Headlines

ਕੈਨੇਡਾ ਡੇਅ ਮੌਕੇ ”ਕੈਨੇਡਾ ਟੈਬਲਾਇਡ” ਦਾ ਜੁਲਾਈ ਵਿਸ਼ੇਸ਼ ਅੰਕ ਰੀਲੀਜ਼

ਉਘੀ ਵਕੀਲ ਨਈਆ ਗਿੱਲ ਦੀ ਕਵਰ ਸਟੋਰੀ ਵਾਲੇ ਵਿਸ਼ੇਸ਼ ਅੰਕ ਦਾ ਸ਼ਾਨਦਾਰ ਰੀਲੀਜ਼ ਸਮਾਗਮ-

ਸਰੀ ( ਦੇ ਪ੍ਰ ਬਿ )-ਬੀਤੇ ਦਿਨ ਅੰਗਰੇਜੀ ਤ੍ਰੈਮਾਸਿਕ ਮੈਗਜ਼ੀਨ ਕੈਨੇਡਾ ਟੈਬਲਾਇਡ ਦੀ 10ਵੀਂ ਵਰੇਗੰਢ ਮੌਕੇ ਜੁਲਾਈ ਅੰਕ ਕੈਨੇਡਾ ਡੇਅ ਨੂੰ ਸਮਰਪਿਤ ਕਰਦਿਆਂ ਰਿਫਲੈਕਸ਼ਨ ਬੈਂਕੁਇਟ ਹਾਲ ਸਰੀ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰੀਲੀਜ਼ ਕੀਤਾ ਗਿਆ। ਉਘੀ ਵਕੀਲ ਨਈਆ ਗਿੱਲ ਦੀ ਕਵਰ ਸਟੋਰੀ ਵਾਲੇ ਕੈਨੇਡਾ ਟੈਬਲਾਇਡ ਦੇ ਜੁਲਾਈ ਅੰਕ ਨੂੰ ਰੀਲੀਜ਼ ਕਰਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿਚ ਲਿਬਰਲ ਐਮ ਪੀ ਸੁਖ ਧਾਲੀਵਾਲ, ਬੀਸੀ ਦੇ ਟਰੇਡ ਮਨਿਸਟਰ ਜਗਰੂਪ ਸਿੰਘ ਬਰਾੜ, ਐਮ ਐਲ ਏ ਤੇ ਸਾਬਕਾ ਮੰਤਰੀ ਜਿੰਨੀ ਸਿਮਸ, ਐਮ ਐਲ ਏ ਟਰੈਵਰ ਹੈਲਫੋਰਡ, ਸਾਬਕਾ ਐਮ ਐਲ ਏ ਸਕੌਟ ਹੈਮਿਲਟਨ, ਡੈਲਟਾ ਕੌਂਸਲਰ ਡੇਅਲਨ ਕਰੂਗਰ, , ਡੈਨੀਅਲ ਬੋਇਸਵਰਟ, ਸਾਬਕਾ ਮੇਅਰ ਡੱਗ ਮੈਕਲਮ, ਕੌਂਸਲਰ ਮਨਦੀਪ ਨਾਗਰਾ, ਕੌਂਸਲਰ ਲਿੰਡਾ ਐਨਿਸ, ਆਰ ਸੀ ਐਮ ਪੀ ਦੇ ਸਾਬਕਾ ਪੁਲਿਸ ਅਫਸਰ ਬਲਤੇਜ ਸਿੰਘ ਢਿੱਲੋਂ, ਪਿਕਸ ਦੇ ਸੀਈਓ ਸਤਬੀਰ ਸਿੰਘ ਚੀਮਾ , ਪਾਕਿਸਤਾਨ ਦੇ ਸਾਬਕਾ ਐਮ ਪੀ ਰਾਏ ਅਜੀਜ਼ ਉਲਾ ਖਾਨ, ਜੇ ਮਿਨਹਾਸ ਤੇ ਹੋਰ ਕਈ ਸ਼ਖਸੀਅਤਾਂ ਜਿਹਨਾਂ ਵਿਚ ਕ੍ਰਿਪਾਲ ਮਾਂਗਟ, ਹਰਪ੍ਰੀਤ ਮਨਕਾਟਲਾ, ਡੈਲਟਾ ਨਾਰਥ ਤੋਂ ਬੀ ਸੀ ਯੁਨਾਈਟਡ ਉਮੀਦਵਾਰ ਅੰਮ੍ਰਿਤਪਾਲ ਢੋਟ, ਜਗਜੀਤ ਪਾਲ ਸਿੰਘ ਸੰਧੂ, ਟੀਨਾ ਬੈਂਸ, ਵਿਨੇ ਸ਼ਰਮਾ, ਸਤੀਸ਼ ਕੁਮਾਰ ਤੇ ਜੈਸਮੀਨ ਦਿਲਾਵਰੀ ਹਾਜ਼ਰ ਸਨ। ਇਸ ਮੌਕੇ ਉਘੇ ਫਿਲਮੀ ਕਲਾਕਾਰ ਯੋਗਰਾਜ ਸਿੰਘ ਨੇ ਵਿਸ਼ੇਸ਼ ਹਾਜ਼ਰੀ ਭਰੀ। ਹੋਰ ਸ਼ਖਸੀਅਤਾਂ ਵਿਚ ਦਵਿੰਦਰ ਬੈਨੀਪਾਲ, ਜੋਗਰਾਜ ਕਾਹਲੋਂ, ਸੰਦੀਪ ਸਿੰਘ ਧੰਜੂ, ਡਾ ਗੁਰਵਿੰਦਰ ਸਿੰਘ ਧਾਲੀਵਾਲ, ਖੁਸਪਾਲ ਗਿੱਲ, ਹਰਵਿੰਦਰ ਸਿੰਘ ਮੋਹਾਲੀ, ਇੰਦਰਜੀਤ ਲੱਧੜ, ਨਸੀਬ ਸਿੰਘ ਸੰਧੂ, ਰਮਨ ਮਾਨ, ਸਤੀਸ਼ ਗੋਇਲ, ਮਾਈਕ ਬੌਸ ਕੌਂਸਲਰ ਵੀ ਹਾਜ਼ਰ ਸਨ।

ਇਸ ਮੌਕੇ ਮੈਗਜ਼ੀਨ ਦੇ ਮੁੱਖ ਸੰਪਾਦਕ ਡਾ ਜਸਵਿੰਦਰ ਸਿੰਘ ਦਿਲਾਵਰੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਪਾਂਸਰਜ਼ ਤੇ ਹੋਰ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਐਲਾਨ ਕੀਤਾ ਕਿ ਅਦਾਰੇ ਵਲੋਂ ਮਹਿਲਾ ਸਸ਼ਕਤੀਕਰਣ ਵਾਸਤੇ ਅਗਲੇ ਵਰੇ ਜੁਲਾਈ 2025 ਤੋਂ ਵੱਖ-ਵੱਖ ਖੇਤਰਾਂ ਵਿਚ ਮਹੱਤਵਪੂਰਣ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਲਈ ਛੇ ਐਵਾਰਡ ਦਿੱਤੇ ਜਾਣਗੇ। ਇਹਨਾਂ ਐਵਾਰਡਾਂ ਦਾ ਚੋਣ ਲਈ ਇਕ ਚੋਣ ਕਮੇਟੀ ਪਿਕਸ ਡਾਇਰੈਕਟਰ ਰਾਜ ਬਰਾੜ, ਸਮਾਜ ਸੇਵੀ ਜੇ ਮਿਨਹਾਸ, ਕੁਲਜੀਤ ਜੁਲਕਾ, ਜਾਗਰਤੀ ਜੈਸਵਾਲ ਅਤੇ ਨਈਆ ਗਿੱਲ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਹੈ। ਮੈਗਜ਼ੀਨ ਦਾ ਜੁਲਾਈ ਅੰਕ ਰੀਲੀਜ਼ ਕਰਨ ਉਪਰੰਤ ਵੱਖ ਵੱਖ ਬੁਲਾਰਿਆਂ ਨੇ ਕੈਨੇਡਾ ਟੈਬਲਾਇਡ ਦੇ ਮੁੱਖ ਸੰਪਾਦਕ ਤੇ ਟੀਮ ਨੂੰ ਵਧਾਈਆਂ ਦਿੱਤੀਆਂ। ਮੰਚ ਸੰਚਾਲਨ ਦੀ ਜਿੰਮੇਵਾਰੀ ਉਘੇ ਟੀਵੀ ਹੋਸਟ ਪ੍ਰੋ ਸੀਜੇ ਸਿੱਧੂ ਨੇ ਨਿਭਾਈ।