17 ਸਾਲਾਂ ਬਾਅਦ ਮੁੜ ਖਿਤਾਬ ਜਿੱਤਿਆ; ਭਾਰਤ ਦੀਆਂ ਸੱਤ ਵਿਕਟਾਂ ਦੇ ਨੁਕਸਾਨ ’ਤੇ ਬਣੀਆਂ ਸਨ 176 ਦੌੜਾਂ; ਦੱਖਣੀ ਅਫਰੀਕਾ ਦੀ ਟੀਮ 169 ਦੌੜਾਂ ਹੀ ਬਣਾ ਸਕੀ
ਬਾਰਬਾਡੋਸ, 29 ਜੂਨ
ਇੱਥੇ ਖੇਡੇ ਜਾ ਰਹੇ ਟੀ-20 ਵਿਸ਼ਵ ਕ੍ਰਿਕਟ ਕੱਪ ਦੇ ਫਾਈਨਲ ਮੁਕਾਬਲੇ ਵਿਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਖਿਤਾਬ ਜਿੱਤ ਲਿਆ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ ਵੀਹ ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ਨਾਲ 176 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਦੀ ਟੀਮ 177 ਦੌੜਾਂ ਦਾ ਪਿੱਛਾ ਕਰਦਿਆਂ ਅੱਠ ਵਿਕਟਾਂ ਦੇ ਨੁਕਸਾਨ ਨਾਲ 169 ਦੌੜਾਂ ਹੀ ਬਣਾ ਸਕੀ। ਦੱਖਣੀ ਅਫਰੀਕਾ ਵੱਲੋਂ ਹੈਨਰਿਚ ਕਲੈਸਨ ਨੇ 27 ਗੇਂਦਾਂ ਵਿਚ 52 ਦੌੜਾਂ ਬਣਾਉਂਦਿਆਂ ਟੀਮ ਨੂੰ ਜਿਤਾਉਣ ਲਈ ਪੂਰੀ ਵਾਹ ਲਾਈ। ਉਸ ਨੇ ਅਕਸ਼ਰ ਪਟੇਲ ਦੇ ਇਕ ਓਵਰ ਵਿਚ 24 ਦੌੜਾਂ ਬਣਾ ਕੇ ਮੈਚ ਦਾ ਪਾਸਾ ਦੱਖਣੀ ਅਫਰੀਕਾ ਦੀ ਟੀਮ ਵੱਲ ਮੋੜਿਆ ਪਰ ਇਸ ਤੋਂ ਬਾਅਦ ਭਾਰਤ ਨੇ ਦੱਖਣੀ ਅਫਰੀਕਾ ਦੇ ਦੋ ਬੱਲੇਬਾਜ਼ਾਂ ਨੂੰ ਨਾਲ ਦੀ ਨਾਲ ਆਊਟ ਕੀਤਾ ਤੇ ਉਸ ਤੋਂ ਬਾਅਦ ਭਾਰਤ ਨੂੰ ਖਿਤਾਬੀ ਜਿੱਤ ਹਾਸਲ ਹੋਈ। ਦੱਖਣੀ ਅਫਰੀਕਾ ਨੂੰ ਆਖਰੀ ਓਵਰ ਵਿਚ 16 ਦੌੜਾਂ ਚਾਹੀਦੀਆਂ ਸਨ ਪਰ ਡੇਵਿਡ ਮਿਲਰ ਦਾ ਸੂਰਿਆ ਕੁਮਾਰ ਨੇ ਬਾਊਂਡਰੀ ’ਤੇ ਸ਼ਾਨਦਾਰ ਕੈਚ ਲੈ ਕੇ ਮੈਚ ਦਾ ਪਾਸਾ ਪਲਟ ਦਿੱਤਾ। ਦੱਖਣੀ ਅਫਰੀਕਾ ਨੂੰ ਆਖਰੀ ਦੋ ਗੇਂਦਾਂ ਵਿਚ ਦਸ ਦੌੜਾਂ ਚਾਹੀਦੀਆਂ ਸਨ ਪਰ ਹਾਰਦਿਕ ਪਾਂਡਿਆ ਨੇ ਵਾਈਡ ਗੇਂਦ ਸੁੱਟ ਦਿੱਤੀ। ਇਸ ਤੋਂ ਅਗਲੀ ਗੇਂਦ ਵਿਚ ਰਬਾਡਾ ਆਊਟ ਹੋ ਗਿਆ ਤੇ ਆਖਰੀ ਗੇਂਦ ’ਤੇ ਨੌਂ ਦੌੜਾਂ ਚਾਹੀਦੀਆਂ ਸਨ ਪਰ ਦੱਖਣੀ ਅਫਰੀਕਾ ਸਿਰਫ ਇਕ ਦੌੜ ਹੀ ਬਣਾ ਸਕਿਆ ਤੇ ਭਾਰਤ ਨੇ ਵਿਸ਼ਵ ਕੱਪ ਮੁਕਾਬਲਾ ਸੱਤ ਦੌੜਾਂ ਨਾਲ ਜਿੱਤ ਲਿਆ।
ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਦੇ ਪਹਿਲੇ ਤਿੰਨ ਬੱਲੇਬਾਜ਼ ਪਾਵਰਪਲੇਅ ਦੌਰਾਨ ਹੀ ਆਊਟ ਹੋ ਗਏ। ਸਭ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਕੈਚ ਆਊਟ ਹੋਇਆ। ਉਸ ਤੋਂ ਬਾਅਦ ਰਿਸ਼ਵ ਪੰਤ ਬਿਨਾਂ ਕੋਈ ਦੌੜ ਬਣਾਏ ਵਿਕਟਕੀਪਰ ਨੂੰ ਕੈਚ ਦੇ ਬੈਠਾ। ਉਸ ਤੋਂ ਬਾਅਦ ਸੂਰਿਆ ਕੁਮਾਰ ਵੀ ਜਲਦੀ ਹੀ ਆਊਟ ਹੋ ਗਿਆ। ਭਾਰਤ ਨੇ 13.2 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ 105 ਦੌੜਾਂ ਬਣਾ ਲਈਆਂ ਸਨ। ਇਸ ਤੋਂ ਬਾਅਦ ਅਗਲੀ ਹੀ ਗੇਂਦ ’ਤੇ ਅਕਸ਼ਰ ਪਟੇਲ ਰਨ ਆਊਟ ਹੋ ਗਿਆ ਹੈ। ਉਸ ਨੇ 31 ਗੇਂਦਾਂ ਵਿੱਚ 47 ਦੌੜਾਂ ਬਣਾਈਆਂ ਤੇ ਭਾਰਤ ਦੀਆਂ ਚਾਰ ਵਿਕਟਾਂ ਦੇ ਨੁਕਸਾਨ ’ਤੇ 106 ਦੌੜਾਂ ਬਣੀਆਂ ਸਨ। ਇਸ ਤੋਂ ਬਾਅਦ ਵਿਰਾਟ ਕੋਹਲੀ ਨੇ 59 ਗੇਂਦਾਂ ਖੇਡਦਿਆਂ 76 ਦੌੜਾਂ ਬਣਾਈਆਂ ਜੋ ਛੱਕਾ ਮਾਰਨ ਦੀ ਕੋਸ਼ਿਸ਼ ਕਰਦਿਆਂ ਬਾਊਂਡਰੀ ਨੇੜੇ ਕੈਚ ਆਊਟ ਹੋਇਆ। ਇਸ ਤੋਂ ਬਾਅਦ ਸ਼ਿਵਮ ਦੂਬੇ 16 ਗੇਂਦਾਂ ਵਿਚ 27 ਦੌੜਾਂ ਬਣਾ ਕੇ ਆਊਟ ਹੋਇਆ। ਉਸ ਤੋਂ ਬਾਅਦ ਭਾਰਤ ਦੀ ਆਖਰੀ ਵਿਕਟ ਰਵਿੰਦਰ ਜਡੇਜਾ ਵਜੋਂ ਡਿੱਗੀ। ਭਾਰਤ ਨੇ ਨਿਰਧਾਰਿਤ ਵੀਹ ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਨਾਲ 176 ਦੌੜਾਂ ਬਣਾਈਆਂ।