Headlines

ਕਬੱਡੀ ਖਿਡਾਰੀਆਂ ਨੂੰ ਵੀਜ਼ੇ ਨਾ ਮਿਲਣ ਤੋਂ ਨਾਰਾਜ਼ ਫੈਡਰੇਸ਼ਨ ਵਲੋਂ ਸਥਾਨਕ ਐਮ ਪੀਜ਼ ਖਿਲਾਫ ਰੋਸ ਪ੍ਰਦਰਸ਼ਨ ਦਾ ਐਲਾਨ

ਪਹਿਲੀ ਜੁਲਾਈ ਨੂੰ ਐਮ ਪੀਜ ਦਫਤਰਾਂ ਸਾਹਮਣੇ ਰੋਸ ਪ੍ਰਦਰਸ਼ਨ ਕਰਾਂਗੇ-ਸੰਧੂ

ਇਮੀਗ੍ਰੇਸ਼ਨ ਵਿਭਾਗ ਨੇ ਯੋਗਤਾ ਤੇ ਬਰਾਬਰ ਮੌਕੇ ਲਈ ਵਿਸ਼ੇਸ਼ ਪੋਰਟਲ ਬਣਾਇਆ, ਕਿਸੇ ਐਮ ਪੀ ਦਾ ਕੋਈ ਦਖਲ ਨਹੀਂ-ਸੁਖ ਧਾਲੀਵਾਲ-

ਸਰੀ ( ਦੇ ਪ੍ਰ ਬਿ)- ਕੈਨੇਡਾ ਵਿਚ ਪੰਜਾਬੀਆਂ ਦੀ ਹਰਮਨਪਿਆਰੀ ਖੇਡ ਕਬੱਡੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਵੱਖ-ਵੱਖ ਕਬੱਡੀ ਫੈਡਰੇਸ਼ਨਾਂ ਤੇ ਕਲੱਬਾਂ ਵਲੋਂ ਸਪਾਂਸਰ ਪੰਜਾਬ ਤੋਂ ਨਾਮੀ ਤੇ ਉਭਰਦੇ ਕਬੱਡੀ ਖਿਡਾਰੀ, ਕਬੱਡੀ ਟੂਰਨਾਮੈਂਟਾਂ ਦੀ ਸ਼ਾਨ ਬਣਦੇ ਹਨ। ਭਾਵੇਂਕਿ ਇਸ ਦੌਰਾਨ ਪੰਜਾਬ ਤੋਂ ਆਉਣ ਵਾਲੇ ਕਈ ਕਬੱਡੀ ਖਿਡਾਰੀਆਂ ਦੇ ਕਬੂਤਰ ਬਣਕੇ ਉਡਾਰੀ ਮਾਰ ਜਾਣ ਜਾਂ ਸਪਾਂਸਰ ਕਲੱਬਾਂ ਨੂੰ ਛੱਡ ਜਾਣ ਦੀਆਂ ਖਬਰਾਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ਪਰ ਇਸਦੇ ਬਾਵਜੂਦ ਕਬੱਡੀ ਫੈਡਰੇਸ਼ਨਾਂ ਵਲੋਂ ਟੂਰਨਾਮੈਂਟ ਦੇ ਨਾਮ ਹੇਠ ਇਮੀਗ੍ਰੇਸ਼ਨ ਵਿਭਾਗ ਕੋਲ ਪਾਈਆਂ ਜਾਂਦੀਆਂ ਵੀਜ਼ਾ ਅਰਜੀਆਂ ਵਿਚੋਂ  ਨਵੇਂ ਖਿਡਾਰੀਆਂ ਨੂੰ ਵੀਜ਼ੇ ਜਾਰੀ ਹੁੰਦੇ ਹਨ। ਖਿਡਾਰੀਆਂ ਲਈ ਵੀਜਾ ਪ੍ਰਕਿਰਿਆ ਵਿਚ ਸਥਾਨਕ ਐਮ ਪੀਜ਼ ਵਲੋਂ  ਸਿਫਾਰਸ਼ੀ ਲੈਟਰਾਂ ਦੀ ਭੂਮਿਕਾ ਨੂੰ ਬਹੁਤ ਅਹਿਮ ਮੰਨਿਆ ਜਾਂਦਾ ਹੈ।

ਇਸੇ ਦੌਰਾਨ ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਸੁਸਾਇਟੀ ਵਲੋਂ ਸਪਾਂਸਰ ਖਿਡਾਰੀਆਂ ਦੀਆਂ ਵੀਜਾ ਅਰਜੀਆਂ ਰੱਦ ਹੋਣ ਤੋਂ ਨਾਰਾਜ਼ ਹੁੰਦਿਆਂ ਬੀ ਸੀ ਦੇ ਦੋ ਸਥਾਨਕ ਲਿਬਰਲ ਐਮ ਪੀਜ਼ ਖਿਲਾਫ ਉਹਨਾਂ ਦੀ ਫੈਡਰੇਸ਼ਨ ਨਾਲ ਪੱਖਪਾਤ ਕਰਨ ਦੇ ਦੋਸ਼ ਲਗਾਏ ਹਨ। ਫੈਡਰੇਸ਼ਨ ਦੇ ਪ੍ਰਧਾਨ ਜੀਵਨ ਸ਼ੇਰਗਿੱਲ ਤੇ ਸੈਕਟਰੀ ਕੁਲਵਿੰਦਰ ਸਿੰਘ ਸੰਧੂ ਵਲੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਐਮ ਪੀ ਸੁਖ ਧਾਲੀਵਾਲ ਅਤੇ ਐਮ ਪੀ ਰਣਦੀਪ ਸਿੰਘ ਸਰਾਏ ਉਪਰ ਪੱਖਪਾਤ ਕਰਨ ਦੇ ਦੋਸ਼ ਲਗਾਉਂਦਿਆਂ ਪਹਿਲੀ ਜੁਲਾਈ ਨੂੰ ਕੈਨੇਡਾ ਡੇਅ ਮੌਕੇ ਉਹਨਾਂ ਦੇ ਦਫਤਰਾਂ ਮੂਹਰੇ ਰੋਸ ਵਿਖਾਵਾ ਕਰਨ ਦਾ ਐਲਾਨ ਕੀਤਾ ਗਿਆ ਹੈ। ਦੇਸ ਪ੍ਰਦੇਸ਼  ਵਲੋਂ ਫੈਡਰੇਸ਼ਨ ਦੇ ਸੈਕਟਰੀ ਕੁਲਵਿੰਦਰ ਸਿੰਘ ਸੰਧੂ ਨਾਲ ਸੰਪਰਕ ਕਰਨ ਤੇ  ਉਹਨਾਂ ਦੱਸਿਆ ਕਿ ਉਹਨਾਂ ਦੀ ਫੈਡਰੇਸ਼ਨ ਪਿਛਲੇ 8-9 ਸਾਲ ਤੋਂ ਬੱਚਿਆਂ ਵਿਚ ਕਬੱਡੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕਰਦੀ ਆ ਰਹੀ ਹੈ। ਉਹਨਾਂ ਵਲੋਂ ਇਸ ਵਾਰ 28 ਜੁਲਾਈ ਨੂੰ ਟੂਰਨਾਮੈਂਟ ਕਰਵਾਏ ਜਾਣ ਤੋ ਇਲਾਵਾ ਕਿਡਜ ਪਲੇਅ ਸੰਸਥਾ ਨਾਲ ਮਿਲਕੇ ਕਈ ਕਮਿਊਨਿਟੀ ਟੂਰਨਾਮੈਂਟ ਉਲੀਕੇ ਗਏ ਹਨ। ਉਹਨਾਂ ਵਲੋਂ ਇਹਨਾਂ ਟੂਰਨਾਮੈਂਟ ਵਿਚ ਸ਼ਮੂਲੀਅਤ ਲਈ ਪੰਜਾਬ ਤੋਂ 25 ਖਿਡਾਰੀਆਂ ਲਈ ਅਪਲਾਈ ਕੀਤਾ ਗਿਆ ਸੀ, ਜਿਹਨਾਂ ਚੋ ਕੇਵਲ ਇਕ ਖਿਡਾਰੀ ਨੂੰ ਹੀ ਵੀਜ਼ਾ ਮਿਲਿਆ ਹੈ। ਉਹਨਾਂ ਸਥਾਨਕ ਐਮ ਪੀ ਨਾਲ ਪਹੁੰਚ ਕੀਤੀ ਤਾਂ ਉਹਨਾਂ ਨੂੰ ਦੋਬਾਰਾ ਅਪਲਾਈ ਕਰਨ ਲਈ ਕਿਹਾ ਗਿਆ। ਉਹਨਾਂ ਮੁੜ 21 ਖਿਡਾਰੀਆਂ ਲਈ ਅਪਲਾਈ ਕੀਤਾ ਪਰ ਇਹ ਸਾਰੀਆਂ ਅਰਜੀਆਂ ਮੁੜ ਰੱਦ ਹੋ ਗਈਆਂ ਹਨ। ਉਹਨਾਂ ਦੋਸ਼ ਲਗਾਇਆ ਕਿ ਸਥਾਨਕ ਐਮ ਪੀਜ਼ ਵਲੋਂ ਵੱਡੀਆਂ ਫੈਡਰੇਸ਼ਨਾਂ ਵਲੋਂ ਸਪਾਂਸਰ ਖਿਡਾਰੀਆਂ ਨੂੰ ਇਮੀਗ੍ਰੇਸ਼ਨ ਮੰਤਰੀ ਤੱਕ ਪਹੁੰਚ ਕਰਕੇ ਵੀਜੇ ਦਿਵਾਏ ਗਏ ਹਨ ਜਦੋਂ ਕਿ ਉਹਨਾਂ ਦੀ ਫੈਡਰੇਸ਼ਨ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸ  ਵਿਤਕਰੇ ਦੇ ਖਿਲਾਫ ਉਹਨਾਂ ਇਮੀਗ੍ਰੇਸ਼ਨ ਮੰਤਰੀ ਅਤੇ ਸਥਾਨਕ ਲਿਬਰਲ ਐਮ ਪੀਜ ਦੇ ਦਫਤਰਾਂ ਮੂਹਰੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।

ਦੇਸ ਪ੍ਰਦੇਸ਼ ਵਲੋਂ ਐਮ ਪੀ ਸੁੱਖ ਧਾਲੀਵਾਲ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਉਹ ਕਿਸੇ ਖੇਡ ਫੈਡਰੇਸ਼ਨ ਜਾਂ ਖਿਡਾਰੀ ਨੂੰ ਵੀਜ਼ਾ ਦੇਣ ਦੀ ਸ਼ਿਫਾਰਸ ਤਾਂ ਕਰ ਸਕਦੇ ਹਨ ਪਰ ਇਹ ਅਧਿਕਾਰ ਵੀਜ਼ਾ ਅਫਸਰ ਦਾ ਹੈ ਕਿ ਉਹਨਾਂ ਕਿਸਨੂੰ ਵੀਜ਼ਾ ਦੇਣਾ ਹੈ। ਉਹਨਾਂ ਹੋਰ ਦੱਸਿਆ ਕਿ ਉਹਨਾਂ ਦੀਆਂ ਕੋਸ਼ਿਸ਼ਾਂ ਸਕਦਾ ਇਮੀਗ੍ਰੇਸ਼ਨ ਮੰਤਰੀ ਦੇ ਦਫਤਰ ਵਲੋਂ ਖਿਡਾਰੀਆਂ ਨੂੰ ਵੀਜ਼ਾ ਸਹੂਲਤ ਲਈ ਇਕ ਵਿਸ਼ੇਸ਼ ਪੋਰਟਲ ਬਣਾਇਆ ਗਿਆ ਹੈ ਤਾਂਕਿ ਹਰੇਕ ਸੰਸਥਾ ਜਾਂ ਖਿਡਾਰੀ ਨੂੰ ਯੋਗਤਾ ਮੁਤਾਬਿਕ ਬਰਾਬਰ ਦਾ ਮੌਕਾ ਮਿਲੇ ਤੇ ਕਿਸੇ ਨਾਲ ਵਿਤਕਰਾ ਹੋਣ ਦੀ ਕੋਈ ਸ਼ਿਕਾਇਤ ਨਾ ਰਹੇ।   ਉਹਨਾਂ ਕਿਹਾ ਕਿ ਇਮੀਗ੍ਰੇਸ਼ਨ ਵਿਭਾਗ ਕਿਸੇ ਸੰਸਥਾ ਜਾਂ ਖਿਡਾਰੀ ਦਾ ਰਿਕਾਰਡ ਵੇਖਣ ਉਪਰੰਤ ਹੀ ਵੀਜੇ ਜਾਰੀ ਕਰਦਾ ਹੈ। ਵਿਭਾਗ ਇਹ ਧਿਆਨ ਰੱਖ ਰਿਹਾ ਹੈ ਕਿ 2018 ਤੋਂ ਹੁਣ ਤੱਕ  ਕਬੱਡੀ ਫੈਡਰੇਸ਼ਨਾਂ ਦੀ ਸਿਫਾਰਸ਼ ਤੇ ਕਿੰਨੇ ਖਿਡਾਰੀਆਂ  ਨੂੰ ਵੀਜ਼ੇ ਜਾਰੀ ਹੋਏ ਤੇ ਉਹਨਾਂ ਚੋ ਕਿੰਨੇ ਕਬੂਤਰ ਬਣੇ ਹਨ। ਵੀਜ਼ਾ ਜਾਰੀ ਹੋਣ ਵਿਚ ਐਮ ਪੀ ਜਾਂ ਉਹਨਾਂ ਦੇ ਦਫਤਰ ਦੀ ਕੋਈ ਭੂਮਿਕਾ ਨਹੀ ਹੈ। ਐਮ ਪੀ ਤਾਂ ਕੇਵਲ ਸਿਫਾਰਸ਼ ਹੀ ਕਰ ਸਕਦਾ ਹੈ ਤੇ ਇਸ ਲਈ ਉਹਨਾਂ ਦੇ ਦਫਤਰ ਵਿਚ ਆਉਣ ਵਾਲੇ ਹਰ ਸ਼ਹਿਰੀ ਦਾ ਸਤਿਕਾਰ ਹੈ। ਉਹਨਾਂ ਹੋਰ ਕਿਹਾ ਕਿ ਜਿਹਨਾਂ ਵੀ ਖਿਡਾਰੀਆਂ ਦੇ ਵੀਜ਼ੇ ਰੱਦ ਹੋਏ ਹਨ, ਉਹ ਉਹਨਾਂ ਸਬੰਧੀ ਇਮੀਗ੍ਰੇਸ਼ਨ ਮੰਤਰੀ ਤੱਕ ਪਹੁੰਚ ਕਰ ਰਹੇ ਹਨ ਕਿ ਯੋਗ ਖਿਡਾਰੀਆਂ ਨੂੰ ਵੀਜ਼ੇ ਦਿੱਤੇ ਜਾਣ। ਇਸ ਲਈ ਵਿਭਾਗ ਨਾਲ ਗੱਲਬਾਤ ਜਾਰੀ ਹੈ।

 

 

Leave a Reply

Your email address will not be published. Required fields are marked *