Headlines

ਸ਼੍ਰੋਮਣੀ ਅਕਾਲੀ ਦਲ ਆਪਣੇ ਸਿਧਾਂਤਾਂ ’ਤੇ ਖਰਾ ਨਹੀਂ ਉਤਰਿਆ: ਵਡਾਲਾ

ਜਲੰਧਰ, 28 ਜੂਨ

ਸ਼੍ਰੋਮਣੀ ਅਕਾਲੀ ਦਲ ਵਿੱਚ ਚੱਲ ਰਿਹਾ ਕਲੇਸ਼ ਮੁੱਕਦਾ ਨਜ਼ਰ ਨਹੀਂ ਆ ਰਿਹਾ। ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਮਨੀ ਚੋਣ ਵਿੱਚ ਬਸਪਾ ਦੀ ਹਮਾਇਤ ਦੇ ਕੀਤੇ ਐਲਾਨ ਤੋਂ ਬਾਅਦ ਅੱਜ ਅਕਾਲੀ ਆਗੂ ਬੀਬੀ ਜਗੀਰ ਕੌਰ ਅਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਪਾਰਟੀ ਪ੍ਰਧਾਨ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸ੍ਰੀ ਵਡਾਲਾ ਨੇ ਕਿਹਾ, ‘‘ਅੱਜ ਸਾਡੀ ਪਾਰਟੀ ਆਪਣੇ ਸਿਧਾਂਤਾਂ ’ਤੇ ਖਰੀ ਨਹੀਂ ਉਤਰ ਸਕੀ। ਬਾਦਲ ਦੀ ਅਗਵਾਈ ਹੇਠ ਦਲ ਨੂੰ ਬਹੁਤ ਨੁਕਸਾਨ ਹੋਇਆ ਹੈ। ਅਜਿਹੇ ’ਚ ਪਾਰਟੀ ਵਿੱਚ ਬਦਲਾਅ ਦੀ ਬਹੁਤ ਲੋੜ ਹੈ।’’ ਉਨ੍ਹਾਂ ਕਿਹਾ ਕਿ ਪਾਰਟੀ ਨੇ ਉਮੀਦਵਾਰ ਐਲਾਨਣ ਤੋਂ ਦੋ ਦਿਨ ਪਹਿਲਾਂ ਪਾਰਟੀ ਦਾ ਲੋਗੋ ਚੰਡੀਗੜ੍ਹ ਤੋਂ ਮੰਗਵਾਇਆ ਸੀ। ਅਜਿਹਾ ਨਹੀਂ ਹੈ ਕਿ ਪਾਰਟੀ ਨੂੰ ਉਮੀਦਵਾਰ ਬਾਰੇ ਪਤਾ ਹੀ ਨਹੀਂ ਸੀ। ਮੀਟਿੰਗਾਂ ਲਗਾਤਾਰ ਚੱਲ ਰਹੀਆਂ ਹਨ ਅਤੇ ਕਿਸੇ ਸਿੱਖ ਨੇ ਇਹ ਨਹੀਂ ਕਿਹਾ ਕਿ ਉਹ ਵੋਟ ਨਹੀਂ ਪਾਵੇਗਾ। ਸ੍ਰੀ ਵਡਾਲਾ ਨੇ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਸਾਬਕਾ ਵਿਧਾਇਕ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਇੱਕ ਭਾਸ਼ਣ ਵਿੱਚ ਕਿਹਾ ਸੀ ਕਿ ਪਾਰਟੀ ਕਿਸੇ ਇੱਕ ਵਿਅਕਤੀ ਦੀ ਜਾਇਦਾਦ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਪਾਰਟੀ ਮੁਖੀ ਦੀ ਇਹ ਰਾਇ ਹੈ ਤਾਂ ਉਨ੍ਹਾਂ ਨੂੰ ਪਾਰਟੀ ਛੱਡਣੀ ਚਾਹੀਦੀ ਹੈ। ਸ੍ਰੀ ਵਡਾਲਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਨੇ ਬਸਪਾ ਦੀ ਹਮਾਇਤ ਕਰ ਕੇ ਗਰੀਬ ਪਰਿਵਾਰ ਦਾ ਮਜ਼ਾਕ ਉਡਾਇਆ ਹੈ। ਬੀਬੀ ਜਗੀਰ ਕੌਰ ਨੇੇ ਕਿਹਾ ਕਿ ਪਾਰਟੀ ਨੇ ਬੀਬੀ ਸੁਰਜੀਤ ਕੌਰ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪੰਥ ਦੇ ਲੀਡਰਾਂ ਨੂੰ ਅਪੀਲ ਕਰਦੇ ਨੇ ਕਿ ਉਹ ਬੀਬੀ ਸੁਰਜੀਤ ਕੌਰ ਦਾ ਸਾਥ ਦੇ ਕੇ ਉਨ੍ਹਾਂ ਨੂੰ ਜਲੰਧਰ ਜ਼ਿਮਨੀ ਚੋਣ ਜਿਤਾਉਣ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਬੀਬੀ ਸੁਰਜੀਤ ਕੌਰ ਦੇ ਨਾਲ ਹਨ ਅਤੇ ਤੱਕੜੀ ਨੂੰ ਵੋਟਾਂ ਜ਼ਰੂਰ ਪਵਾਉਣਗੇ।