਸੀ ਦੌਰਾਨ ਸ਼ਹਿਰੀ ਆਜ਼ਾਦੀਆਂ ਦੇ ਅਧਿਕਾਰ ਖ਼ਤਮ ਕੀਤੇ ਗਏ, ਵਿਰੋਧੀ ਧਿਰ ਦੇ ਆਗੂ ਜੇਲ੍ਹਾਂ ਵਿੱਚ ਸੁੱਟੇ ਗਏ ਅਤੇ ਪ੍ਰੈੱਸ ’ਤੇ ਸੈਂਸਰਸ਼ਿਪ ਲਾ ਦਿੱਤੀ ਗਈ ਸੀ। ਕਾਂਗਰਸ ’ਤੇ ਲਗਾਤਾਰ ਹਮਲਾ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਨੇ ਇੱਕ ਪਰਿਵਾਰ ਨੂੰ ਸੱਤਾ ਵਿੱਚ ਬਰਕਰਾਰ ਰੱਖਣ ਲਈ ਕਈ ਵਾਰ ਸੰਵਿਧਾਨ ਦੀ ਆਤਮਾ ਨੂੰ ਕੁਚਲਿਆ ਹੈ।
ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀਆਂ ਕ੍ਰਮਵਾਰ ਮੋਹਨ ਯਾਦਵ ਅਤੇ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਦੇਸ਼ ਕਾਂਗਰਸ ਨੂੰ ਕਦੇ ਮੁਆਫ਼ੀ ਨਹੀਂ ਕਰੇਗਾ ਅਤੇ ਉਸ ਨੂੰ ਇਸ ਸਬੰਧੀ ਮੁਆਫ਼ੀ ਮੰਗਣੀ ਚਾਹੀਦੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਐਮਰਜੈਂਸੀ ਭਾਰਤੀ ਜਮਹੂਰੀਅਤ ਦੇ ਇਤਿਹਾਸ ਵਿੱਚ ਇੱਕ ਕਾਲਾ ਅਧਿਆਇ ਹੈ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਸੰਵਿਧਾਨ ਦਾ ਅਪਮਾਨ ਕਰਨ ਵਾਲੇ ਖੁਦ ਸੰਵਿਧਾਨ ਦੇ ਰਖਵਾਲੇ ਐਲਾਨ ਰਹੇ ਹਨ।
ਖ਼ਾਮੀਆਂ ਛੁਪਾਉਣ ਲਈ ਅਤੀਤ ਨੂੰ ਫਰੋਲ ਰਹੇ ਨੇ ਮੋਦੀ: ਖੜਗੇ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਐਮਰਜੈਂਸੀ ਸਬੰਧੀ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਪਲਟਵਾਰ ਕਰਦਿਆਂ ਅੱਜ ਦੋਸ਼ ਲਾਇਆ ਕਿ ਮੋਦੀ ਆਪਣੀਆਂ ਖ਼ਾਮੀਆਂ ਨੂੰ ਛੁਪਾਉਣ ਲਈ ਅਤੀਤ ਨੂੰ ਫਰੋਲਦੇ ਰਹਿੰਦੇ ਹਨ, ਜਦਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਦਸ ਸਾਲ ਤੋਂ ‘ਅਣਐਲਾਨੀ ਐਮਰਜੈਂਸੀ’ ਨੇ ਲੋਕਤੰਤਰ ਤੇ ਸੰਵਿਧਾਨ ਨੂੰ ਡੂੰਘਾ ਸਦਮਾ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਲੋਕਤੰਤਰ ਤੇ ਸੰਵਿਧਾਨ ਦਾ ਸਾਥ ਦਿੱਤਾ ਹੈ ਤੇ ਦਿੰਦੀ ਰਹੇਗੀ। ਖੜਗੇ ਨੇ ‘ਐਕਸ’ ’ਤੇ ਕਿਹਾ, ‘‘ਨਰਿੰਦਰ ਮੋਦੀ ਜੀ, ਦੇਸ਼ ਭਵਿੱਖ ਵੱਲ ਦੇਖ ਰਿਹਾ ਹੈ, ਤੁਸੀਂ ਆਪਣੀਆਂ ਕਮੀਆਂ ਛੁਪਾਉਣ ਲਈ ਅਤੀਤ ਨੂੰ ਹੀ ਫਰੋਲਦੇ ਰਹਿੰਦੇ ਹੋ। ਪਿਛਲੇ ਦਸ ਸਾਲਾਂ ਵਿੱਚ 140 ਕਰੋੜ ਭਾਰਤੀ ਨਾਗਰਿਕਾਂ ਨੂੰ ਤੁਸੀਂ ਜਿਸ ‘ਅਣਐਲਾਨੀ ਐਮਰਜੈਂਸੀ’ ਦਾ ਅਹਿਸਾਸ ਕਰਵਾਇਆ ਹੈ, ਉਸ ਨੇ ਲੋਕਤੰਤਰ ਤੇ ਸੰਵਿਧਾਨ ਨੂੰ ਡੂੰਘਾ ਸਦਮਾ ਪਹੁੰਚਾਇਆ ਹੈ।’’ ਕਾਂਗਰਸ ਦੇ ਸੀਨੀਅਰ ਆਗੂ ਚਿਦੰਬਰਮ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੇ 18ਵੀਂ ਲੋਕ ਸਭਾ ਲਈ ਇਸ ਢੰਗ ਨਾਲ ਵੋਟਿੰਗ ਕੀਤੀ ਹੈ ਕਿ ਕੋਈ ਵੀ ਸ਼ਾਸਕ ਸੰਵਿਧਾਨ ਦੇ ਮੂਲ ਢਾਂਚੇ ਨੂੰ ਨਹੀਂ ਬਦਲ ਸਕਦਾ।