ਸਰੀ, 27 ਜੂਨ (ਹਰਦਮ ਮਾਨ)-ਗੁਰਦੁਆਰਾ ਸੁਖਸਾਗਰ ਸਾਹਿਬ ਨਿਊਵੈਸਟ ਮਿਨਸਟਰ ਵੱਲੋਂ ਹਰ ਸਾਲ ਵਾਂਗ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਛਤਰ- ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਗੁਰਦੁਆਰਾ ਸੁਖਸਾਗਰ ਸਾਹਿਬ ਤੋਂ ਸਵੇਰੇ 9 ਵਜੇ ਆਰੰਭ ਹੋਇਆ ਅਤੇ ਦੁਪਹਿਰੇ ਵੇਲੇ ਕੁਵੀਜ਼ਨ ਬਰੋਅ ਪਾਰਕ ਵਿਚ ਪੁੱਜਿਆ ਜਿਥੇ ਸਜਾਏ ਗਏ ਧਾਰਮਿਕ ਦੀਵਾਨ ਵਿਚ ਸਿੱਖ ਬੁਲਾਰਿਆਂ ਨੇ ਗੁਰੂ ਅਰਜਨ ਦੇਵ ਜੀ ਅਤੇ ਸਿੱਖ ਇਤਿਹਾਸ ਦੇ ਮਹਾਨ ਵਿਰਸੇ ਬਾਰੇ ਵਿਚਾਰ ਪੇਸ਼ ਕੀਤੇ। ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਬੜੇ ਉਤਸਾਹ ਅਤੇ ਸ਼ਰਧਾ ਨਾਲ ਸ਼ਾਮਲ ਹੋਈਆਂ।
