ਪ੍ਰਧਾਨ ਮੰਤਰੀ ਨੇ ਕਾਂਗਰਸ ਆਗੂ ’ਤੇ ਪੂਰੇ ਹਿੰਦੂ ਸਮਾਜ ਨੂੰ ਹਿੰਸਕ ਆਖਣ ਦਾ ਲਾਇਆ ਦੋਸ਼
ਨਵੀਂ ਦਿੱਲੀ, 1 ਜੁਲਾਈ
ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਲੋਕ ਸਭਾ ’ਚ ਅੱਜ ਭਾਜਪਾ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਹੁਕਮਰਾਨ ਧਿਰ ਦੇ ਆਗੂ ਹਿੰਦੂ ਨਹੀਂ ਹਨ ਕਿਉਂਕਿ ਉਹ 24 ਘੰਟੇ ‘ਹਿੰਸਾ ਅਤੇ ਨਫ਼ਰਤ’ ਫੈਲਾਉਣ ’ਚ ਰੁੱਝੇ ਹੋਏ ਹਨ। ਇਸ ਬਿਆਨ ਦਾ ਸੱਤਾ ਧਿਰ ਨੇ ਜ਼ੋਰਦਾਰ ਵਿਰੋਧ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਆਗੂ ’ਤੇ ਦੋਸ਼ ਲਾਇਆ ਕਿ ਉਸ ਨੇ ਸਾਰੇ ਹਿੰਦੂ ਸਮਾਜ ਨੂੰ ਹਿੰਸਕ ਆਖਿਆ ਹੈ। ਉਂਜ ਰਾਹੁਲ ਨੇ ਮੋਦੀ ’ਤੇ ਵਰ੍ਹਦਿਆਂ ਕਿਹਾ ਕਿ ਉਹ ਭਾਜਪਾ ਬਾਰੇ ਗੱਲ ਕਰ ਰਿਹਾ ਹੈ ਅਤੇ ਹੁਕਮਰਾਨ ਧਿਰ, ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਤੇ ਮੋਦੀ ਪੂਰੇ ਹਿੰਦੂ ਸਮਾਜ ਦੀ ਨੁਮਾਇੰਦਗੀ ਨਹੀਂ ਕਰਦੇ ਹਨ।
ਰਾਸ਼ਟਰਪਤੀ ਦੇ ਭਾਸ਼ਨ ’ਤੇ ਧੰਨਵਾਦ ਮਤੇ ਉਪਰ ਚਰਚਾ ਦੌਰਾਨ ਰਾਹੁਲ ਦੇ ਸੰਬੋਧਨ ਦੌਰਾਨ ਮੋਦੀ ਨੇ ਦੋ ਵਾਰ ਜਦਕਿ ਪੰਜ ਕੈਬਨਿਟ ਮੰਤਰੀਆਂ ਨੇ ਵੀ ਟੋਕਾ-ਟਾਕੀ ਕੀਤੀ। ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਨੂੰ ਚਰਚਾ ਦਾ ਜਵਾਬ ਦੇਣਗੇ। ਰਾਹੁਲ ਦੇ ਕਰੀਬ ਇਕ ਘੰਟਾ 40 ਮਿੰਟ ਦੇ ਤਿੱਖੇ ਭਾਸ਼ਨ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਦੂਆਂ ਨੂੰ ਹਿੰਸਕ ਦਰਸਾਉਣ ਲਈ ਉਸ ਨੂੰ ਮੁਆਫ਼ੀ ਮੰਗਣ ਲਈ ਕਿਹਾ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਵਜੋਂ ਆਪਣੇ ਪਲੇਠੇ ਭਾਸ਼ਨ ਦੌਰਾਨ ਰਾਹੁਲ ਗਾਂਧੀ ਨੇ ਕਿਹਾ, ‘‘ਸਿਰਫ਼ ਇਕ ਧਰਮ ਹੀ ਨਹੀਂ ਸਗੋਂ ਸਾਡੇ ਸਾਰੇ ਧਰਮ ਨਿਡਰਤਾ ਬਾਰੇ ਗੱਲ ਕਰਦੇ ਹਨ।’’ ਇਸ ਮੌਕੇ ਵਿਜ਼ਿਟਰ ਗੈਲਰੀ ’ਚ ਰਾਹੁਲ ਦੀ ਮਾਂ ਸੋਨੀਆ ਗਾਂਧੀ ਅਤੇ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸਨ। ਰਾਹੁਲ ਨੇ ਪੈਗ਼ੰਬਰ ਮੁਹੰਮਦ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਵਿੱਤਰ ਕੁਰਾਨ ਵੀ ਨਿਡਰਤਾ ਬਾਰੇ ਗੱਲ ਕਰਦੀ ਹੈ ਅਤੇ ਕਿਹਾ ਕਿ ਜਦੋਂ ‘ਦੁਆ’ ’ਚ ਹੱਥ ਉੱਠਦੇ ਹਨ ਤਾਂ ਉਸੇ ਵਾਂਗ ਹੀ ‘ਅਭੈ ਮੁਦਰਾ’ ਵੀ ਹੁੰਦੀ ਹੈ। ਭਗਵਾਨ ਸ਼ਿਵ, ਗੁਰੂ ਨਾਨਕ ਅਤੇ ਯੀਸ਼ੂ ਮਸੀਹ ਦੀਆਂ ਤਸਵੀਰਾਂ ਦਿਖਾਉਂਦਿਆਂ ਉਨ੍ਹਾਂ ਨਿਡਰਤਾ ਦੀ ਅਹਿਮੀਅਤ ਦਰਸਾਉਣ ਲਈ ਹਿੰਦੂਤਵ, ਇਸਲਾਮ, ਸਿੱਖ, ਇਸਾਈ, ਬੁੱਧ ਅਤੇ ਜੈਨ ਧਰਮਾਂ ਦਾ ਹਵਾਲਾ ਦਿੱਤਾ। ਭਾਜਪਾ ਸੰਸਦ ਮੈਂਬਰਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ, ‘‘ਸਾਰੇ ਧਰਮਾਂ ਅਤੇ ਦੇਸ਼ ਦੀਆਂ ਮਹਾਨ ਹਸਤੀਆਂ ਨੇ ‘ਡਰੋ ਨਾ ਅਤੇ ਦੂਜਿਆਂ ਨੂੰ ਡਰਾਓ ਨਾ’ ਦਾ ਹਮੇਸ਼ਾ ਸੁਨੇਹਾ ਦਿੱਤਾ ਹੈ। ਸ਼ਿਵਜੀ ਅਭੈ ਮੁਦਰਾ ’ਚ ਦਿਖਾਈ ਦਿੰਦੇ ਹਨ ਜੋ ਅਹਿੰਸਾ ਵੱਲ ਸੰਕੇਤ ਕਰਦੀ ਹੈ। ਪਰ ਜਿਹੜੇ ਆਪਣੇ ਆਪ ਨੂੰ ਹਿੰਦੂ ਅਖਵਾਉਂਦੇ ਹਨ, ਉਹ 24 ਘੰਟੇ ਨਫ਼ਰਤ, ਹਿੰਸਾ ਅਤੇ ਝੂਠ ਫੈਲਾਉਣ ਦਾ ਕੰਮ ਕਰਦੇ ਹਨ।’’
ਹਾਕਮ ਧਿਰ ਦੇ ਮੈਂਬਰ ਜਦੋਂ ਰੋਸ ਵਜੋਂ ਖੜ੍ਹੇ ਹੋਏ ਤਾਂ ਰਾਹੁਲ ਨੇ ਭਾਜਪਾ ਦੀ ਨਿਖੇਧੀ ਕਰਦਿਆਂ ਕਿਹਾ, ‘‘ਤੁਸੀਂ ਹਿੰਦੂ ਹੀ ਨਹੀਂ ਹੋ। ਹਿੰਦੂ ਧਰਮ ’ਚ ਸਾਫ਼ ਲਿਖਿਆ ਹੈ ਕਿ ਸੱਚ ਦਾ ਹਮੇਸ਼ਾ ਸਾਥ ਦੇਣਾ ਚਾਹੀਦਾ ਹੈ ਅਤੇ ਉਸ ਤੋਂ ਥਿੜਕਣਾ ਜਾਂ ਡਰਨਾ ਨਹੀਂ ਚਾਹੀਦਾ ਹੈ।’’ ਭਾਸ਼ਨ ’ਚ ਦਖ਼ਲ ਦਿੰਦਿਆਂ ਮੋਦੀ ਨੇ ਕਿਹਾ, ‘‘ਇਹ ਬਹੁਤ ਹੀ ਗੰਭੀਰ ਮੁੱਦਾ ਹੈ। ਸਾਰੇ ਹਿੰਦੂ ਸਮਾਜ ਨੂੰ ਹਿੰਸਕ ਆਖਣਾ ਗੰਭੀਰ ਮਾਮਲਾ ਹੈ।’’ ਰਾਹੁਲ ਨੇ ਕਿਹਾ ਕਿ ਉਹ ਭਾਜਪਾ ਬਾਰੇ ਗੱਲ ਕਰ ਰਿਹਾ ਹੈ ਅਤੇ ਹੁਕਮਰਾਨ ਧਿਰ ਹਿੰਦੂਤਵ ਦੀ ਇਕੱਲੀ ਪ੍ਰਤੀਨਿਧ ਨਹੀਂ ਹੈ। ‘ਇਸ ਦਾ ਠੇਕਾ ਭਾਜਪਾ ਕੋਲ ਨਹੀਂ ਹੈ।’ ਸ਼ਾਹ ਨੇ ਕਿਹਾ ਕਿ ਕਾਂਗਰਸ ਆਗੂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸਦਨ ਅਤੇ ਦੇਸ਼ ਤੋਂ ਮੁਆਫ਼ੀ ਮੰਗੇ। ਉਨ੍ਹਾਂ ਰਾਹੁਲ ਨੂੰ ਮੋੜਵਾਂ ਜਵਾਬ ਦਿੰਦਿਆਂ ਐਮਰਜੈਂਸੀ ਅਤੇ 1984 ਦੇ ਸਿੱਖ ਦੰਗਿਆਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਉਸ ਨੂੰ ਅਹਿੰਸਾ ਬਾਰੇ ਗੱਲ ਕਰਨ ਦਾ ਹੱਕ ਨਹੀਂ ਹੈ ਕਿਉਂਕਿ ਕਾਂਗਰਸ ਨੇ ਦੇਸ਼ ’ਚ ‘ਵਿਚਾਰਧਾਰਕ ਅਤਿਵਾਦ’ ਫੈਲਾਇਆ ਸੀ। ਰਾਹੁਲ ਨੇ ਦੋਸ਼ ਲਾਇਆ ਕਿ ਮੰਤਰੀ ਮੋਦੀ ਦੇ ਡਰ ਕਾਰਨ ਉਸ ਨਾਲ ਦੁਆ-ਸਲਾਮ ਨਹੀਂ ਕਰਦੇ ਹਨ। ਇਸ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਤੰਤਰ ਅਤੇ ਸੰਵਿਧਾਨ ਨੇ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਆਗੂ ਨੂੰ ਗੰਭੀਰਤਾ ਨਾਲ ਲੈਣਾ ਸਿਖਾਇਆ ਹੈ।
ਕਾਂਗਰਸ ਆਗੂ ਨੇ ਭਾਜਪਾ ’ਤੇ ਸੰਵਿਧਾਨ ਅਤੇ ਦੇਸ਼ ਦੇ ਮੌਲਿਕ ਵਿਚਾਰ ਉਪਰ ‘ਤਰਤੀਬਵਾਰ ਹਮਲੇ’ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਹਾਕਮ ਧਿਰ ਵੱਲੋਂ ਪੇਸ਼ ਵਿਚਾਰਾਂ ਦਾ ਲੱਖਾਂ ਲੋਕਾਂ ਨੇ ਵਿਰੋਧ ਕੀਤਾ। ‘ਮੇਰੇ ’ਤੇ ਪ੍ਰਧਾਨ ਮੰਤਰੀ ਮੋਦੀ ਅਤੇ ਸਰਕਾਰ ਦੇ ਹੁਕਮਾਂ ’ਤੇ ਹਮਲਾ ਹੋਇਆ। ਮੇਰੇ ਖ਼ਿਲਾਫ਼ 20 ਤੋਂ ਜ਼ਿਆਦਾ ਕੇਸ ਹਨ, ਦੋ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ, ਮੇਰਾ ਘਰ ਲੈ ਲਿਆ ਗਿਆ ਅਤੇ ਈਡੀ ਵੱਲੋਂ 55 ਘੰਟਿਆਂ ਤੱਕ ਪੁੱਛ-ਪੜਤਾਲ ਕੀਤੀ ਗਈ।’ ਰਾਹੁਲ ਜਦੋਂ ਭਗਵਾਨ ਸ਼ਿਵ ਦੀ ਤਸਵੀਰ ਦਿਖਾ ਰਹੇ ਸਨ ਤਾਂ ਸਪੀਕਰ ਓਮ ਬਿਰਲਾ ਨੇ ਉਸ ਨੂੰ ਨੇਮ ਚੇਤੇ ਕਰਾਉਂਦਿਆਂ ਕਿਹਾ ਕਿ ਸਦਨ ’ਚ ਪੋਸਟਰ ਦਿਖਾਉਣ ਦੀ ਇਜਾਜ਼ਤ ਨਹੀਂ ਹੈ। ਕਾਂਗਰਸ ਆਗੂ ਨੇ ਭਾਜਪਾ ’ਤੇ ਘੱਟ ਗਿਣਤੀਆਂ ਨੂੰ ਡਰਾਉਣ ਅਤੇ ਮੁਸਲਮਾਨਾਂ, ਸਿੱਖਾਂ ਤੇ ਇਸਾਈਆਂ ਖ਼ਿਲਾਫ਼ ਨਫ਼ਰਤ ਤੇ ਹਿੰਸਾ ਫੈਲਾਉਣ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ, ‘‘ਘੱਟ ਗਿਣਤੀ ਹਰ ਖੇਤਰ ’ਚ ਭਾਰਤ ਦੀ ਨੁਮਾਇੰਦਗੀ ਕਰਦੇ ਹਨ ਅਤੇ ਦੇਸ਼ ਲਈ ਨਾਮਣਾ ਖੱਟ ਕੇ ਲਿਆਂਦੇ ਹਨ। ਉਹ ਦੇਸ਼ ਨਾਲ ਚੱਟਾਨ ਵਾਂਗ ਡੱਟ ਕੇ ਖੜ੍ਹੇ ਹਨ ਅਤੇ ਦੇਸ਼ਭਗਤ ਹਨ ਪਰ ਤੁਸੀਂ (ਭਾਜਪਾ) ਉਨ੍ਹਾਂ ’ਤੇ ਹਮਲੇ ਕਰਦੇ ਹੋ।’’
ਅਗਨੀਪਥ ਯੋਜਨਾ ਦਾ ਜ਼ਿਕਰ ਕਰਦਿਆਂ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਸਰਕਾਰ ਅਗਨੀਵੀਰਾਂ ਨੂੰ ‘ਵਰਤੋ ਅਤੇ ਸੁੱਟ ਦਿਉ ਮਜ਼ਦੂਰਾਂ’ ਵਰਗਾ ਵਿਹਾਰ ਕਰਦੀ ਹੈ ਅਤੇ ਉਨ੍ਹਾਂ ਨੂੰ ‘ਸ਼ਹੀਦ’ ਦਾ ਦਰਜਾ ਤੱਕ ਨਹੀਂ ਦਿੱਤਾ ਜਾਂਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਹੁਲ ਗਾਂਧੀ ਦੇ ਦੋਸ਼ਾਂ ’ਤੇ ਦਖ਼ਲ ਦਿੰਦਿਆਂ ਕਿਹਾ ਕਿ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਅਗਨੀਵੀਰ ਦੇ ਵਾਰਸਾਂ ਨੂੰ ਇਕ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਸ਼ਾਹ ਨੇ ਕਿਹਾ, ‘‘ਇਹ ਸਦਨ ਝੂਠ ਫੈਲਾਉਣ ਦਾ ਸਾਧਨ ਨਹੀਂ ਹੈ। ਰਾਹੁਲ ਗਾਂਧੀ ਨੂੰ ਸਦਨ, ਦੇਸ਼ ਅਤੇ ਅਗਨੀਵੀਰਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਜੇ ‘ਇੰਡੀਆ’ ਗੱਠਜੋੜ ਸੱਤਾ ’ਚ ਆਇਆ ਤਾਂ ਉਹ ਅਗਨੀਪਥ ਯੋਜਨਾ ਰੱਦ ਕਰ ਦੇਣਗੇ ਕਿਉਂਕਿ ਇਹ ਜਵਾਨਾਂ, ਹਥਿਆਰਬੰਦ ਬਲਾਂ ਅਤੇ ਦੇਸ਼ਭਗਤਾਂ ਖ਼ਿਲਾਫ਼ ਹੈ। ਉਨ੍ਹਾਂ ਮਨੀਪੁਰ ਦੇ ਹਾਲਾਤ ਲਈ ਕੇਂਦਰ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਸ ਨੇ ਉੱਤਰ-ਪੂਰਬੀ ਸੂਬੇ ਨੂੰ ਖਾਨਾਜੰਗੀ ਵੱਲ ਧੱਕ ਦਿੱਤਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਸਾਨਾਂ ਦੇ ਮੁੱਦੇ ’ਤੇ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਹ ਫ਼ਸਲਾਂ ’ਤੇ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਾਰੰਟੀ ਨਹੀਂ ਦੇਣਾ ਚਾਹੁੰਦੀ ਹੈ। ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਹੁਲ ਦੇ ਬਿਆਨ ’ਤੇ ਇਤਰਾਜ਼ ਪ੍ਰਗਟ ਕਰਦਿਆਂ ਦੋਸ਼ ਲਾਇਆ ਕਿ ਉਹ ਸਦਨ ਨੂੰ ਗੁੰਮਰਾਹ ਕਰ ਰਿਹਾ ਹੈ। ਕੇਂਦਰੀ ਮੰਤਰੀਆਂ ਕਿਰਨ ਰਿਜਿਜੂ ਅਤੇ ਭੁਪੇਂਦਰ ਯਾਦਵ ਨੇ ਵੀ ਰਾਹੁਲ ਗਾਂਧੀ ਦੇ ਭਾਸ਼ਨ ਦੌਰਾਨ ਦਖ਼ਲ ਦਿੱਤਾ।
ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ ਨਾਲ ਸਬੰਧਤ ਵਿਵਾਦ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਹੁਣ ਪ੍ਰੀਖਿਆ ’ਤੇ ਯਕੀਨ ਨਹੀਂ ਰਿਹਾ ਕਿਉਂਕਿ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਇਹ ਅਮੀਰ ਲੋਕਾਂ ਲਈ ਹੈ ਅਤੇ ਮੈਰਿਟ ’ਚ ਆਉਣ ਵਾਲੇ ਵਿਦਿਆਰਥੀਆਂ ਲਈ ਕੋਈ ਥਾਂ ਨਹੀਂ ਹੈ। ਵਿਰੋਧੀ ਧਿਰ ਦੇ ਆਗੂ ਵਜੋਂ ਨਵੀਂ ਭੂਮਿਕਾ ਬਾਰੇ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ ਉਹ ਮੁਹੱਬਤ ਅਤੇ ਸਨੇਹ ਨਾਲ ਸਾਰੀਆਂ ਧਿਰਾਂ ਦੀ ਨੁਮਾਇੰਦਗੀ ਕਰਨਗੇ। ਉਨ੍ਹਾਂ ਕਿਹਾ, ‘‘ਜਦੋਂ ਹੇਮੰਤ ਸੋਰੇਨ ਜਾਂ ਕੇਜਰੀਵਾਲ ਜੇਲ੍ਹ ਜਾਂਦੇ ਹਨ ਤਾਂ ਮੈਨੂੰ ਇਸ ਦੀ ਫਿਕਰ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਜਾਂਚ ਏਜੰਸੀਆਂ ਉਨ੍ਹਾਂ ਕੋਲ ਭੇਜਦੇ ਹੋ ਤਾਂ ਸਾਨੂੰ ਉਨ੍ਹਾਂ ਦਾ ਬਚਾਅ ਕਰਨਾ ਚਾਹੀਦਾ ਹੈ। ਜਦੋਂ ਤੁਸੀਂ ਸੰਵਿਧਾਨਕ ਅਹੁਦੇ ’ਤੇ ਹੁੰਦੇ ਹੋ ਤਾਂ ਤੁਹਾਡੀਆਂ ਨਿੱਜੀ ਖਾਹਿਸ਼ਾਂ ਪਿੱਛੇ ਰਹਿ ਜਾਂਦੀਆਂ ਹਨ।’’
ਭਾਸ਼ਣ ਦੀ ਸਮਾਪਤੀ ’ਤੇ ਰਾਹੁਲ ਗਾਂਧੀ ਨੇ ਹੁਕਮਰਾਨ ਧਿਰ ਨੂੰ 240 ਸੀਟਾਂ ਜਿੱਤਣ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਲੋਕਾਂ ਦੇ ਮਨਾਂ ’ਚ ਡਰ ਜਾਂ ਨਫ਼ਰਤ ਨਾ ਫੈਲਾਉਣ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਉਹ ਆਪਣਾ ਦੁਸ਼ਮਣ ਨਾ ਸਮਝੇ ਅਤੇ ਉਹ ਹਰ ਮੁੱਦੇ ’ਤੇ ਚਰਚਾ ਕਰਨ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਕੇਂਦਰ ਸਰਕਾਰ ਨੂੰ ਅਗਨੀਵੀਰ ਯੋਜਨਾ, ਮਹਿੰਗਾਈ, ਬੇਰੁਜ਼ਗਾਰੀ ਸਮੇਤ ਹੋਰ ਮੁੱਦਿਆਂ ’ਤੇ ਘੇਰਿਆ ਜਾਂਦਾ ਰਿਹਾ ਹੈ।
ਲੋਕ ਸਭਾ ਸਪੀਕਰ ਪ੍ਰਧਾਨ ਮੰਤਰੀ ਅੱਗੇ ਝੁਕੇ: ਰਾਹੁਲ
ਨਵੀਂ ਦਿੱਲੀ: ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਸਪੀਕਰ ਓਮ ਬਿਰਲਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਸਮੇਂ ਉਨ੍ਹਾਂ ਅੱਗੇ ਝੁਕੇ ਸਨ ਪਰ ਜਦਕਿ ਉਨ੍ਹਾਂ (ਰਾਹੁਲ) ਨਾਲ ਸਿੱਧੇ ਖੜ੍ਹੇ ਹੋ ਕੇ ਹੱਥ ਮਿਲਾਇਆ। ਇਸ ’ਤੇ ਲੋਕ ਸਭਾ ਸਪੀਕਰ ਨੇ ਕਿਹਾ ਕਿ ਉਹ ਵੱਡਿਆਂ ਅੱਗੇ ਝੁਕਣ ਦੀ ਰਵਾਇਤ ਦਾ ਪਾਲਣ ਕਰਦੇ ਹਨ। ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦੀ ਮਤੇ ’ਤੇ ਸਦਨ ’ਚ ਹੋ ਰਹੀ ਚਰਚਾ ’ਚ ਹਿੱਸਾ ਲੈਂਦਿਆਂ ਰਾਹੁਲ ਗਾਂਧੀ ਨੇ ਲੋਕ ਸਭਾ ਸਪੀਕਰ ਦੀ ਚੋਣ ਵਾਲੇ ਦਿਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘ਤੁਸੀਂ (ਸਪੀਕਰ) ਲੋਕ ਸਭਾ ਦੇ ਸਾਲਸ ਹੋ, ਤੁਹਾਡੇ ਸ਼ਬਦ ਇੱਥੇ ਆਖਰੀ ਸ਼ਬਦ ਹਨ। ਤੁਸੀਂ ਜੋ ਕਹੋਗੇ ਉਹ ਭਾਰਤੀ ਲੋਕਤੰਤਰ ਦੀ ਪਰਿਭਾਸ਼ਾ ਹੈ। ਇੱਥੇ ਕੁਰਸੀ ’ਤੇ ਦੋ ਵਿਅਕਤੀ ਬੈਠੇ ਹੋਏ ਹਨ। ਲੋਕ ਸਭਾ ਸਪੀਕਰ ਤੇ ਸ੍ਰੀ ਓਮ ਬਿਰਲਾ।’ ਰਾਹੁਲ ਨੇ ਕਿਹਾ, ‘ਮੈਂ ਇੱਕ ਚੀਜ਼ ਮਹਿਸੂਸ ਕੀਤੀ। ਜਦੋਂ ਮੈਂ ਤੁਹਾਡੇ ਨਾਲ ਹੱਥ ਮਿਲਾਇਆ ਤਾਂ ਤੁਸੀਂ ਸਿੱਧੇ ਖੜ੍ਹੇ ਰਹੇ ਅਤੇ ਮੇਰੇ ਨਾਲ ਹੱਥ ਮਿਲਾਇਆ। ਜਦੋਂ ਮੋਦੀ ਜੀ ਨੇ ਤੁਹਾਡੇ ਨਾਲ ਹੱਥ ਮਿਲਾਇਆ ਤਾਂ ਤੁਸੀਂ ਝੁਕ ਕੇ ਉਨ੍ਹਾਂ ਨਾਲ ਹੱਥ ਮਿਲਾਇਆ।’ ਇਸ ਸਬੰਧੀ ਬਿਰਲਾ ਨੇ ਕਿਹਾ, ‘ਪ੍ਰਧਾਨ ਮੰਤਰੀ ਸਦਨ ਦੇ ਨੇਤਾ ਹਨ। ਜਨਤਕ ਅਤੇ ਨਿੱਜੀ ਜ਼ਿੰਦਗੀ ’ਚ ਸਾਡੇ ਸੰਸਕਾਰ ਹਨ ਕਿ ਆਪਣੇ ਤੋਂ ਕਿਸੇ ਵੱਡੇ ਨੂੰ ਮਿਲੋ ਤਾਂ ਝੁਕ ਕੇ ਸਨਮਾਨ ਕਰੋ, ਉੱਥੇ ਹੀ ਆਪਣੇ ਬਰਾਬਰ ਦੇ ਜਾਂ ਉਮਰ ’ਚ ਛੋਟੇ ਲੋਕਾਂ ਨਾਲ ਬਰਾਬਰੀ ਨਾਲ ਮਿਲੋ। ਮੈਂ ਇਸ ਸੰਸਕਾਰ ਦਾ ਸਨਮਾਨ ਕਰਦਾ ਹਾਂ।’
ਇੱਕ ਦੀ ਆਵਾਜ਼ ਦਬਾਉਣ ’ਤੇ ਭਾਜਪਾ ਨੇ 63 ਸੰਸਦ ਮੈਂਬਰ ਗੁਆਏ: ਮਹੂਆ
ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਅੱਜ ਲੋਕ ਸਭਾ ’ਚ ਕਿਹਾ ਕਿ ਸੱਤਾਧਾਰੀ ਪਾਰਟੀ ਨੂੰ ਇਕ ਸੰਸਦ ਮੈਂਬਰ ਦੀ ਆਵਾਜ਼ ਦਬਾਉਣ ’ਤੇ 63 ਸੰਸਦ ਮੈਂਬਰ ਗੁਆਉਣੇ ਪਏ। ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਭਾਸ਼ਣ ’ਤੇ ਧੰਨਵਾਦ ਦੇ ਮਤੇ ’ਤੇ ਚਰਚਾ ’ਚ ਹਿੱਸਾ ਲੈਂਦਿਆਂ ਤ੍ਰਿਣਮੂਲ ਕਾਂਗਰਸ ਦੀ ਆਗੂ ਮਹੂਆ ਮੋਇਤਰਾ ਨੇ ਪਿਛਲੀ ਲੋਕ ਸਭਾ ’ਚੋਂ ਬਾਹਰ ਕੀਤੇ ਜਾਣ ’ਤੇ ਸੱਤਾਧਾਰੀ ਭਾਜਪਾ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਇਸ ਵਾਰ ਭਾਜਪਾ ਵਿਰੋਧੀ ਧਿਰ ਨਾਲ ਉਸ ਤਰ੍ਹਾਂ ਦਾ ਵਿਹਾਰ ਨਹੀਂ ਕਰ ਸਕੇਗੀ ਜਿਸ ਤਰ੍ਹਾਂ ਪਿਛਲੀ ਲੋਕ ਸਭਾ ਦੌਰਾਨ ਕੀਤਾ ਸੀ। ਸਵਾਲ ਬਦਲੇ ਨਕਦੀ ਮਾਮਲੇ ਵਿੱਚ ਉਨ੍ਹਾਂ ਨੂੰ 17ਵੀਂ ਲੋਕ ਸਭਾ ’ਚੋਂ ਬਾਹਰ ਕੱਢੇ ਜਾਣ ਦਾ ਜ਼ਿਕਰ ਕਰਦਿਆਂ ਮਹੂਆ ਨੇ ਕਿਹਾ, “ਪਿਛਲੀ ਵਾਰ ਜਦੋਂ ਮੈਂ ਖੜ੍ਹੀ ਹੋਈ ਸੀ ਤਾਂ ਮੈਨੂੰ ਬੋਲਣ ਨਹੀਂ ਦਿੱਤਾ ਗਿਆ ਸੀ। ਸੱਤਾਧਾਰੀ ਪਾਰਟੀ ਨੂੰ ਇੱਕ ਸੰਸਦ ਮੈਂਬਰ ਦੀ ਆਵਾਜ਼ ਦਬਾਉਣ ਦੀ ਭਾਰੀ ਕੀਮਤ ਚੁਕਾਉਣੀ ਪਈ ਹੈ।’’ ਉਨ੍ਹਾਂ ਕਿਹਾ, ‘‘ਮੈਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ’ਚ ਜਨਤਾ ਨੇ ਉਨ੍ਹਾਂ ਨੂੰ ਚੁੱਪ ਕਰਵਾ ਦਿੱਤਾ ਜਿਸ ਕਾਰਨ ਭਾਜਪਾ 63 ਸੰਸਦ ਮੈਂਬਰ ਗੁਆ ਬੈਠੀ ਹੈ। ਮੈਨੂੰ ਬਿਠਾਉਣ ਦੇ ਚੱਕਰ ਵਿੱਚ ਜਨਤਾ ਨੇ ਤੁਹਾਨੂੰ ਬਿਠਾ ਦਿੱਤਾ। ਤੁਹਾਡੇ 63 ਸੰਸਦ ਮੈਂਬਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।’’ ਰਾਸ਼ਟਰਪਤੀ ਦੇ ਸੰਬੋਧਨ ਦਾ ਹਵਾਲਾ ਦਿੰਦਿਆਂ ਮੋਇਤਰਾ ਨੇ ਦਾਅਵਾ ਕੀਤਾ ਕਿ ਇਸ ਵਿਚ ਕੁਝ ਅਹਿਮ ਮੁੱਦੇ ਛੱਡ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਛੇ ਵਿਸ਼ੇ ਹਨ। ਇਸ ਵਿੱਚ ਉੱਤਰ-ਪੂਰਬ ਲਈ ਬਜਟ ’ਚ ਚਾਰ ਗੁਣਾ ਵਾਧਾ ਸ਼ਾਮਲ ਹੈ ਪਰ ਫਿਰ ਵੀ ਭਾਸ਼ਣ ਵਿੱਚ ‘ਮਨੀਪੁਰ’ ਸ਼ਬਦ ਨਹੀਂ ਵਰਤਿਆ ਗਿਆ।
ਖੜਗੇ ਨੇ ਰਾਜ ਸਭਾ ’ਚ ਮੋਦੀ ਨੂੰ ਘੇਰਿਆ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਕਿ ਪਿਛਲੇ 10 ਸਾਲਾਂ ਦਾ ਰਾਜ ਸਿਰਫ਼ ਟਰੇਲਰ ਸੀ ਅਤੇ ‘ਪਿਕਚਰ ਹਾਲੇ ਬਾਕੀ ਹੈ’ ’ਤੇ ਉਨ੍ਹਾਂ ਨੂੰ ਘੇਰਦਿਆਂ ਕਿਹਾ ਕਿ ਐੱਨਡੀਏ ਦੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਪੇਪਰ ਲੀਕ, ਜੰਮੂ ਕਸ਼ਮੀਰ ’ਚ ਦਹਿਸ਼ਤੀ ਹਮਲੇ, ਰੇਲ ਹਾਦਸੇ, ਹਵਾਈ ਅੱਡੇ ’ਤੇ ਛੱਜਾ ਡਿੱਗਣ, ਪੁੱਲ ਟੁੱਟਣ ਅਤੇ ਟੌਲ ਟੈਕਸ ’ਚ ਵਾਧੇ ਨਾਲ ਹੋਈ ਹੈ। ਉਪਰਲੇ ਸਦਨ ’ਚ ਵਿਰੋਧੀ ਧਿਰ ਦੇ ਆਗੂ ਨੇ ਚੋਣ ਭਾਸ਼ਣਾਂ ਲਈ ਪ੍ਰਧਾਨ ਮੰਤਰੀ ਦੀ ਨਿਖੇਧੀ ਕੀਤੀ ਅਤੇ ਆਰਐੱਸਐੱਸ ਖ਼ਿਲਾਫ਼ ਵੀ ਦੋਸ਼ ਲਾਏ ਪਰ ਉਨ੍ਹਾਂ ਦੀਆਂ ਜ਼ਿਆਦਾਤਰ ਟਿੱਪਣੀਆਂ ਨੂੰ ਚੇਅਰਮੈਨ ਜਗਦੀਪ ਧਨਖੜ ਨੇ ਕਾਰਵਾਈ ’ਚੋਂ ਹਟਾ ਦਿੱਤਾ। ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ਉਪਰ ਚਰਚਾ ’ਚ ਹਿੱਸਾ ਲੈਂਦਿਆਂ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਆਖਿਆ ਸੀ ਕਿ ‘ਪਿਛਲੇ 10 ਸਾਲ ਸਿਰਫ਼ ਟਰੇਲਰ ਸਨ, ਹਾਲੇ ਅਸਲੀ ਪਿਕਚਰ ਬਾਕੀ ਹੈ। ਪਰ ਅਸੀਂ ਪਿਛਲੇ ਇਕ ਮਹੀਨੇ ਤੋਂ ਦੇਖ ਰਹੇ ਹਾਂ ਕਿ ਪ੍ਰਧਾਨ ਮੰਤਰੀ ਦੀ ਪਿਕਚਰ ਕਿਹੋ ਜਿਹੀ ਰਹਿਣ ਵਾਲੀ ਹੈ।’ ਖੜਗੇ ਨੇ ਕਿਹਾ ਕਿ ਪੇਪਰ ਲੀਕ ਕਾਰਨ 30 ਲੱਖ ਵਿਦਿਆਰਥੀਆਂ ਦਾ ਭਵਿੱਖ ਪ੍ਰਭਾਵਿਤ ਹੋਇਆ ਹੈ। ‘ਜੇ ਇੰਜ ਹੀ ਪੇਪਰ ਲੀਕ ਹੁੰਦੇ ਰਹੇ ਤਾਂ ਬੱਚੇ ਪੜ੍ਹਨਾ ਛੱਡ ਦੇਣਗੇ। ਪਿਛਲੇ ਸੱਤ ਸਾਲਾਂ ਦੌਰਾਨ 70 ਵਾਰ ਪੇਪਰ ਲੀਕ ਹੋਏ ਹਨ।’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਰਕਾਰ ਇਸ ਮਾਮਲੇ ’ਚ ਕੁਝ ਵੀ ਨਹੀਂ ਕਰ ਰਹੀ ਹੈ ਅਤੇ ਸੰਸਦ ’ਚ ਮੁੱਦਾ ਚੁੱਕਣ ਲਈ ਵਿਰੋਧੀ ਧਿਰਾਂ ’ਤੇ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਾਉਣ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਪ੍ਰੀਖਿਆ ਪ੍ਰਣਾਲੀ ’ਚ ਸੁਧਾਰ ਕਰੇ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ’ਚ ਮਨੀਪੁਰ ਦੇ ਹਾਲਾਤ ਦਾ ਕੋਈ ਜ਼ਿਕਰ ਨਹੀਂ ਸੀ ਅਤੇ ਪ੍ਰਧਾਨ ਮੰਤਰੀ ਨੇ ਉਥੋਂ ਦਾ ਦੌਰਾ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ ਜੋ ਪਿਛਲੇ ਇਕ ਸਾਲ ਤੋਂ ਨਸਲੀ ਹਿੰਸਾ ’ਚ ਝੁਲਸ ਰਿਹਾ ਹੈ। ਆਰਐੱਸਐੱਸ ਬਾਰੇ ਖੜਗੇ ਦੀ ਟਿੱਪਣੀ ਨੂੰ ਰਿਕਾਰਡ ’ਚੋਂ ਹਟਾਉਣ ਦਾ ਐਲਾਨ ਕਰਦਿਆਂ ਧਨਖੜ ਨੇ ਰਾਸ਼ਟਰੀ ਸਵੈਮਸੇਵਕ ਸੰਘ ਦਾ ਬਚਾਅ ਕੀਤਾ ਅਤੇ ਕਿਹਾ ਕਿ ਜਥੇਬੰਦੀ ਦੇਸ਼ ਲਈ ਕੰਮ ਕਰ ਰਹੀ ਹੈ। ਆਪਣੇ ਭਾਸ਼ਣ ਦੌਰਾਨ ਖੜਗੇ ਨੇ ਮੋਦੀ ਵੱਲੋਂ ਚੋਣ ਰੈਲੀਆਂ ’ਚ ਕੀਤੀਆਂ ਗਈਆਂ ਵਿਵਾਦਤ ਟਿੱਪਣੀਆਂ ਦਾ ਜ਼ਿਕਰ ਕੀਤਾ ਅਤੇ ਘੱਟ ਗਿਣਤੀਆਂ ਤੇ ਪਾਕਿਸਤਾਨ ਖ਼ਿਲਾਫ਼ ਪ੍ਰਧਾਨ ਮੰਤਰੀ ਦੇ ਬਿਆਨਾਂ ਦੇ ਅੰਕੜੇ ਪੇਸ਼ ਕੀਤੇ। ਰਾਜ ਸਭਾ ਚੇਅਰਮੈਨ ਨੇ ਇਸ ਸਬੰਧ ’ਚ ਅਖ਼ਬਾਰਾਂ ਦੀਆਂ ਸੁਰਖੀਆਂ ਦੇ ਦਿੱਤੇ ਸਬੂਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਖੜਗੇ ਦਾ ਪਾਰਟੀ ਦੇ ਆਗੂ ਪੀ. ਚਿਦੰਬਰਮ ਨੇ ਸਾਥ ਦਿੱਤਾ ਤੇ ਪੁੱਛਿਆ ਕਿ ਖ਼ਬਰਾਂ ਤੋਂ ਇਲਾਵਾ ਵਿਰੋਧੀ ਧਿਰ ਦਾ ਸੰਸਦ ਮੈਂਬਰ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਦੀ ਤਸਦੀਕ ਲਈ ਹੋਰ ਕੀ ਪੇਸ਼ ਕਰ ਸਕਦਾ ਹੈ। ਖੜਗੇ ਨੇ ਕਿਹਾ ਕਿ ਉਹ ਤਾਂ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਵੰਡਪਾਊ ਭਾਸ਼ਣਾਂ ਦਾ ਸਿਰਫ਼ ਜ਼ਿਕਰ ਕਰ ਰਹੇ ਸਨ। ਧਨਖੜ ਨੇ ਦੱਸਿਆ ਕਿ ਸਮਾਜਵਾਦੀ ਪਾਰਟੀ ਆਗੂ ਜਯਾ ਬੱਚਨ ਨੂੰ ਚੈਅਰਮੈਨ ਦੇ ਚੈਂਬਰ ’ਚ ਹਲਫ਼ ਦਿਵਾਇਆ ਗਿਆ ਹੈ।
ਅਗਨੀਵੀਰ ਯੋਜਨਾ ਰੱਦ ਕਰਨ ਦੀ ਮੰਗ
ਕਾਂਗਰਸ ਆਗੂ ਮਲਿਕਾਰਜੁਨ ਖੜਗੇ ਨੇ ਸੰਸਦ ਪਰਿਸਰ ’ਚੋਂ ਮਹਾਤਮਾ ਗਾਂਧੀ ਅਤੇ ਛਤਰਪਤੀ ਸ਼ਿਵਾਜੀ ਵਰਗੀਆਂ ਮਹਾਨ ਹਸਤੀਆਂ ਦੇ ਬੁੱਤ ਦੂਜੀ ਥਾਂ ’ਤੇ ਲਾਉਣ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਅਗਨੀਵੀਰ ਯੋਜਨਾ ਰੱਦ ਕਰਨ ਦੀ ਮੰਗ ਕੀਤੀ ਅਤੇ ਸੇਵਾਮੁਕਤ ਫ਼ੌਜੀਆਂ ਲਈ ਇਕ ਰੈਂਕ ਇਕ ਪੈਨਸ਼ਨ ਯੋਜਨਾ ਸਹੀ ਢੰਗ ਨਾਲ ਲਾਗੂ ਨਾ ਕਰਨ ਲਈ ਸਰਕਾਰੀ ਦੀ ਨਿਖੇਧੀ ਕੀਤੀ। ਉਨ੍ਹਾਂ ਦਲਿਤਾਂ ਅਤੇ ਔਰਤਾਂ ਖ਼ਿਲਾਫ਼ ਵਧੀਕੀਆਂ ਲਈ ਵੀ ਸਰਕਾਰ ਦੀ ਆਲੋਚਨਾ ਕੀਤੀ।
ਬਿਰਲਾ ਅਤੇ ਧਨਖੜ ਨੇ ਮਾਈਕ ਬੰਦ ਕਰਨ ਦੇ ਦੋਸ਼ਾਂ ’ਤੇ ਇਤਰਾਜ਼ ਪ੍ਰਗਟਾਇਆ
ਨਵੀਂ ਦਿੱਲੀ: ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੇ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਉਨ੍ਹਾਂ ਦੇ ਮਾਈਕਰੋਫੋਨ ਬੰਦ ਕਰਨ ਦੇ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਕੋਲ ਸੰਸਦ ਮੈਂਬਰਾਂ ਦੇ ਮਾਈਕ ਬੰਦ ਕਰਨ ਦਾ ਕੋਈ ਸਵਿੱਚ ਜਾਂ ਰਿਮੋਟ ਕੰਟਰੋਲ ਨਹੀਂ ਹੈ। ਸਪੀਕਰ ਬਿਰਲਾ ਨੇ ਤਿੱਖਾ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਇਹ ਦੋਸ਼ ਗਲਤ ਹਨ। ਉਨ੍ਹਾਂ ਕਿਹਾ, ‘‘ਚੇਅਰ ਸਿਰਫ਼ ਨਿਰਦੇਸ਼ ਜਾਂ ਨੇਮਾਂ ਬਾਰੇ ਦੱਸ ਸਕਦੀ ਹੈ। ਜਿਹੜੇ ਮੈਂਬਰ ਦਾ ਨਾਮ ਲਿਆ ਜਾਂਦਾ ਹੈ, ਉਹ ਸਦਨ ’ਚ ਬੋਲਦਾ ਹੈ। ਆਸਣ ’ਤੇ ਬੈਠੇ ਵਿਅਕਤੀ ਕੋਲ ਨਾ ਤਾਂ ਰਿਮੋਟ ਕੰਟਰੋਲ ਹੁੰਦਾ ਹੈ ਅਤੇ ਨਾ ਹੀ ਮਾਈਕ ਬੰਦ ਕਰ ਦਾ ਕੋਈ ਬਟਨ ਹੁੰਦਾ ਹੈ।’’ ਸਪੀਕਰ ਨੇ ਕਿਹਾ ਕਿ ਇਹ ਆਸਣ ਦੀ ਮਰਿਆਦਾ ਦਾ ਮਾਮਲਾ ਹੈ। ਘੱਟੋ ਘੱਟ ਉਹ ਅਜਿਹੇ ਇਤਰਾਜ਼ ਨਾ ਕਰਨ ਜਿਹੜੇ ਆਸਣ ’ਤੇ ਬੈਠਦੇ ਹਨ। ਉਨ੍ਹਾਂ ਕਾਂਗਰਸ ਦੇ ਕੇ. ਸੁਰੇਸ਼ ਨੂੰ ਸਵਾਲ ਕੀਤਾ ਕਿ ਜਦੋਂ ਉਹ ਆਸਣ ’ਤੇ ਬੈਠਦੇ ਹਨ ਤਾਂ ਕੀ ਮਾਈਕ ’ਤੇ ਕੋਈ ਕੰਟਰੋਲ ਹੁੰਦਾ ਹੈ। ਬਾਅਦ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀ ਮਾਈਕ ਬੰਦ ਕਰਨ ਦਾ ਮੁੱਦਾ ਚੁੱਕਿਆ ਜਿਸ ’ਤੇ ਸਪੀਕਰ ਨੇ ਕਿਹਾ ਕਿ ਇਹ ਮੁੱਦਾ ਕਈ ਵਾਰ ਚੁੱਕਿਆ ਗਿਆ ਹੈ ਪਰ ਮਾਈਕ ਬੰਦ ਕਰਨ ਦਾ ਅਜਿਹਾ ਕੋਈ ਬਟਨ ਨਹੀਂ ਹੈ। ਰਾਜ ਸਭਾ ’ਚ ਕਾਂਗਰਸ ਆਗੂ ਪ੍ਰਮੋਦ ਤਿਵਾੜੀ ਨੇ ਇਹ ਮੁੱਦਾ ਚੁੱਕਿਆ ਤਾਂ ਚੇਅਰਮੈਨ ਧਨਖੜ ਨੇ ਕਿਹਾ ਕਿ ਇਹ ਆਟੋਮੈਟਿਕ ਹੈ ਅਤੇ ਮਾਈਕ ਬੰਦ ਕਰਨ ਦਾ ਕਿਸੇ ਕੋਲ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੇ ਇਸ ਸਬੰਧੀ ਗਲਤ ਧਾਰਨਾ ਫੈਲਾ ਰਹੇ ਹਨ, ਉਹ ਸੰਸਦ ਅਤੇ ਸੰਸਥਾਵਾਂ ਦਾ ਅਪਮਾਨ ਕਰ ਰਹੇ ਹਨ।