Headlines

ਸਤਿਕਾਰ ਕਮੇਟੀ ਵੱਲੋਂ ਕਿਸਾਨੀ ਮੰਗਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਹਿਤ ਹਫਤਾਵਾਰੀ ਧਰਨਾ ਜਾਰੀ

ਸਰੀ, 27 ਜੂਨ (ਹਰਦਮ ਮਾਨ)-ਸਤਿਕਾਰ ਕਮੇਟੀ ਬੀਸੀ ਕਨੇਡਾ ਵੱਲੋਂ ਕਿੰਗ ਜੌਰਜ ਸਟਰੀਟ ਅਤੇ 88 ਐਵਨਿਊ ਉੱਪਰ ਬੀਅਰ ਕਰੀਕ ਪਾਰਕ ਦੇ ਕੋਨੇ ‘ਤੇ ਦਿੱਤੇ ਜਾ ਰਹੇ ਹਫਤਾਵਾਰੀ ਧਰਨੇ ਵਿੱਚ ਕਮੇਟੀ ਦੇ ਆਗੂਆਂ ਨੇ ਸ਼ੰਭੂ ਬਾਰਡਰ ਅਤੇ ਹੋਰ ਬਾਰਡਰਾਂ ਉੱਪਰ ਕਥਿਤ ਸਿਆਸੀ ਪਾਰਟੀਆਂ ਦੇ ਕਰਿੰਦਿਆਂ ਵੱਲੋਂ ਹੁੱਲੜਬਾਜੀ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ। ਸਤਿਕਾਰ ਕਮੇਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਸੇਖੋਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਤਿਕਾਰ ਕਮੇਟੀ ਹਰ ਹਫਤੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ, ਬੰਦੀ ਸਿੰਘਾਂ ਦੀ ਰਿਹਾਈ ਲਈ, ਅੰਮ੍ਰਿਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਵਾਸਤੇ ਧਰਨਾ ਦੇ ਰਹੀ ਹੈ ਤੇ ਮੁਜ਼ਾਹਰਾ ਕਰ ਰਹੀ ਹੈ।

ਉਹਨਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਲੰਮੇ ਸਮੇਂ ਤੋਂ ਕਾਲ ਕੋਠੜੀਆਂ ਵਿੱਚ ਰੱਖਿਆ ਹੋਇਆ ਹੈ। ਉਹ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹਨ ਪਰ ਉਹਨਾਂ ਨੂੰ ਫਿਰ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ ਜੋ ਕਿ ਸ਼ਰੇਆਮ ਬੇਇਨਸਾਫੀ ਹੈ। ਸ. ਸੇਖੋ ਨੇ ਕਿਹਾ ਕਿ ਕਿਸਾਨ ਭਰਾਵਾਂ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਹਿਲਾਂ ਤਿੰਨ ਕਾਲੇ ਕਾਨੂੰਨ ਰੱਦ ਕਰ ਕੇ, ਮਾਫੀ ਮੰਗ ਕੇ ਵਾਅਦੇ ਕੀਤੇ ਗਏ ਪਰ ਉਹ ਪੂਰੇ ਤਾਂ ਕੀ ਕਰਨੇ ਸੀ ਉਸ ਤੋਂ ਵੀ ਭੈੜੇ ਹੋਰ ਕਾਨੂੰਨ ਮੂੰਹ ਅੱਡੀ ਖੜ੍ਹੇ ਹਨ। ਕਿਸਾਨ ਭਰਾਵਾਂ ਨੂੰ ਅੱਕ ਹਾਰ ਕੇ ਦੁਬਾਰਾ ਫੇਰ ਮੋਰਚਾ ਲਾਉਣ ਲਈ ਮਜਬੂਰ ਹੋਣਾ ਪਿਆ। ਉਹਨਾਂ ਕਿਹਾ ਕਿ ਟੋਲ ਪਲਾਜ਼ਿਆਂ ਦੇ ਰੇਟ ਵੀ ਵਧਾ ਦਿੱਤੇ ਗਏ ਹਨ ਤੇ ਕਿਸਾਨ ਅੱਤ ਦੀ ਗਰਮੀ ਵਿੱਚ ਘਰ ਬਾਰ ਛੱਡ ਕੇ ਟੋਲ ਪਲਾਜ਼ਿਆਂ ‘ਤੇ ਬੈਠੇ ਹਨ, ਪ੍ਰਸ਼ਾਸਨ ਇਹਨਾਂ ਦੀ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਸਰਕਾਰਾਂ ਨੇ ਤਾਂ ਕੰਨਾਂ ਵਿੱਚ ਸਿੱਕਾ ਢਾਲ ਕੇ ਪਾਇਆ ਹੋਇਆ ਹੈ।

 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਸਹੁੰ ਚੁੱਕ ਸਮਾਗਮ ਵਿੱਚ ਹਾਲੇ ਤੱਕ ਨਾ ਜਾਣ ਦੇਣ ਦੀ ਨਿਖੇਧੀ ਕਰਦਿਆਂ ਕੁਲਦੀਪ ਸਿੰਘ ਸੇਖੋਂ ਨੇ ਕਿਹਾ ਕਿ ਇੱਕ ਪਾਸੇ ਸਰਕਾਰਾਂ ਲੋਕਤੰਤਰ ਦੀਆਂ ਟਾਹਰਾਂ ਮਾਰ ਰਹੀਆਂ ਹਨ ਅਤੇ ਦੂਜੇ ਪਾਸੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਕਾਲ ਕੋਠੜੀ ਵਿੱਚ ਡੱਕਿਆ ਹੋਇਆ ਹੈ। ਉਹਨਾਂ ਕਿਹਾ ਕਿ ਬਾਹਰਲੇ ਦੇਸ਼ ਵੀ ਇਸ ਗੱਲ ਦੀ ਸਲਾਹ ਦੇ ਰਹੇ ਹਨ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਲੱਖਾਂ ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ।