ਰੋਮ. ਇਟਲੀ(ਗੁਰਸ਼ਰਨ ਸਿੰਘ ਸੋਨੀ)- ਇਟਲੀ ਵਿੱਚ ਬਿਨ੍ਹਾਂ ਪੇਪਰਾਂ ਦੇ ਕਾਮਿਆਂ ਨਾਲ ਕੰਮਾਂ ਦੇ ਮਾਲਕਾਂ ਵੱਲੋਂ ਹੋ ਰਹੀਆਂ ਵਧੀਕੀਆਂ ਦੇ ਕੌੜੇ ਸੱਚ ਦੀਆਂ ਵਾਰਦਾਤਾਂ ਦਿਨੋ-ਦਿਨ ਵੱਧ ਜ਼ੋਰ ਫੜ੍ਹਦੀਆ ਜਾ ਰਹੀਆਂ ਜਿਹਨਾਂ ਵਿੱਚ ਕਈ ਪੰਜਾਬੀ ਭਾਰਤੀਆਂ ਦੇ ਅਣਕਹੇ ਦੁੱਖਾਂ ਦੀਆਂ ਦਾਸਤਾਨਾਂ ਵੀ ਸ਼ਾਮਿਲ ਹਨ ।ਲਾਸੀਓ ਸੂਬੇ ਵਿੱਚ ਕੰਮ ਦੌਰਾਨ ਘਟੀ ਘਟਨਾ ਨਾਲ ਗੰਭੀਰ ਜਖ਼ਮੀ ਹੋਏ ਤੇ ਕੰਮ ਦੇ ਮਾਲਕ ਦੀ ਅਣਗਹਿਲੀ ਕਾਰਨ ਮਰੇ ਸਤਨਾਮ ਸਿੰਘ ਦੀ ਮੌਤ ਦੇ ਸਦਮੇ ਵਿੱਚੋਂ ਭਾਰਤੀ ਭਾਈਚਾਰਾਂ ਹਾਲੇ ਬਾਹਰ ਨਹੀਂ ਸੀ ਆਇਆ ਕਿ ਇੱਕ ਹੋਰ ਬਿਨ੍ਹਾਂ ਪੇਪਰਾਂ ਦੇ ਪੰਜਾਬੀ ਨੂੰ ਉਸ ਦੇ ਮਾਲਕ ਵੱਲੋਂ ਦਿੱਤੀ ਦਰਦਨਾਕ ਮੌਤ ਦਾ ਮਾਮਲਾ ਸਾਹਮਣ੍ਹੇ ਆਉਣ ਨਾਲ ਇਟਲੀ ਭਰ ਵਿੱਚ ਭਾਰਤੀ ਭਾਈਚਾਰਾ ਇੱਕ ਅਜੀਬ ਤਰ੍ਹਾਂ ਦੀ ਪੀੜ੍ਹ ਵਿੱਚੋ ਪਸੀਜ਼ ਹੋਕੇ ਲੰਘਦਾ ਦਿਖਾਈ ਦੇ ਰਿਹਾ ਹੈ।”ਪ੍ਰੈੱਸ”ਨੂੰ ਦਿੱਤੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਸਿੱਧੂ ਵਾਸੀ ਭੱਟੀਆ(ਫਤਿਹਗੜ੍ਹ ਸਾਹਿਬ)ਨੇ ਕਿਹਾ ਕਿ ਉਹ ਤੇ ਉਸ ਦਾ ਭਰਾ ਰਾਜਬਿੰਦਰ ਸਿੰਘ ਸਿੱਧੂ(38)2 ਪਹਿਲਾਂ ਹੀ 9 ਮਹੀਨੇ ਵਾਲੇ ਪੇਪਰਾਂ ਉਪੱਰ 11 ਲੱਖ ਕਰਜ਼ਾ ਚੁੱਕ ਇਟਲੀ ਆਇਆ ਸੀ ਪਰ ਇੱਥੇ ਉਸ ਨੂੰ ਪੇਪਰ ਨਹੀਂ ਮਿਲ ਸਕੇ ਤੇ ਰਾਜਬਿੰਦਰ ਸਿੰਘ ਬਿਨ੍ਹਾਂ ਪੇਪਰਾਂ ਹੀ ਪੂਲੀਆ ਸੂਬੇ ਦੇ ਜਿ਼ਲ੍ਹਾ ਤਰਾਨਤੋ ਵਿੱਚ ਇੱਕ ਇਟਾਲੀਅਨ ਮਾਲਕ ਗਿਆਨਕੋ ਜਿਓਵਾਨੀ ਦੇ ਫਾਰਮ ਹਾਊਸ ਵਿੱਚ ਕੰਮ ਸੀ ਕਿ ਬੀਤੀ 25 ਮਈ 2024 ਨੂੰ ਰਾਤ ਦੇ ਕਰੀਬ 8 ਵਜੇਂ ਉਸ ਦੇ ਭਰਾ ਰਾਜਬਿੰਦਰ ਸਿੰਘ ਦੇ ਕੰਮ ਕਰਦੇ ਸਮੇਂ ਸਿਰ ਵਿੱਚ ਡੂੰਘੀ ਸੱਟ ਵੱਜੀ ਤੇ ਉਹ ਬੇਹੋਸ਼ ਹੋ ਗਿਆ।ਇਹ ਘਟਨਾ ਉਸ ਦੇ ਮਾਲਕ ਗਿਆਨਕੋ ਜਿਓਵਾਨੀ ਨੇ ਅੱਖੀ ਦੇਖੀਂ ।ਮਾਲਕ ਨੇ ਆਪਣੇ ਮੁੰਡੇ ਨੂੰ ਨਾਲ ਲੈ ਜਖ਼ਮੀ ਹੋਏ ਰਾਜਬਿੰਦਰ ਸਿੰਘ ਨੂੰ ਬੇਹੋਸ਼ੀ ਦਾ ਹਾਲਤ ਵਿੱਚ ਆਪਣੀ ਗੱਡੀ ਵਿੱਚ ਪਾ ਦਿੱਤਾ ਤੇ ਗੱਡੀ ਨੂੰ ਬੰਦ ਕਰ ਦਿੱਤੀ।ਦੂਜੇ ਕਾਮਿਆਂ ਨੇ ਜਦੋਂ ਗਿਆਨਕੋ ਜਿਓਵਾਨੀ ਨੂੰ ਰਾਜਬਿੰਦਰ ਸਿੰਘ ਦੇ ਨਾ ਦਿਸਣ ਬਾਰੇ ਕਿਹਾ ਤਾਂ ਉਹ ਜਾਣਬੁੱਝ ਕੇ ਰਾਜਬਿੰਦਰ ਸਿੰਘ ਨੂੰ ਲੱਭਣ ਦਾ ਡਰਾਮਾਂ ਕਰਨ ਲੱਗਾ ਤੇ ਬਆਦ ਵਿੱਚ ਕਾਮਿਆਂ ਨੂੰ ਕਹਿ ਦਿੱਤਾ ਤੁਸੀ ਸੌ ਜਾਓ ਉਹ ਆਪ ਹੀ ਸਵੇਰੇ ਆ ਜਾਵੇਗਾ।ਜਦੋਂ ਕਾਮੇ ਕਮਰੇ ਵਿੱਚ ਚਲੇ ਗਏ ਉਹਨਾਂ ਰਾਜਬਿੰਦਰ ਸਿੰਘ ਨੂੰ ਬਹੁਤ ਫੋਨ ਕੀਤਾ ਪਰ ਫੋਨ ਨਾ ਲੱਗਾ ਤਾਂ ਦੂਜੇ ਪਾਸੇ ਰਾਤ 1 ਵਜੇ ਗਿਆਨਕੋ ਜਿਓਵਾਨੀ ਰਾਜਬਿੰਦਰ ਸਿੰਘ ਨੂੰ ਹਸਤਪਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਰਾਜਬਿੰਦਰ ਸਿੰਘ ਨੂੰ ਮ੍ਰਿਤਕ ਘੋਸਿ਼ਤ ਕਰ ਦਿੱਤਾ।ਮਰਹੂਮ ਰਾਜਬਿੰਦਰ ਸਿੰਘ ਦੇ ਭਰਾ ਅੰਮ੍ਰਿਤਪਾਲ ਸਿੰਘ ਨੇ ਮੀਡੀਏ ਰਾਹੀ ਆਪਣਾ ਦੁੱਖੜਾ ਸੁਣਾਉਂਦਿਆਂ ਕਿਹਾ ਕਿ ਗਿਆਨਕੋ ਜਿਓਵਾਨੀ ਨੇ ਉਸ ਦੇ ਭਰਾ ਨੂੰ ਜਾਣ-ਬੁੱਝ ਕੇ ਮਾਰਿਆ ਹੈ ਕਿਉਂ ਕਿ ਉਸ ਦੇ ਭਰਾ ਕੋਲ ਪੇਪਰ ਨਹੀਂ ਸਨ ਜੇਕਰ ਮਾਲਕ ਸਮੇਂ ਸਿਰ ਰਾਜਬਿੰਦਰ ਸਿੰਘ ਨੂੰ ਹਸਪਤਾਲ ਲੈ ਜਾਂਦਾ ਤਾਂ ਹੋ ਸਕਦਾ ਸੀ ਉਸ ਦਾ ਭਰਾ ਅੱਜ ਜਿਊਂਦਾ ਹੁੰਦਾ।ਭਰੇ ਹੋਏ ਮਨ ਨਾਲ ਅੰਮ੍ਰਿਤਪਾਲ ਸਿੰਘ ਨੇ ਇਟਲੀ ਦੇ ਭਾਰਤੀ ਭਾਈਚਾਰੇ ਤੇ ਭਾਰਤੀ ਅੰਬੈਂਸੀ ਰੋਮ ਦੀ ਰਾਜਦੂਤ ਮੈਡਮ ਵੀਨਾ ਰਾਓ ਨੂੰ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਆਪਣੇ ਮਰਹੂਮ ਭਰਾ ਦੀ ਲਾਸ਼ ਨੂੰ ਭਾਰਤ ਲਿਜਾ ਕੇ ਸੰਸਕਾਰ ਕਰ ਸਕੇ।ਰਾਜਬਿੰਦਰ ਸਿੰਘ ਨਾਲ ਕੀਤੇ ਜਾਨਵਰਾਂ ਵਾਲੇ ਸਲੂਕ ਤੇ ਜਾਣਬੁੱਝ ਕੇ ਉਸ ਨੂੰ ਮੌਤ ਦੇ ਮੂੰਹ ਵਿੱਚ ਧੱਕਣ ਲਈ ਅੰਮ੍ਰਿਤਪਾਲ ਸਿੰਘ ਨੇ ਗਿਆਨਕੋ ਜਿਓਵਾਨੀ ਵਿਰੁੱਧ ਕੇਸ ਦਰਜ਼ ਕਰਵਾ ਦਿੱਤਾ ਹੈ ਪਰ ਹਾਲੇ ਤੱਕ ਪੁਲਸ ਨੇ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ ।ਰਾਜਬਿੰਦਰ ਸਿੰਘ ਸਿੱਧੂ ਦੀ ਹੋਈ ਮੌਤ ਨੂੰ ਹੁਣ ਤੱਕ ਇੱਕ ਮਹੀਨਾ ਬੀਤ ਜਾਣ ਦੇ ਬਆਦ ਵੀ ਮਾਲਕ ਉਪੱਰ ਕੋਈ ਕਾਰਵਾਈ ਨਾ ਹੋਣਾ ਪੀੜਤ ਅੰਮ੍ਰਿਤਪਾਲ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਵਿੱਚ ਅਥਾਹ ਵਾਧਾ ਕਰ ਰਿਹਾ ਪਰ ਉਸ ਦਾ ਕਹਿਣਾ ਹੈ ਇਨਸਾਫ਼ ਲਈ ਆਖ਼ਰੀ ਸਾਹ ਤੱਕ ਲੜੇਗਾ।ਮਰਹੂਮ ਰਾਜਬਿੰਦਰ ਸਿੰਘ ਸਿੱਧੂ ਆਪਣੇ ਪਿੱਛੇ ਬਜੁਰਗ ਮਾਂ ਵਿਧਵਾ ਪਤਨੀ ਤੇ ਇੱਕ ਬੱਚੇ ਨੂੰ ਰੋਂਦਿਆਂ ਛੱਡ ਗਿਆ ਹੈ।ਜਿਕਰਯੋਗ ਹੈ ਕਿ ਇਟਲੀ ਦੇ ਕਈ ਸੂਬੇ ਜਿੱਥੇ ਕਿ ਮਾਫੀਏ ਦਾ ਜ਼ੋਰ ਹੈ ਉੱਥੇ ਕਿਰਤੀ ਲੋਕਾਂ ਦਾ ਸ਼ੋਸ਼ਣ ਹੋਣਾ,ਮਿਹਨਤਾਨਾ ਨਾ ਦੇਣਾ ਜਾਂ ਉਹਨਾਂ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦਾ ਵਰਤਾਰਾ ਆਮ ਜਿਹਾ ਹੈ ਜਿਸ ਬਾਬਤ ਪੁਲਸ ਦਾ ਰਵੱਇਆ ਕੋਈ ਜ਼ਿਆਦਾ ਹਾਂ ਪੱਖੀ ਨਹੀਂ ਹੁੰਦਾ।