ਖਾਲਿਸਤਾਨੀ ਸਮਰਥਕ ਵੀ ਪਹਿਲੀ ਵਾਰ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਿਲ ਹੋਏ-
ਵੈਨਕੂਵਰ ( ਦੇ ਪ੍ਰ ਬਿ)- 23 ਜੂਨ 1985 ਨੂੰ ਏਅਰ ਇੰਡੀਆ ਦੇ ਜਹਾਜ਼ ਨੂੰ ਅਧ ਅਸਮਾਨੀ ਬੰਬ ਧਮਾਕੇ ਨਾਲ ਉਡਾਏ ਜਾਣ ਦੀ ਦੁਖਦਾਈ ਘਟਨਾ ਦੀ ਯਾਦ ਵਿਚ ਸਟੈਨਲੀ ਪਾਰਕ ਵਿਖੇ ਬਣਾਈ ਗਈ ਯਾਦਗਾਰ ਤੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸਿੱਖਸ ਫਾਰ ਜਸਟਿਸ ਨਾਲ ਸਬੰਧਿਤ ਕਾਰਕੁੰਨ ਵੀ ਖਾਲਿਸਤਾਨੀ ਝੰਡੇ ਲੈਕੇ ਪੁੱਜੇ ਤੇ ਪੀੜਤਾਂ ਨਾਲ ਹਮਦਰਦੀ ਲਈ ਇਕਮੁਠਤਾ ਪ੍ਰਗਟ ਕੀਤੀ।
ਬੀਸੀ ਦੇ ਸਿਹਤ ਮੰਤਰੀ ਐਂਡਰੀਅਨ ਡਿਕਸ, ਐਮ ਐਲ ਏ ਜਿੰਨੀ ਸਿਮਸ, ਸਾਬਕਾ ਐਮ ਐਲ ਏ ਦੇਵ ਹੇਅਰ, ਭਾਰਤੀ ਕੌਂਸਲ ਜਨਰਲ ਰੁੰਗਸੁੰਗ, ਸੀਨੀਅਰ ਕੌਂਸਲਰ ਰਾਹੁਲ ਨੇਗੀ ਤੇ ਹੋਰਾਂ ਨੇ ਸ਼ਰਧਾਂਜਲੀ ਭੇਟ ਕੀਤੀ।
ਰਾਨੀ ਸਰੋਜਨੀ ਸਕਲੀਕਰ ਜਿਸਦੇ ਚਾਚਾ ਅਤੇ ਚਾਚੀ 39 ਸਾਲ ਪਹਿਲਾਂ ਹਵਾਈ ਜਹਾਜ਼ ਧਮਾਕੇ ਵਿਚ ਮਾਰੇ ਗਏ 329 ਲੋਕਾਂ ਵਿੱਚ ਸ਼ਾਮਲ ਸਨ ਦਾ ਕਹਿਣਾ ਸੀ ਉਹ ਹਰ ਸਾਲ ਉਸ ਭਿਆਨਕ ਅੱਤਵਾਦੀ ਹਮਲੇ ਵਿੱਚ ਗਈਆਂ ਜਾਨਾਂ ਅਤੇ ਪਿੱਛੇ ਰਹਿ ਗਏ ਲੋਕਾਂ ਦੀ ਯਾਦ ਵਿਚ ਇਸ ਯਾਦਗਾਰ ਉਪਰ ਆਉਂਦੀ ਹੈ। ਇਹ ਯਾਦਗਾਰੀ ਸਮਾਗਮ ਜੋ ਕਿ ਭਾਰਤੀ ਕੌਂਸਲੇਟ ਆਫਿਸ ਵਲੋਂ ਆਯੋਜਿਤ ਕੀਤਾ ਗਿਆ ਵਿਚ ਪਹਿਲੀ ਵਾਰ ਸੋਗ ਕਰਨ ਵਾਲਿਆਂ ਵਿੱਚ ਉਸ ਸਮੂਹ ਨਾਲ ਸਬੰਧਤ ਸਿੱਖ ਸ਼ਾਮਲ ਹੋਏ ਜੋ ਭਾਰਤ ਵਿੱਚ ਖਾਲਿਸਤਾਨ ਬਣਾਏ ਜਾਣ ਦੀ ਵਕਾਲਤ ਕਰਦੇ ਹਨ।
ਬੰਬ ਧਮਾਕੇ ਦੇ ਮੁਕੱਦਮੇ ਦੌਰਾਨ, ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਸੀ ਕਿ ਬੀ.ਸੀ.-ਅਧਾਰਤ ਸਿੱਖ ਵੱਖਵਾਦੀਆਂ ਨੇ ਸਰਕਾਰੀ ਮਾਲਕੀ ਵਾਲੀ ਏਅਰ ਇੰਡੀਆ ‘ਤੇ ਹਮਲੇ ਦੀ ਯੋਜਨਾ ਬਣਾਈ ਸੀ।
ਇਸ ਕੇਸ ਵਿੱਚ ਸਿਰਫ਼ ਇੱਕ ਵਿਅਕਤੀ ਇੰਦਰਜੀਤ ਸਿੰਘ ਰਿਆਤ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਜਿਸਨੇ ਜਨਵਰੀ 2016 ਵਿੱਚ ਆਪਣੀ ਰਿਹਾਈ ਤੋਂ ਪਹਿਲਾਂ ਕਤਲੇਆਮ, ਝੂਠੀ ਗਵਾਹੀ ਅਤੇ ਬੰਬ ਬਣਾਉਣ ਵਿੱਚ ਭੂਮਿਕਾ ਲਈ ਕੁੱਲ 30 ਸਾਲ ਦੀ ਕੈਦ ਕੱਟੀ ਸੀ।
ਦੋ ਹੋਰ ਕਥਿਤ ਮੁਲਜ਼ਮਾਂ ਅਜੈਬ ਸਿੰਘ ਬਾਗੜੀ ਅਤੇ ਰਿਪੁਦਮਨ ਸਿੰਘ ਨੂੰ ਕਤਲ ਅਤੇ ਸਾਜ਼ਿਸ਼ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ।
ਕੈਨੇਡੀਅਨ ਜਾਂਚ ਕਮਿਸ਼ਨ ਨੇ ਖਾਲਿਸਤਾਨੀ ਲਹਿਰ ਨਾਲ ਜੁੜੇ ਆਗੂ ਤਲਵਿੰਦਰ ਸਿੰਘ ਪਰਮਾਰ ਦੀ ਪਛਾਣ ਹਮਲੇ ਦੇ ਪਿੱਛੇ ਮਾਸਟਰ ਮਾਈਂਡ ਵਜੋਂ ਕੀਤੀ ਸੀ। ਪਰਮਾਰ ਨੂੰ 1992 ਵਿੱਚ ਭਾਰਤੀ ਪੁਲਿਸ ਦੁਆਰਾ ਕਥਿਤ ਤੌਰ ‘ਤੇ ਇਕ ਮੁਕਾਬਲੇ ਵਿਚ ਮਾਰ ਮੁਕਾਇਆ ਸੀ। ਜਦੋਂਕਿ ਮਲਿਕ ਦੀ ਜੁਲਾਈ 2022 ਵਿੱਚ ਸਰੀ, ਬੀ.ਸੀ. ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਆਰ ਸੀ ਐਮ ਪੀ ਨੇ ਏਅਰ ਇੰਡੀਆ ਦੀ ਜਾਂਚ ਨੂੰ ਫੋਰਸ ਦੁਆਰਾ ਕੀਤੀ ਗਈ “ਸਭ ਤੋਂ ਗੁੰਝਲਦਾਰ ਘਰੇਲੂ ਅੱਤਵਾਦ ਜਾਂਚ” ਦੱਸਿਆ ਤੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ।
ਤਸਵੀਰਾਂ-ਸੁਖਵੰਤ ਢਿੱਲੋਂ।