Headlines

ਪਹਿਲੀ ਜੁਲਾਈ : ਕੈਨੇਡਾ ਦਿਹਾੜੇ ‘ਤੇ ਵਿਸ਼ੇਸ਼

‘ਕਨਾਟਾ’ ਤੋਂ ‘ਕੈਨੇਡਾ’ ਤੱਕ ਦਾ ਸਫਰ—
ਡਾ. ਗੁਰਵਿੰਦਰ ਸਿੰਘ—
ਪਹਿਲੀ ਜੁਲਾਈ ਦਾ ਦਿਹਾੜਾ ਹਰ ਸਾਲ ਕੈਨੇਡਾ ਦੇ ਸਥਾਪਨਾ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। 1 ਜੁਲਾਈ 1867 ਈਸਵੀ ਨੂੰ ਕਾਨਫੈਡਰੇਸ਼ਨ ਰਾਹੀਂ ਕੈਨੇਡੀਅਨ ਪ੍ਰੋਵਿੰਸ ਇਕੱਠੇ ਹੋ ਕੇ, ਸੰਯੁਕਤ ਕੈਨੇਡਾ ਦੇ ਰੂਪ ‘ਚ ਉੱਭਰੇ ਸਨ, ਜਿਸ ਵਿੱਚ ਮਗਰੋਂ ਹੋਰ ਪ੍ਰੋਵਿੰਸ ਵੀ ਜੁੜਦੇ ਗਏ, ਜਿਸ ਦੇ ਆਧਾਰ ‘ਤੇ ਇਸ ਦਿਹਾੜੇ ਨੂੰ ‘ਕੈਨੇਡਾ ਡੇਅ’ ਵਜੋਂ ਮਨਾਏ ਜਾਣ ਦੀ ਪਿਰਤ ਪਈ। ‘ਕੈਨੇਡਾ’ ਸ਼ਬਦ ਮੂਲਵਾਸੀ ਅਰੋਕਵੀਨ ਭਾਈਚਾਰੇ ਦੇ ਲੋਕਾਂ ਦੀ ਬੋਲੀ ਤੋਂ ਆਇਆ ਹੈ, ਅਸਲ ਸ਼ਬਦ ‘ਕਨਾਟਾ’ ਹੈ, ਜਿਸ ਦਾ ਅਰਥ ਹੈ ‘ਪਿੰਡ’। ਕਹਿਣ ਨੂੰ ਚਾਹੇ ਕੈਨੇਡਾ ਨੂੰ ‘ਪਰਵਾਸੀਆਂ ਦੀ ਧਰਤੀ’ ਕਹਿ ਕੇ ਪ੍ਰਚਾਰਿਆ ਜਾਂਦਾ ਹੈ, ਪਰ ਅਸਲ ਵਿੱਚ ਇਹ ਇੰਡਿਜਿਨਸ ਭਾਈਚਾਰਿਆਂ ਦੀ ਧਰਤੀ ਹੈ, ਜੋ ਕਿ ਇੱਥੋਂ ਦੇ ਮੂਲ ਵਸਨੀਕ ਹਨ। ਜਦੋਂ ਤੋਂ ਯੂਰਪੀਅਨ ਕੌਮਾਂ ਨੇ ਚਰਚ ਦੇ ਆਦੇਸ਼ ‘ਤੇ ਕੈਨੇਡਾ ਆ ਕੇ ਇਨ੍ਹਾਂ ਮੂਲਵਾਸੀ ਲੋਕਾਂ ‘ਤੇ ਜਬਰ ਢਾਹੁਣੇ ਸ਼ੁਰੂ ਕੀਤੇ, ਉਦੋਂ ਤੋਂ ਕੈਨੇਡੀਅਨ ਇਤਿਹਾਸ ਇੱਥੋਂ ਦੀਆਂ ਮੂਲ ਕੌਮਾਂ ਦੀ ਬੋਲੀ ਅਤੇ ਸੱਭਿਆਚਾਰ ਦੀ ਨਸਲਕੁਸ਼ੀ ਦਾ ਇਤਿਹਾਸ ਬਣ ਗਿਆ।
‘ਧਰਤ ਕਨੇਡਾ ਦਾ ਪੜ੍ਹੋ, ਦੁਖਦਾਈ ਇਤਿਹਾਸ
ਹਮਲਾਵਰ ਮਾਲਕ ਬਣੇ, ਮਾਲਕ ਬਣ ਗਏ ਦਾਸ’
ਚਾਹੇ ਇਹ ਨਸਲਵਾਦ ਇੱਕ ਤੋਂ ਦੋ ਸਦੀਆਂ ਪਹਿਲਾਂ ਦੇ ਇਤਿਹਾਸ ਦਾ ਕਾਲਾ ਵਰਕਾ ਹੈ, ਪਰ ਅੱਜ ਵੀ ਇਸਦਾ ਕਲੰਕ ਕੈਨੇਡਾ ਨੂੰ ਸ਼ਰਮਸ਼ਾਰ ਕਰ ਰਿਹਾ ਹੈ। ਇਹ ਵੀ ਸੱਚ ਹੈ ਕਈ ‘ਅਖੌਤੀ ਲੋਕਰਾਜੀ’ ਦੇਸ਼ਾਂ ‘ਚ ਮੌਜੂਦਾ ਸਮੇਂ ਇਹੋ-ਜਿਹੇ ਜ਼ੁਲਮ ਜਾਰੀ ਹਨ, ਪਰ ਫਾਸ਼ੀਵਾਦੀ ਸਰਕਾਰਾਂ ਸ਼ਰਮਸਾਰ ਹੋਣ ਦੀ ਥਾਂ ਦਿਨੋਂ-ਦਿਨ ਲੋਕਾਂ ‘ਤੇ ਤਸ਼ੱਦਦ ਵਧਾ ਰਹੀਆਂ ਹਨ। ਕੈਨੇਡਾ ਦੇ ਇਤਿਹਾਸ ਦੇ ਕਾਲੇ ਅਧਿਆਇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 22 ਸਤੰਬਰ 2017 ਨੂੰ ਸੰਯੁਕਤ ਰਾਸ਼ਟਰ ਵਿੱਚ ਬੋਲਦਿਆਂ ਕਿਹਾ ਸੀ ਕਿ ਕੈਨੇਡਾ ਅਜੂਬਿਆਂ ਦੀ ਧਰਤੀ ਨਹੀਂ, ਬਲਕਿ 12 ਲੱਖ ਮੂਲਵਾਸੀਆਂ ਸਬੰਧੀ ਨਾਕਾਮੀਆਂ, ਅਪਮਾਨ ਅਤੇ ਬਦਸਲੂਕੀ ਦੇ ਇਤਿਹਾਸ ਤੋਂ ਪ੍ਰਭਾਵਤ ਹੈ, ਜਿਸ ਨੂੰ ਕੌਮਾਂਤਰੀ ਭਾਈਚਾਰਾ ਮਨੁੱਖੀ ਅਧਿਕਾਰਾਂ ਦੇ ਮਾਪਦੰਡਾਂ ਅਨੁਸਾਰ ਸੁਧਾਰਨ ਦੀ ਆਸ ਕਰਦਾ ਹੈ। ਕੈਨੇਡਾ ਦਿਹਾੜਾ ਅਜਿਹੀਆਂ ਗ਼ਲਤੀਆਂ ਦੇ ਪਛਤਾਵੇ ਦਾ ਢੁਕਵਾਂ ਦਿਹਾੜਾ ਹੈ।
ਦਰਅਸਲ 17ਵੀਂ ਸਦੀ ਵਿੱਚ ਕੈਨੇਡਾ ‘ਚ ਫਰਾਂਸ ਬਸਤੀਵਾਦ ਦੇ ਨਾਲ ਹੀ ਮੂਲਵਾਸੀ ਲੋਕਾਂ ਦਾ ਤਬਾਹੀ ਦਾ ਮੁੱਢ ਬੰਨ੍ਹਿਆ ਜਾ ਚੁੱਕਿਆ ਸੀ। ਇੰਗਲੈਂਡ ਚਰਚ, ਰੋਮਨ ਕੈਥੋਲਿਕ ਅਤੇ ਯੂਨਾਈਟਿਡ ਚਰਚ ਸਮੇਤ ਕਈ ਬਸਤੀਵਾਦੀ ਤੇ ਨਸਲਵਾਦੀ ਤਾਕਤਾਂ ਨੇ ਕੈਨੇਡਾ ਦੇ ਨੇਟਿਵ ਲੋਕਾਂ ਨੂੰ ਨਿਸ਼ਾਨਾ ਬਣਾਇਆ ।18 ਵੀਂ ਅਤੇ 19ਵੀਂ ਸਦੀ ਦੇ ਦੌਰ ‘ਚ ਇਨ੍ਹਾਂ ਈਸਾਈ ਚਰਚਾਂ ਨੇ ਮੂਲਵਾਸੀਆਂ ਦੀ ਵਿਰਾਸਤ , ਬੋਲੀ ਤੇ ਪਛਾਣ ਖਤਮ ਕਰਨ ਲਈ ਰੈਜ਼ੀਡੈਂਸ਼ੀਅਲ ਅਤੇ ਬੋਰਡਿੰਗ ਸਕੂਲਾਂ ਦਾ ਪੱਤਾ ਖੇਡਿਆ, ਜਿਥੇ ਕਿ ਮੂਲਵਾਸੀਆਂ ਦੇ ਬੱਚਿਆਂ ਨੂੰ ਗ਼ੁਲਾਮ ਬਣਾ ਕੇ ਉਨ੍ਹਾਂ ਦਾ ਹਰ ਪੱਖੋਂ ਸ਼ੋਸ਼ਣ ਕੀਤਾ ਜਾਂਦਾ ਸੀ। ਓਟਾਰੀਓ ‘ਚ ਫਰੈਂਟਫੋਰਡ ਦੇ ਸਿਕਸ ਨੇਸ਼ਨ ਆਫ਼ ਗੋਲਡਨ ਰਿਵਰ ਦੇ ਮੂਲਵਾਸੀਆਂ ਨੂੰ 1834 ਵਿੱਚ ਮੋਹਾਵਕ ਇਨਸਟੀਟਿਊਟ ਆਫ਼ ਰੈਜ਼ੀਡੈਂਸ਼ੀਅਲ ਸਕੂਲ ਰਾਹੀਂ , ਬੜੇ ਸ਼ਾਤੁਰਾਨਾ ਢੰਗ ਨਾਲ ਕਾਬੂ ਕੀਤਾ ਗਿਆ ਸੀ। ਤਰਕ ਇਹ ਦਿੱਤਾ ਗਿਆ ਕਿ ‘ਪਿਛੜੇ ਲੋਕਾਂ ਦੇ ਬੱਚਿਆਂ ਨੂੰ ਸਭਿਅਕ’ ਬਣਾਉਣ ਲਈ ਇਹ ਸਕੂਲ ਖੋਲੇ ਗਏ ਹਨ, ਪਰ ਅਸਲ ਵਿੱਚ ਮੂਲਵਾਸੀਆਂ ਦੀ ਬੋਲੀ ਤੇ ਸਭਿਆਚਾਰ ਦਾ ‘ਬੀ ਨਾਸ਼’ ਕਰਨ ਦੀ ਇਹ ਨਸਲਵਾਦੀ ਸਾਜ਼ਿਸ਼ ਸੀ। ਅਠਾਰਵੀਂ ਸਦੀ ਤੋਂ ਲੈ ਕੇ ਵੀਹਵੀਂ ਸਦੀ ਤੱਕ ਇਹ ਸਿਲਸਿਲਾ ਚਲਦਾ ਰਿਹਾ। ਇਨ੍ਹਾਂ ਰੈਜ਼ੀਡੈਂਸ਼ੀਅਲ ਅਤੇ ਬੋਰਡਿੰਗ ਸਕੂਲਾਂ ਵਿੱਚ ਬੱਚਿਆਂ ਦੇ ਲਿੰਗਕ ਸ਼ੋਸ਼ਣ ਤੋਂ ਲੈ ਕੇ ਹੱਤਿਆਵਾਂ ਤੱਕ ਦੀਆਂ ਜਾਬਰਾਨਾਂ ਘਟਨਾਵਾਂ ਦੇ ਵੇਰਵੇ ਮਿਲਦੇ ਹਨ। ਇਕ ਖੋਜ ਅਨੁਸਾਰ ਰੋਮਨ ਕੈਥੋਲਿਕ ਚਰਚ ਵੱਲੋਂ 44, ਇੰਗਲੈਂਡ ਚਰਚ ਵੱਲੋਂ 21, ਯੂਨਾਈਟਿਡ ਚਰਚ ਵੱਲੋਂ 13 ਅਤੇ ਕਈ ਹੋਰਨਾਂ ਵੱਲੋਂ ਵੀ ਅਜਿਹੇ ਕਰੀਬ 139 ਸਕੂਲ ਖੋਲੇ ਗਏ ਸਨ, ਜੋ ਕਿ 20ਵੀਂ ਸਦੀ ਤੱਕ ਚਲਦੇ ਰਹੇ। ਮੂਲਵਾਸੀ ਲੋਕਾਂ ਦੇ ਡੇਢ ਲੱਖ ਬੱਚਿਆਂ ਨੂੰ ਇਨ੍ਹਾਂ ‘ਚ ਬੰਦ ਰੱਖਿਆ ਗਿਆ, ਜਿਨ੍ਹਾਂ ‘ਚ 3200 ਤੋਂ ਲੈ ਕੇ 6000 ਤੋਂ ਵੱਧ ਮੌਤਾਂ ਜਾਂ ਹਤਿਆਵਾਂ ਹੋਈਆਂ।
ਚਾਹੇ ਕੈਨੇਡਾ ਦੇ ਮੂਲਵਾਸੀ ਲੰਮੇ ਸਮੇਂ ਤੋਂ ਇਹ ਆਖਦੇ ਆ ਰਹੇ ਹਨ ਕਿ ਉਨ੍ਹਾਂ ਦੇ ਹਜ਼ਾਰਾਂ ਬੱਚੇ ਰੈਜ਼ੀਡੈਂਸ਼ੀਅਲ ਸਕੂਲਾਂ ਦੀ ਧਰਤੀ ‘ਚ ਦਫਨ ਕਰ ਦਿੱਤੇ ਗਏ ਸਨ, ਪਰ ਹਰ ਵਾਰ ਇਸ ਹਕੀਕਤ ਨੂੰ ਹਮੇਸ਼ਾ ਦਬਾਉਣ ਦੀ ਹੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਸੰਨ 2021 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪਸ ਵਿੱਚ ਕੈਥਲਿਕ ਚਰਚ ਅਤੇ ਡੋਮੀਨੀਅਨ ਕੈਨੇਡਾ ਦੀ ਸਰਕਾਰ ਵੱਲੋਂ ਸਥਾਪਤ ਕੀਤੇ ਗਏ ਰੈਜ਼ੀਡੈਂਸ਼ੀਅਲ ਸਕੂਲ ਦੀ ਜਗ੍ਹਾ ਤੋਂ 215 ਬੱਚਿਆਂ ਦੀ ਸਰੀਰਕ ਅੰਗ ਮਿਲਣ ਨਾਲ ਇੰਡਿਜਨਸ ਭਾਈਚਾਰੇ ਅੰਦਰ ਗੁੱਸੇ ਦੀ ਲਹਿਰ ਫੈਲ ਗਈ ਸੀ। ਕਿਹਾ ਜਾਂਦਾ ਹੈ ਕਿ ਇਸ ਸਕੂਲ ਵਿੱਚ ਪੰਜ ਸੌ ਤੋਂ ਵੱਧ ਮੂਲਵਾਸੀ ਬੱਚੇ ਸਨ, ਜਿੱਥੇ ਉਨ੍ਹਾਂ ਨੂੰ ਆਪਣੇ ਵਿਰਸੇ, ਬੋਲੀ ਅਤੇ ਪਛਾਣ ਭੁਲਾ ਕੇ, ਜਬਰੀ ਇਸਾਈ ਬਣਾਇਆ ਜਾਂਦਾ ਸੀ ਅਤੇ ਇੰਗਲਿਸ਼ ਪੜ੍ਹਾਈ ਜਾਂਦੀ ਸੀ। ਇਸ ਸਕੂਲ 1890 ਤੋਂ 1969 ਤੱਕ ਚਲਦਾ ਰਿਹਾ, ਜਿਸ ਵਿਚ ਮੂਲਵਾਸੀ ਬੱਚਿਆਂ ਦੇ ਜਿਸਮਾਨੀ ਸੋਸ਼ਣ ਤੋਂ ਲੈ ਕੇ ਹੱਤਿਆਵਾਂ ਤੱਕ, ਹਰ ਤਰ੍ਹਾਂ ਦਾ ਘਿਨਾਉਣਾ ਅਪਰਾਧ ਹੋਇਆ। ਇਸ ਤੋਂ ਇਲਾਵਾ ਕੈਮਲੂਪਸ ਤੋਂ 215 ਬੱਚਿਆਂ ਦੇ ਸਰੀਰਕ ਅੰਗ ਅਤੇ ਪਿੰਜਰ ਮਿਲਣ ‘ਤੇ ਪਛਤਾਵੇ ਵਜੋਂ ਕੈਨੇਡਾ ਦਾ ਝੰਡਾ ਨੀਵਾਂ ਕੀਤਾ ਗਿਆ।
ਕੈਨੇਡਾ ਵਸਦੇ ਸਿੱਖ ਭਾਈਚਾਰੇ ਨੇ ‘ਸਿੱਖ ਰਾਈਡਰਜ਼’ ਦੀ ਨਾਂ ਹੇਠ ਮੋਟਰਸਾਈਕਲਾਂ ਤੇ ਸਵਾਰ ਹੋ ਕੇ, ਕੈਮਲੂਪਸ ਪਹੁੰਚ ਕੇ ਇਨ੍ਹਾਂ ਪੀੜਤ ਲੋਕਾਂ ਨਾਲ ਹਮਦਰਦੀ ਜਿਤਾਈ, ਜਿਸ ਲਈ ਇੰਡੀਜੀਨੀਅਸ ਵੱਲੋਂ ਸਿੱਖਾਂ ਨੂੰ ਆਪਣੇ ਹਮਦਰਦ ਜਾਣਦਿਆਂ ਧੰਨਵਾਦ ਕੀਤਾ ਗਿਆ ਅਤੇ ਦੁੱਖ ਵਿੱਚ ਸ਼ਰੀਕ ਮੰਨਿਆ ਗਿਆ। ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਪ੍ਰਧਾਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਨੇ ਆਪਣੀ ਸੰਸਥਾ ਵੱਲੋਂ ਮੂਲ ਨਿਵਾਸੀਆਂ ਲਈ ਹਾਅ ਦਾ ਨਾਅਰਾ ਮਾਰਿਆ, ਜਿਸ ਕਰਕੇ ਉਹਨਾਂ ਨੂੰ ਮੂਲ ਨਿਵਾਸੀ ਭਾਈਚਾਰੇ ਵੱਲੋਂ ਸਨਮਾਨਿਤ ਕੀਤਾ ਗਿਆ। ਬੀਤੇ ਦਿਨੀਂ ਉਹਨਾਂ ਦਾ ਇੱਕ ਚਿਤਰ ਜਰਨੈਲ ਸਿੰਘ ਆਰਟਿਸਟ ਵੱਲੋਂ ਤਿਆਰ ਕੀਤਾ ਗਿਆ, ਜਿਸ ਵਿਚ ਮੂਲ ਭਾਈਚਾਰੇ ਤਰਫੋਂ ਜੈਨਫਰ ਸ਼ੈਰਿਫ ਵੱਲੋਂ ਵਿਸ਼ੇਸ਼ ਛੋਹਾਂ ਦਿੱਤੀਆਂ ਗਈਆਂ ਅਤੇ ਮੂਲ ਨਿਵਾਸੀ ਭਾਈਚਾਰੇ ਦਾ ਸੰਤਰੀ ਰੰਗ ਰੱਖਿਆ ਗਿਆ ਅਤੇ ਉਸ ਵਿੱਚ ਸ਼ਬਦ ਮੂਲ ਭਾਈਚਾਰੇ ਦੇ ਸ਼ਬਦ ਵੀ ਉਕਰੇ ਗਏ। ਹੋਰਨਾ ਸ਼ਹਿਰਾਂ ਵਿੱਚੋਂ ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਰਿਜਾਈਨਾ ਸ਼ਹਿਰ ਦੇ ਨੇੜਿਓਂ ਇਕ ਹੋਰ ਰੈਜ਼ੀਡੈਂਸ਼ੀਅਲ ਸਕੂਲ ਦੀ ਜਗ੍ਹਾ ਤੋਂ 751 ਮੂਲਵਾਸੀ ਬੱਚਿਆਂ ਦੇ ਸਰੀਰਕ ਅੰਗ ਮਿਲਣ ਕਾਰਨ ਰੋਹ ਸਿਖਰ ‘ਤੇ ਪਹੁੰਚਿਆ। ਪੜਤਾਲ ਅਨੁਸਾਰ ਇਨ੍ਹਾਂ ਮ੍ਰਿਤਕ ਬੱਚਿਆਂ ਦੀ ਘੱਟ ਤੋਂ ਘੱਟ ਉਮਰ, ਤਿੰਨ ਸਾਲ ਤੱਕ ਦੀ ਸੀ, ਜੋ ਕਿ ਹਿਰਦਾ ਵਲੂੰਧਰਨ ਵਾਲਾ ਸੱਚ ਸੀ। ਇਹ ਸਕੂਲ 1899 ਤੋਂ ਲੈ ਕੇ 1997 ਤਕ ਚੱਲਿਆ, ਜਿਸ ਦੇ ਜ਼ੁਲਮ ਦੀ ਦਾਸਤਾਨ ਬੜੀ ਲੰਮੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਕਰਿੱਨਬਰੁਕ ਸ਼ਹਿਰ ਦੇ ਰੈਜ਼ੀਡੈਂਸ਼ੀਅਲ ਸਕੂਲ ਤੋਂ 182 ਬੱਚਿਆਂ ਦੇ ਅੰਗ ਮਿਲਣ ਨਾਲ ਮਾਤਮ ਹੋਰ ਵੀ ਡੂੰਘਾ ਹੋ ਗਿਆ।ਇਹ ਸ਼ਹਿਰ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਦੀ ਸਰਹੱਦ ‘ਤੇ ਕੈਲਗਰੀ ਤੋਂ ਥੋੜ੍ਹੀ ਦੂਰ ਤੇ ਪੈਂਦਾ ਹੈ, ਜਿੱਥੇ ਇਸ ਰੈਜ਼ੀਡੈਂਸ਼ੀਅਲ ਸਕੂਲ ਵਿਚ ਮੂਲ ਨਿਵਾਸੀ ਬਚਿਆ ਦਾ ਅੰਤਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਅਤੇ ਬੱਚਿਆਂ ਦੀਆਂ ਹੱਤਿਆਵਾਂ ਉੱਘੀਆਂ ਹਸਤੀਆਂ ਵੱਲੋਂ ਕੀਤੀਆਂ ਜਾਂਦੀਆਂ ਸਨ। ਅਜਿਹੇ ਹੋਰ ਅਨੇਕਾਂ ਰੈਜ਼ੀਡੈਂਸ਼ੀਅਲ ਸਕੂਲਾਂ ਦੀਆਂ ਕਬਰਾਂ ਪੁੱਟਣ ਨਾਲ ਹੋਰ ਤਲਖ ਹਕੀਕਤਾਂ ਸਾਹਮਣੇ ਆਉਣ ਦੇ ਆਸਾਰ ਹਨ।
ਫੈਡਰੇਸ਼ਨ ਆਫ ਸੋਵੇਰੀਅਨ ਇੰਡਿਜਨਸ ਫਰਸਟ ਨੇਸ਼ਨਜ਼, ਕਾਓਐਸਿਸ ਫਸਟ ਨੇਸ਼ਨ ਅਤੇ ਹੋਰਨਾਂ ਵੱਲੋਂ ਮੂਲਵਾਸੀ ਭਾਈਚਾਰਿਆਂ ਨੇ ਨਿਸ਼ਚਾ ਕੀਤਾ ਹੈ ਕਿ ਜਦੋਂ ਤਕ ਉਹ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਥਾਵਾਂ ‘ਤੇ ਸਮੂਹ ਕਬਰਾਂ ਪੁੱਟ ਕੇ ਬੱਚਿਆਂ ਦੀਆਂ ਸਾਰੀਆਂ ਲਾਸ਼ਾਂ ਨਹੀਂ ਕਢਵਾ ਲੈਂਦੇ, ਓਦੋਂ ਤੱਕ ਉਹ ਚੈਨ ਨਾਲ ਨਹੀਂ ਬੈਠਣਗੇ। ਮੂਲ ਨਿਵਾਸੀ ਭਾਈਚਾਰੇ ਦੇ ਨਸਲਵਾਦ ਵਿੱਚ ਸ਼ਾਮਿਲ ਰੌਇਲ ਕੈਨੇਡੀਅਨ ਮੌਂਟੇਡ ਪੁਲਿਸ ਵੱਲੋਂ ਸਕੂਲਾਂ ‘ਚ ਭਰਤੀ ਕਰਨ ਲਈ ਮੂਲਵਾਸੀਆਂ ਦੇ ਬੱਚੇ ਜਬਰੀ ਚੁੱਕੇ ਜਾਂਦੇ ਸਨ। ਪੁਲਿਸ ਦੀਆਂ ਨਸਲਵਾਦੀ ਤੇ ਧੱਕੇਸ਼ਾਹੀ ਦੀਆਂ ਰੌਂਗਟੇ ਖੜੇ ਕਰਨ ਵਾਲੀ ਦਰਦਨਾਕ ਕਹਾਣੀਆਂ ਕੈਨੇਡਾ ਦੀ ਆਰ.ਸੀ. ਐਮ. ਪੀ. ਦਾ ਕਾਲਾ ਇਤਿਹਾਸ ਹਨ। ਇੱਕ ਹੋਰ ਜ਼ਿਕਰਯੋਗ ਗੱਲ ਹੈ ਕਿ ਆਰ ਸੀ ਐੱਮ ਪੀ ਦੇ ਮੂਲ ਵਾਸੀਆਂ ‘ਤੇ ਤਸ਼ੱਦਦ ਦੀ ਬ੍ਰਿਟਿਸ਼ ਕੋਲੰਬੀਆ ਚ ਵਾਪਰੀ ‘ਗਸਟੈਫਸਨ ਲੇਕ’ ਵਾਲੀ ਜ਼ਾਲਮਾਨਾ ਘਟਨਾ ਇਤਿਹਾਸ ਦੇ ਪੰਨਿਆਂ ਤੋਂ ਕਦੀ ਵੀ ਮਿਟ ਨਹੀਂ ਸਕੇਗੀ, ਜਿਸ ਵਿੱਚ ਕੈਨੇਡਾ ਦੇ ਮੂਲਵਾਸੀ ਭਾਈਚਾਰੇ ਦੇ ਲੋਕਾਂ ਉਪਰ ਹਜ਼ਾਰਾਂ ਗੋਲੀਆਂ ਚਲਾ ਕੇ ਉਨ੍ਹਾਂ ਦੀ ਜੱਦੀ-ਪੁਸ਼ਤੀ ਜ਼ਮੀਨ ‘ਤੇ ਉਨ੍ਹਾਂ ਦੇ ਰਵਾਇਤੀ ਤਿਉਹਾਰ ਰੋਕਣ ਦੀ ਸਾਜ਼ਿਸ਼ ਰਚੀ ਗਈ ਅਤੇ ਪੂੰਜੀਪਤੀਆਂ ਦਾ ਪੱਖ ਪੂਰਿਆ ਗਿਆ। ਬੀ.ਸੀ. ਦੇ ਤਤਕਾਲੀ ਅਟਾਰਨੀ ਜਨਰਲ ਉੱਜਲ ਦੁਸਾਂਝ ਦੀ ਅਗਵਾਈ ਵਿੱਚ ਹੋਇਆ ਇਹ ‘ਆਰ ਸੀ ਐੱਮ ਪੀ ਦਾ ਪੁਲਿਸ ਅਪ੍ਰੇਸ਼ਨ’ ਕੈਨੇਡਾ ਦੇ ਇਤਿਹਾਸ ਵਿੱਚ, ਕਿਸੇ ਛੋਟੇ ਜਿਹੇ ਮੂਲਵਾਸੀ ਸਮੂਹ ‘ਤੇ ਹੋਈ, ਹੁਣ ਤੱਕ ਦੀ ਸਭ ਤੋਂ ਵੱਡੀ ਹਥਿਆਰਬੰਦ ਪੁਲਿਸ ਕਾਰਵਾਈ ਮੰਨੀ ਜਾਂਦੀ ਹੈ। ਵੈਨਕੂਵਰ ਦੇ ਉਤਰ ਪੂਰਬ ਵਾਲੇ ਪਾਸੇ 450 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਮੂਲਵਾਸੀ ਲੋਕਾਂ ਦੀ ਜਗ੍ਹਾ ਗਸਟੈਫਸਨ ਲੇਕ ‘ਤੇ ਛੋਟੇ ਜਿਹੇ ਮੂਲਵਾਸੀ ਵਿਅਕਤੀਆਂ ਦੇ ਗਰੁੱਪ ਉੱਪਰ ਮੌਕੇ ਦੇ ਅਟਾਰਨੀ ਜਰਨਲ ਉਜੱਲ ਦੁਸਾਂਝ ਦੇ ਹੁਕਮ ਅਧੀਨ, 15 ਸਤੰਬਰ 1995 ਨੂੰ ਵੱਡੀ ਹਥਿਆਰਬੰਦ ਕਾਰਵਾਈ ਹੋਈ ਸੀ। ਦੁਸਾਂਝ ਨੇ ਖ਼ੁਦ ਮੰਨਿਆ ਕਿ ਛੋਟੇ ਜਿਹੇ ‘ਮਿਲੀਟੈਂਟ ਗਰੁਪ’ ਨੂੰ ਖਿਦੇਣਨ ਲਈ ਇਹ ਕਾਰਵਾਈ ਅਤਿ ਜ਼ਰੂਰੀ ਸੀ, ਪਰ ਮੂਲਵਾਸੀਆਂ ‘ਤੇ ਏਡੀ ਵੱਡੀ ਫੌਜੀ ਤਾਕਤ ਨੂੰ ਵਰਤਣ ਦੀ ਕਾਰਵਾਈ ਦੀ ਕੈਨੇਡਾ ਭਰ ਦੀਆਂ ਸਮੂਹ ਮਨੁੱਖੀ ਅਧਿਕਾਰ ਜਥੇਬੰਦੀਆਂ ਅਤੇ ਇੰਡੀਜੀਨੀਅਸ ਸੰਸਥਾਵਾਂ ਸਦਾ ਹੀ ਨਿੰਦਾ ਕਰਦੀਆਂ ਹਨ।
ਇਹ ਗੱਲ ਹੋਰ ਵੀ ਦੁਖਾਂਤਕ ਹੈ ਕਿ ਇੱਕ ਰੰਗਦਾਰ ਭਾਈਚਾਰੇ ਦੇ ਵਿਅਕਤੀ ਦੀ ਅਗਵਾਈ ਵਿੱਚ ਆਰਸੀਐਮਪੀ ਦੀ ਇਹ ਨਸਲਵਾਦੀ ਅਤੇ ਨਫਰਤ ਭਰੀ ਕਾਰਵਾਈ ਹੋਈ, ਜਿਸ ਦੀ ਅਜੇ ਤੱਕ ਉੱਜਲ ਦੁਸਾਂਝ ਨੇ ਮਾਫ਼ੀ ਮੰਗ ਕੇ ਕਲੰਕ ਨੂੰ ਮਿਟਾਉਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ। ਕੈਨੇਡਾ ਵਿਚ ਮੂਲ ਵਾਸੀਆਂ ਪ੍ਰਤੀ ਨਸਲਵਾਦ ਦੀਆਂ ਹੋਰ ਵੀ ਅਨੇਕਾਂ ਘਟਨਾਵਾਂ ਹਨ, ਜਿਨ੍ਹਾਂ ਵਿੱਚ ਆਰਸੀਐਮਪੀ ਨੇ ਵਿਤਕਰੇ ਵਾਲੀ ਪਹੁੰਚ ਦੀ ਵਰਤੋਂ ਕੀਤੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੂਲਵਾਸੀਆਂ ਨਾਲ ਕੈਨੇਡਾ ਦੀ ਧਰਤੀ ‘ਤੇ ਹੋਈ ਨਸਲਕੁਸ਼ੀ ਦਾ ਦੁਖਾਂਤ ਨਾ-ਭੁੱਲਣਯੋਗ ਅਤੇ ਨਾ-ਬਖ਼ਸ਼ਣਯੋਗ ਹੈ। ਅੱਜ ਦੀ ਤਾਰੀਖ਼ ਵਿੱਚ ਵੀ ਇਹ ਨਸਲਵਾਦ ਜਾਰੀ ਹੈ। ਅਸੀਂ ਭੁੱਲੀਏ ਨਾ ਕਿ ਸਾਡੇ ਵੱਡਿਆਂ- ਵਡੇਰਿਆਂ ‘ਗ਼ਦਰੀ ਬਾਬਿਆਂ’ ਨੇ ਕੈਨੇਡਾ ਦੀ ਧਰਤੀ ‘ਤੇ ਮੂਲਵਾਸੀਆਂ ਨੂੰ ‘ਵੱਡਿਆਂ’ ਵਜੋਂ ਸਤਿਕਾਰ ਦਿੱਤਾ ਸੀ। ਅੱਜ ਸਾਡਾ ਫ਼ਰਜ਼ ਵੀ ਬਣਦਾ ਹੈ ਕਿ ਇਨ੍ਹਾਂ ਦੇ ਦੁੱਖ ਵੰਡਾਓਣ ਲਈ ਵਧ- ਚੜ੍ਹ ਕੇ ਅੱਗੇ ਆਈਏ। ‘ਲਾਲ ਭਾਰਤੀ’ (ਰੈੱਡ ਇੰਡੀਅਨ) ਵਰਗੇ ਅਪਮਾਨਜਨਕ ਸ਼ਬਦਾਂ ਨਾਲ ਸੰਬੋਧਨ ਕਰਨ ਵਾਲੀ ਨਸਲਵਾਦੀ ਅਤੇ ਜਾਤੀਵਾਦੀ ਵਿਤਕਰੇ ਵਾਲੀ ਸੋਚ ਤਿਆਗ ਕੇ, ਇੰਡਿਜਨਸ ਭਾਈਚਾਰੇ ਦਾ ਸਤਿਕਾਰ ਕਰੀਏ ਕਿਉਂਕਿ :
‘ਰੰਗ ਨਸਲ ਦਾ ਵਿਤਕਰਾ, ਮਾਨਵਵਾਦ ਖਿਲਾਫ਼
ਭਿੰਨ-ਭੇਦ ਦੇ ਲੱਛਣੀ, ਜੀਵਨ ਬਣੇ ਸਰਾਪ’
ਪਹਿਲੀ ਜੁਲਾਈ, ਕੈਨੇਡਾ ਦਿਹਾੜੇ ‘ਤੇ ਮੂਲ ਵਾਸੀ ਲੋਕਾਂ ਦਾ ਹਾਰਦਿਕ ਧੰਨਵਾਦ ਹੈ, ਜਿਨ੍ਹਾਂ ਦੀ ਧਰਤੀ ‘ਤੇ ਅੱਜ ਦੁਨੀਆਂ ਭਰ ਦੇ ਲੋਕ ਬਹੁ-ਸੱਭਿਆਚਾਰਕ, ਬਹੁ- ਧਰਮੀ, ਬਹੁ-ਰੰਗੀ ਢਾਂਚੇ ਅਤੇ ਮਨੁੱਖੀ ਅਧਿਕਾਰਾਂ ਦਾ ਆਨੰਦ ਮਾਣ ਰਹੇ ਹਨ। ਕੈਨੇਡਾ ਦਿਹਾੜੇ ‘ਤੇ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਦੇ ਇਤਿਹਾਸਕ ਸਫ਼ਰ ਬਾਰੇ ਸੰਖੇਪ ਰੂਪ ਵਿੱਚ ਵਿਚਾਰ ਕਰਨਾ ਲਾਹੇਵੰਦ ਹੋਏਗਾ। ਇਹ ਜਾਨਣਾ ਵੀ ਜ਼ਰੂਰੀ ਹੈ ਕਿਹੜੇ ਕਾਰਨਾਂ ਕਰਕੇ ਆਪਣੀ ਜੰਮਣ ਭੋਇੰ ਛੱਡ ਕੇ ਪੰਜਾਬੀ, ਕੈਨੇਡਾ ਆ ਵਸੇ। ਪੰਜਾਬ ਤੋਂ ਕੈਨੇਡਾ ਸਣੇ ਉੱਤਰੀ ਅਮਰੀਕਾ ‘ਚ ‘ਪੰਜਾਬੀ ਡਾਇਸਪੋਰਾ’ ਦੀ ਵਿਸ਼ਾਲ ਪੱਧਰ ਤੇ ਪਛਾਣ 1897 ਤੋਂ ਬਾਅਦ ਬਣਨੀ ਸ਼ੁਰੂ ਹੁੰਦੀ ਹੈ, ਜਦੋਂ ਬ੍ਰਿਟਿਸ਼ ਫ਼ੌਜ ਦੇ ਸਾਬਕਾ ਸਿੱਖ ਸਿਪਾਹੀ ਪ੍ਰਸ਼ਾਂਤ ਮਹਾਂਸਾਗਰ ਦੇ ਕਿਨਾਰੇ ‘ਤੇ ਵਸਦੀ ਖ਼ੂਬਸੂਰਤ ਧਰਤੀ ਨੂੰ ਆਪਣਾ ਟਿਕਾਣਾ ਬਣਾਉਂਦੇ ਹਨ। ਸਭਿਆਚਾਰਕ ਪਛਾਣ ਅਤੇ ਭਾਸ਼ਾ ਨੂੰ, ਹਰ ਥਾਂ ਨਾਲ ਲਿਜਾਉਣ ਵਾਲੇ ਸਿੱਖਾਂ ਦੇ ਕੈਨੇਡਾ ਅਤੇ ਅਮਰੀਕਾ ‘ਚ ਪਹਿਲਾਂ ਵਸੇ ਬਜ਼ੁਰਗਾਂ ਨੂੰ, ਚਾਹੇ ਬੇਗਾਨੀ ਧਰਤੀ ‘ਤੇ ਅਨੇਕਾਂ ਨਸਲੀ ਹਮਲਿਆਂ ਅਤੇ ਭਾਸ਼ਾਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਹ ਆਪਣੀ ਜ਼ੁਬਾਨ ਤੇ ਪਛਾਣ ਕਾਇਮ ਰੱਖਦੇ ਹਨ। ਅਸਲ ਵਿਚ ਗ਼ੁਲਾਮੀ ਦਾ ਅਹਿਸਾਸ ਇਨ੍ਹਾਂ ਲੋਕਾਂ ਨੂੰ ਉਸ ਵੇਲੇ ਹੁੰਦਾ ਹੈ, ਜਦੋਂ 30 ਕਰੋੜ ਆਬਾਦੀ ਵਾਲੇ ਦੇਸ਼ ਦੇ ਵਾਸੀਆਂ ਨੂੰ ਮੁੱਠੀ ਭਰ ਅੰਗਰੇਜ਼ਾਂ ਵੱਲੋਂ ਗ਼ੁਲਾਮ ਬਣਾਏ ਜਾਣ ਦੇ ਕਿੱਸੇ ਮਿਹਣੇ ਤੇ ਤਾਅਨੇ ਬਣ ਕੇ ਪੰਜਾਬੀਆਂ ਦੇ ਸੀਨੇ ਚੀਰਦੇ ਹਨ, ਤਦ ਉਨ੍ਹਾਂ ਦੇ ਵਲੂੰਧਰੇ ਮਨਾਂ ‘ਚੋਂ ਇਹ ਬੋਲ ਵਾਰ-ਵਾਰ ਨਿਕਲਦੇ ਹਨ,
‘ਦੇਸ ਪੈਣ ਧੱਕੇ, ਬਾਹਰ ਮਿਲੇ ਢੋਈ ਨਾ,
ਸਾਡਾ ਪਰਦੇਸੀਆਂ ਦਾ, ਦੇਸ ਕੋਈ ਨਾ’
ਕੈਨੇਡਾ ਵਿਚ ਪੰਜਾਬੀ ਡਾਇਸਪੋਰਾ ਦੇ ਸੰਦਰਭ ਵਿਚ 20ਵੀਂ ਸਦੀ ਦੇ ਆਰੰਭ ਵਿਚ ਉੱਠੀ ਗ਼ਦਰ ਲਹਿਰ ਖਾਸ ਮਹੱਤਵ ਰੱਖਦੀ ਹੈ, ਕਿਉਂਕਿ ਇਹ ਪਹਿਲੀ ਅਜਿਹੀ ਤਹਿਰੀਕ ਸੀ, ਜਿਸ ਨੇ ਕੈਨੇਡਾ ਤੇ ਅਮਰੀਕਾ ਵਿਚ ਹੀ ਨਹੀਂ, ਬਲਕਿ ਦੁਨੀਆਂ ਭਰ ਵਿਚ ਖਿੰਡੇ ਪੰਜਾਬੀਆਂ ਨੂੰ ਜੱਥੇਬੰਦ ਕਰਨ ‘ਚ ਇਤਿਹਾਸਕ ਭੂਮਿਕਾ ਨਿਭਾਈ। ਇਸ ਸਬੰਧ ਵਿਚ 1909 ਵਿਚ ਕੈਨੇਡਾ ਦੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਦੇ ਪਹਿਲੇ ਸਥਾਨ, ਤੇ ਸਾਬਕਾ ਸਿੱਖ ਫ਼ੌਜੀਆਂ ਨੇ ਇਕੱਠਿਆਂ ਹੋ ਕੇ ਅੰਗਰੇਜ਼ਾਂ ਵੱਲੋਂ ਦਿੱਤੇ ਮੈਡਲ, ਇਨਸਿਗਨੀਏ ਅਤੇ ਵਰਦੀਆਂ ਸਾੜਦਿਆਂ, ਇਕ ਵਾਰ ਫੇਰ ਗ਼ੁਲਾਮੀ ਦਾ ਜੂਲ ਗਲ਼ੋਂ ਲਾਹੁਣ ਲਈ ਐਲਾਨੇ-ਏ-ਜੰਗ ਕੀਤਾ। ਗੁਰੂ ਨਾਨਕ ਜਹਾਜ਼ ਨੂੰ ਕੈਨੇਡਾ ਦੀ ਧਰਤੀ ਤੋਂ ਮੋੜਨਾ ਨਸਲਵਾਦ ਦਾ ਇੱਕ ਨਸਲਵਾਦ ਦਾ ਇੱਕ ਭਿਆਨਕ ਵਰਤਾਰਾ ਸੀ। ਕੈਨੇਡਾ ਦੀ ਧਰਤੀ ‘ਤੇ ਆਣ ਵਸੇ ਪੰਜਾਬੀ ਅਜ਼ਾਦੀ ਦੀ ਲਹਿਰ ਵਿਚ ਕੁੱਦਣ ਵਾਸਤੇ, ਕਰੜੀ ਮਿਹਨਤ ਸਦਕਾ ਕਾਇਮ ਕੀਤੀਆਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਅਤੇ ਡਾਲਰਾਂ ਨੂੰ ਤਿਆਗਦੇ ਹੋਏ, ਫ਼ਾਂਸੀਆਂ ਦੇ ਹਾਰ ਆਪਣੇ ਗਲਾਂ ਵਿਚ ਪਵਾ ਗਏ। ਜਿਹੜੇ ਇਹ ਆਖਦੇ ਹਨ ਕਿ ਪੰਜਾਬੀਆਂ ਦੇ ਵਿਦੇਸ਼ਾਂ ਵਿਚ ਵਸਣ ਲਈ ਰੋਜ਼ੀ-ਰੋਟੀ ਲਈ ਅਤੇ ਆਰਥਿਕਤਾ ਹੀ ਮੁੱਖ ਕਾਰਨ ਹਨ, ਉਹ ਇਹ ਵਿਸਾਰ ਦਿੰਦੇ ਹਨ ਕਿ ਪੰਜਾਬੀਆਂ ਦੇ ਘਰੋਂ ਬੇਘਰ ਹੋ ਕੇ ਮੁੜ ਬੇਗਾਨੀ ਧਰਤੀ ਤੋਂ ਉੱਜੜਨ ਅਤੇ ਦੇਸ਼ ਵਾਸੀਆਂ ਲਈ ਘਰ ਵਸਾਉਣ ਪਿੱਛੇ, ਧਨ ਦੌਲਤ ਨੂੰ ਤਿਆਗਣ ਅਤੇ ਸ਼ਹੀਦੀਆਂ ਪਾਉਣ ਦੀ ਮੂਲ ਭਾਵਨਾ ਹੀ ਕੰਮ ਕਰਦੀ ਹੈ।
ਕੈਨੇਡਾ ਵਿਚ ਭਾਰਤ ਦੀ ਵੰਡ ਤੋਂ ਬਾਅਦ ਉੱਤਰ-ਸੁਤੰਤਰਤਾ ਕਾਲ ਦੌਰਾਨ ਪੰਜਾਬ ਦੀ ਧਰਤੀ ਤੋਂ ਆ ਵਸੇ ਪੰਜਾਬੀਆਂ ਲਈ ਅਜਿਹੇ ਕਾਰਨ ਨਜ਼ਰ ਆਉਂਦੇ ਹਨ, ਜਿਨ੍ਹਾਂ ਵਿਚ ਦੇਸ਼ ਅੰਦਰ ਨਵੀਂ ਸਾਮਰਾਜਵਾਦ ਨੀਤੀ ਅਧੀਨ ਪੈਦਾ ਹੋਏ ਬੁਰਜ਼ੂਆ ਢਾਂਚੇ ਦੀ ਧੱਕੇਸ਼ਾਹੀ, ਗ਼ੁਲਾਮੀ ਦੇ ਬਦਲਵੇਂ ਰੂਪ ਵਿਚ ਭਾਰੂ ਹੋਈ ਮਿਲਦੀ ਹੈ। ਪੰਜਾਬ ਛੱਡ ਕੇ ਕੈਨੇਡਾ ਆ ਵਸੇ ਪੰਜਾਬੀਆਂ ਦੇ ਤੁਲਨਾਤਮਕ ਜੀਵਨ ਸੰਘਰਸ਼, ਸਰਕਾਰੀ ਜਬਰ ਅਤੇ ਧੱਕੇਸ਼ਾਹੀਆਂ ਬਾਰੇ ਗੰਭੀਰ ਪ੍ਰਗਟਾਵੇ ਕਰਦਿਆਂ ਲੋਕ ਗਾਇਕ ਗਿੱਲ ਹਰਦੀਪ ਦੀਆਂ ਗਾਈਆਂ ਤੇ ਗੀਤਕਾਰ ਸੁਖਵਿੰਦਰ ਸਿੱਧੂ ਦੀਆਂ ਲਿਖੀਆਂ ਇਹ ਸਤਰਾਂ ‘ਕੁੱਜੇ ਵਿੱਚ ਸਮੁੰਦਰ’ ਬੰਦ ਕਰਨ ਦੇ ਤੁਲ ਕਹੀਆਂ ਜਾ ਸਕਦੀਆਂ ਹਨ :
‘ਵੇ ਪੁੱਤਾ ਕੰਮ ਕਰਨਾ ਤਾਂ ਉਂਝ ਔਖਾ ਈ ਹੋਣਾ ਏ
ਪਰ ਠਾਣਿਆਂ ਵਿੱਚ ਕੁੱਟ ਖਾਵਣ ਤੋਂ ਤਾਂ ਸੌਖਾ ਈ ਹੋਣਾ ਏ
ਔਖੇ ਝਲਣੇ ਪਟੇ ਘੋਟਣੇ ਮਾਸਪੇਸ਼ੀਆਂ ਲਈ
ਵਸਦਾ ਰਹੇ ਕੈਨੇਡਾ ਮੇਰੇ ਪੁੱਤ ਪਰਦੇਸੀਆਂ ਲਈ’
70ਵਿਆਂ ਤੋਂ ਪੰਜਾਬ ਦੀ ਧਰਤੀ ਤੋਂ ਕੈਨੇਡਾ ਵਸੇ ਪੰਜਾਬੀਆਂ ਲਈ ਇਸ ਖਿੱਤੇ ਦੀ ਚੋਣ ਆਰਜ਼ੀ ਰੂਪ ਵਿਚ ਨਹੀਂ ਹੁੰਦੀ, ਸਗੋਂ ਪੱਕੇ ਵਾਸੀਆ ਵਜੋਂ ਉਹ ਇੱਥੇ ਆ ਕੇ ਆਪਣਾ ‘ਨਵਾਂ ਘਰ’ ਵਸਾਉਂਦੇ ਹਨ। ਪੰਜਾਬੀ ਆਪਣੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪਰਿਪੇਖ ‘ਚ ਪਛਾਣ ਕਾਇਮ ਕਰਨ ਲਈ 1971 ਦੀ ਕੈਨੇਡਾ ਦੀ ਸਭਿਆਚਾਰਕ ਨੀਤੀ ਦਾ ਭਰਪੂਰ ਫਾਇਦਾ ਉਠਾਉਂਦੇ ਹੋਏ, ਨਵੇਂ ਸੰਘਰਸ਼ ਦੇ ਰਾਹ ਤੁਰਦੇ ਹਨ। ਪਿਛਲੇ ਸਵਾ ਸੌ ਸਾਲ ਵਿਚ ਕੈਨੇਡਾ ਵਸਦੇ ਪੰਜਾਬੀਆਂ ਨੇ ਵਪਾਰ, ਕਾਰੋਬਾਰ ਅਤੇ ਖੇਤੀ ਖੇਤਰ ਵਿਚ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਅੱਜ ਜਿੱਥੇ ਟਰੱਕ ਅਤੇ ਟੈਕਸੀ ਸਨਅਤ ਵਿਚ ਪੰਜਾਬੀਆਂ ਦੀ ਚੜ੍ਹਤ ਹੈ, ਉੱਥੇ ਕੈਨੇਡਾ ਦੇ ਹਜ਼ਾਰਾਂ ਏਕੜਾਂ ‘ਚ ਲੱਖਾਂ ਟਨ ਬਲਿਊਬੇਰੀ, ਰਸਬੇਰੀ ਅਤੇ ਸਟਰਾਬੇਰੀ ਸਮੇਤ ਅਨੇਕਾਂ ਫਸਲਾਂ ਉਗਾ ਕੇ ਕੈਨੇਡਾ ਦੀ ਆਰਥਿਕਤਾ ਨੂੰ ਹੁਲਾਰਾ ਦੇ ਰਹੇ ਹਨ। ਅਹਿਮ ਗੱਲ ਇਹ ਹੈ ਕਿ ਕੈਨੇਡਾ ਵਿਚ ਪੰਜਾਬੀ ਡਾਇਸਪੋਰਾ ਦੀ ਦੇਣ ਮੂਲ ਪੰਜਾਬ ਲਈ ਵੀ ਜ਼ਿਕਰਯੋਗ ਹੈ, ਕਿਉਂਕਿ ਬਹੁਤਾਤ ਕੈਨੇਡੀਅਨ ਪੰਜਾਬੀ ਇੱਥੇ ਆ ਕੇ ਨਾ ਸਿਰਫ਼ ਘਰ, ਕੋਠੀਆਂ ਅਤੇ ਜ਼ਮੀਨ ਜਾਇਦਾਦਾਂ ਤੇ ਹੀ ਲੱਖਾਂ ਡਾਲਰ ਖਰਚਦੇ ਹਨ, ਬਲਕਿ ਸਕੂਲਾਂ, ਹਸਪਤਾਲਾਂ, ਸਟੇਡੀਅਮਾਂ, ਖੇਡ ਮੇਲਿਆਂ ਅਤੇ ਮੈਡੀਕਲ ਕੈਂਪਾਂ ਵਿਚ ਵੀ ਆਪਣਾ ਵਿੱਤੋਂ ਵੱਧ ਹਿੱਸਾ ਪਾਉਂਦੇ ਹਨ। ਇਹ ਗੱਲ ਵੱਖਰੀ ਹੈ ਕਿ ਕੁਝ ਲੋਕ ਅਜਿਹੇ ਵੀ ਹਨ, ਜਿਹੜੇ ਇੱਥੇ ਆ ਕੇ ਵਿਆਹਾਂ-ਸ਼ਾਦੀਆਂ ਅਤੇ ਹੋਰ ਜਸ਼ਨਾਂ ਵਿਚ ਸ਼ੋਹਰਤ ਦੀ ਭੁੱਖ ਕਰਕੇ, ਲੱਖਾਂ ਡਾਲਰ ਨਸ਼ਿਆਂ ਤੇ ਰੋੜ੍ਹ ਕੇ ਹੋਰਨਾਂ ਨੂੰ ਵੀ ਕਲੰਕਿਤ ਕਰਦੇ ਹਨ। ਅਖੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਕੈਨੇਡਾ ਦਿਹਾੜਾ ਮਨਾਉਂਦੇ ਹੋਏ ਇਹ ਨਾ ਭੁੱਲੀਏ ਕਿ ਇਸ ਧਰਤੀ ਦੇ ਅਸਲੀ ਮਾਲਕ ਮੂਲ ਨਿਵਾਸੀ ਹਨ ਅਤੇ ਇਥੇ ਆ ਕੇ ਵਸੀਆਂ ਕੌਮਾਂ ਸਦਾ ਹੀ ਉਹਨਾਂ ਦੀਆਂ ਦੇਣਦਾਰ ਹਨ।