Headlines

ਬੈਂਸ ਨੇ ਕਾਂਗਰਸੀ ਉਮੀਦਵਾਰ ਨੂੰ ਪੁੱਛੇ ਪੰਜ ਸਵਾਲ

ਸਿੱਖਿਆ ਮੰਤਰੀ ਵੱਲੋਂ ਡਿਪਟੀ ਮੇਅਰ ਹੁੰਦਿਆਂ ਸੁਰਿੰਦਰ ਕੌਰ ’ਤੇ ਜਲੰਧਰ ਲਈ ਕੁੱਝ ਨਾ ਕਰਨ ਦਾ ਦੋਸ਼

ਜਲੰਧਰ, 26 ਜੂਨ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ‘ਆਪ’ ਆਗੂ ਪਵਨ ਕੁਮਾਰ ਟੀਨੂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਲੰਧਰ ਪੱਛਮੀ ਤੋਂ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਬਤੌਰ ਡਿਪਟੀ ਮੇਅਰ ਜਲੰਧਰ ਸ਼ਹਿਰ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਜਲੰਧਰ ਪੱਛਮੀ ਹਲਕੇ ਲਈ ਤਾਂ ਉਨ੍ਹਾਂ ਨੇ ਡੱਕਾ ਨਹੀਂ ਤੋੜਿਆ। ਉਨ੍ਹਾਂ ਆਖਿਆ ਕਿ ਬੀਬੀ ਸੁਰਿੰਦਰ ਕੌਰ ਦੇ ਦਫਤਰ ਨੂੰ ਜ਼ਿਆਦਾਤਰ ਤਾਲਾ ਲੱਗਿਆ ਰਹਿੰਦਾ ਸੀ ਅਤੇ ਜਲੰਧਰ ਸਮਾਰਟ ਸਿਟੀ ਫੰਡਾਂ ਦੇ ਘੁਟਾਲੇ ਵਿੱਚ ਵੀ ਉਨ੍ਹਾਂ ਦੀ ਸ਼ਮੂਲੀਅਤ ਸੀ। ਉਨ੍ਹਾਂ ਜਲੰਧਰ ਵਰਗੇ ਸਮਾਰਟ ਸਿਟੀ ਨੂੰ ਜੇ ਕੋਈ ਤੋਹਫਾ ਦਿੱਤਾ ਹੈ ਤਾਂ ਉਹ ਹੈ ਵਰਿਆਣੇ ਵਾਲਾ ਕੂੜੇ ਦਾ ਡੰਪ।

ਸ੍ਰੀ ਬੈਂਸ ਨੇ ਮੀਡੀਆ ਰਾਹੀਂ ਕਾਂਗਰਸੀ ਉਮੀਦਵਾਰ ਨੂੰ ਪੰਜ ਸਵਾਲ ਪੁੱਛੇ। ਉਨ੍ਹਾਂ ਕਿਹਾ ਕਿ ਸੁਰਿੰਦਰ ਕੌਰ ਪੰਜ ਸਾਲ ਜਲੰਧਰ ਦੇ ਸੀਨੀਅਰ ਡਿਪਟੀ ਮੇਅਰ ਰਹੇ ਅਤੇ ਕਰੀਬ 20 ਸਾਲ ਮਿਉਂਸਿਪਲ ਕੌਂਸਲਰ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਅਹੁਦਿਆਂ ’ਤੇ ਰਹਿੰਦਿਆਂ ਉਨ੍ਹਾਂ ਨੇ ਜਲੰਧਰ ਪੱਛਮੀ ਅਤੇ ਇੱਥੋਂ ਦੇ ਲੋਕਾਂ ਲਈ ਕੀ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਉਹ ਡਿਪਟੀ ਮੇਅਰ ਸੀ ਤਾਂ ਉਨ੍ਹਾਂ ਦੇ ਦਫ਼ਤਰ ਨੂੰ ਹਮੇਸ਼ਾ ਤਾਲਾ ਕਿਉਂ ਲੱਗਿਆ ਰਹਿੰਦਾ ਸੀ। ਉਹ ਲੋਕਾਂ ਵਿੱਚ ਕਿਉਂ ਨਹੀਂ ਸਨ ਜਾਂਦੇ। ਲੋਕਾਂ ਦੀਆਂ ਉਨ੍ਹਾਂ ਨਾ ਤਾਂ ਸਮੱਸਿਆਵਾਂ ਸੁਣੀਆਂ ਅਤੇ ਨਾ ਹੀ ਉਨ੍ਹਾਂ ਦਾ ਕੋਈ ਹੱਲ ਕੱਢਿਆ।

ਕੈਬਨਿਟ ਮੰਤਰੀ ਨੇ ਕਾਂਗਰਸੀ ਉਮੀਦਵਾਰ ਤੋਂ ਸਮਾਰਟ ਸਿਟੀ ਫੰਡਾਂ ਦੇ ਘਪਲੇ ਬਾਰੇ ਵੀ ਸਵਾਲ ਪੁੱਛੇ। ਉਨ੍ਹਾਂ ਕਿਹਾ ਕਿ ਅੱਜ ਜਲੰਧਰ ਦੀਆਂ ਸੜਕਾਂ, ਗਲੀਆਂ ਅਤੇ ਸੀਵਰੇਜ ਦੀ ਹਾਲਤ ਖਸਤਾ ਹੈ, ਸਾਰਾ ਪੈਸਾ ਕਿੱਥੇ ਗਿਆ। ਬੈਂਸ ਤੇ ਟੀਨੂੰ ਨੇ ਕਿਹਾ ਕਿ ਸ਼ਹਿਰ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਨਗਰ ਨਿਗਮ ਦੀ ਹੁੰਦੀ ਹੈ। ਇਸ ਪ੍ਰਤੀ ਕਾਂਗਰਸੀ ਉਮੀਦਵਾਰ ਨੇ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ।