Headlines

ਟਰੂਡੋ ਉਪਰ ਲਿਬਰਲ ਨੇਤਾ ਵਜੋਂ ਅਸਤੀਫਾ ਦੇਣ ਲਈ ਦਬਾਅ ਵਧਿਆ

ਓਟਵਾ ( ਦੇ ਪ੍ਰ ਬਿ)–ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਿਬਰਲ ਪਾਰਟੀ ਦੀ ਆਪਣੀ ਲੀਡਰਸ਼ਿਪ ਨੂੰ ਲੈ ਕੇ ਨਵੇਂ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਐਮ ਪੀ ਅਤੇ ਉਨ੍ਹਾਂ ਦੀ ਕੈਬਨਿਟ ਦੇ ਸਾਬਕਾ ਮੈਂਬਰ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਕਹਿ ਰਹੇ ਹਨ ਜਦਕਿ ਇਕ ਹੋਰ ਐਮ ਪੀ ਨੇ ਕਿਹਾ ਕਿ ਪਾਰਟੀ ਮੈਂਬਰਾਂ ਨੂੰ ਬੋਲਣਾ ਚਾਹੀਦਾ ਹੈ ਕਿ ਉਹ ਬਣੇ ਰਹਿਣਗੇ ਜਾਂ ਨਹੀਂ। ਕੈਥਰੀਨ ਮੈਕੇਨਾ ਜਿਸ ਨੇ ਟਰੂਡੋ ਕੈਬਨਿਟ ਵਿਚ ਦੋਵਾਂ ਵਾਤਾਵਰਣ ਅਤੇ ਬੁਨਿਆਦੀ ਢਾਂਚਾ ਵਿਚ ਸੇਵਾ ਨਿਭਾਈ ਸੀ ਨੇ ਇਕ ਬਿਆਨ ਵਿਚ ਕਿਹਾ ਕਿ ਲਿਬਰਲ ਪਾਰਟੀ ਇਕੱਲੇ ਇਕ ਵਿਅਕਤੀ ਦੀ ਪਾਰਟੀ ਨਹੀਂ ਅਤੇ ਪ੍ਰਧਾਨ ਮੰਤਰੀ ਕੋਲ ਮਾਣ ਕਰਨ ਵਾਲੀ ਵਿਰਾਸਤ ਹੈ ਪਰ ਹੁਣ ਨਵੇਂ ਵਿਚਾਰਾਂ, ਨਵੀਂ ਊਰਜਾ ਅਤੇ ਨਵੇਂ ਨੇਤਾ ਦਾ ਸਮਾਂ ਹੈ। ਟੋਰਾਂਟੋ ਹਲਕੇ ਵਿਚ ਇਸ ਹਫ਼ਤੇ ਹੋਈ ਜ਼ਿਮਨੀ ਚੋਣ ਵਿਚ ਪਾਰਟੀ ਦੀ ਹੈਰਾਨ ਕਰਨ ਵਾਲੀ ਹਾਰ ਪਿੱਛੋਂ ਲੀਡਰਸ਼ਿਪ ਬਾਰੇ ਸਵਾਲ ਖੜੇ ਹੋਣ ਲੱਗੇ ਹਨ। ਇਸ ਸੀਟ ’ਤੇ ਲਿਬਰਲ ਪਾਰਟੀ ਦਾ ਦਹਾਕਿਆਂ ਤੋਂ ਕਬਜ਼ਾ ਸੀ। ਬਾਅਦ ਵਿਚ ਨਿਊ ਬਰੁੰਸਵਿਕ ਤੋਂ ਐਮਪੀ ਵਾਇਨੇ ਲੌਂਗ ਨੇ ਆਪਣੇ ਵਿਚਾਰਾਂ ਦੀ ਰੂਪਰੇਖਾ ਵਾਲਾ ਕੌਕਸ ਮੈਂਬਰਾਂ ਨੂੰ ਪੱਤਰ ਭੇਜ ਕੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਕਿ ਟਰੂਡੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹ ਜਨਤਕ ਤੌਰ ’ਤੇ ਇਸ ਤਰ੍ਹਾਂ ਦਾ ਬਿਆਨ ਦੇਣ ਵਾਲਾ ਕੌਕਸ ਦਾ ਪਹਿਲਾ ਮੈਂਬਰ ਹੈ। ਲੌਂਗ ਨੇ ਲਿਖਿਆ ਕਿ ਸਾਡੀ ਪਾਰਟੀ ਦੇ ਭਵਿੱਖ ਅਤੇ ਸਾਡੇ ਦੇਸ਼ ਦੇ ਭਲੇ ਲਈ ਸਾਨੂੰ ਨਵੀਂ ਲੀਡਰਸ਼ਿਪ ਅਤੇ ਨਵੀਂ ਦਿਸ਼ਾ ਦੀ ਲੋੜ ਹੈ।
ਇਸੇ ਦੌਰਾਨ ਬੀ ਸੀ ਦੀ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਟਰੂਡੋ ਨੂੰ ਅਸਤੀਫਾ ਦੇਣ ਦਾ ਸੁਝਾਅ ਦਿੱਤਾ ਹੈ।

-ਟਰੂਡੋ ਵਲੋਂ ਅਸਤੀਫਾ ਦੇਣ ਤੋਂ ਇਨਕਾਰ-
ੋਓਟਵਾ-ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਟੋਰਾਂਟੋ ਵਿਚ ਪਿਛਲੇ ਹਫਤੇ ਲਿਬਰਲ ਪਾਰਟੀ ਦੀ ਜ਼ਿਮਨੀ ਚੋਣ ਵਿਚ ਹਾਰ ਬਹੁਤ ਸਾਰੀ ਸੋਚ ਵਿਚਾਰ ਪੈਦਾ ਕਰ ਰਹੀ ਹੈ ਪਰ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਅਗਵਾਈ ਕਰਦੇ ਰਹਿਣ ਦੀ ਯੋਜਨਾ ਹੈ। ਟਰੂਡੋ ਨੇ ਇਹ ਟਿੱਪਣੀ ਸੇਂਟ ਜੌਨਜ਼ ਵਿਚ ਸੀਬੀਸੀ ਨਿਊਜ਼ ਨਾਲ ਇਕ ਮੁਲਾਕਾਤ ਵਿਚ ਕੀਤੀਆਂ ਜਿਥੇ ਉਹ ਨਿਊਫਾਊਂਡਲੈਂਡ ਦੇ ਨੈਸ਼ਨਲ ਵਾਰ ਮੈਮੋਰੀਅਲ ਦੀ 100ਵੀਂ ਵਰ੍ਹੇਗੰਢ ਅਤੇ ਨਿਊਫਾਊਂਡਲੈਂਡ ਦੇ ਪਹਿਲੀ ਵਿਸ਼ਵ ਜੰਗ ਦੇ ਜੰਗੀ ਸੈਨਿਕ ਦੀਆਂ ਅਸਥੀਆਂ ਦੇ ਪੁਨਰ ਸਥਾਪਨ ਲਈ ਸ਼ਾਮਿਲ ਹੋਏ ਸਨ। ਟਰੂਡੋ ਨੂੰ ਪੁੱਛਿਆ ਗਿਆ ਸੀ ਕਿ ਕੀ ਉਨ੍ਹਾਂ ਦੀ ਅਗਲੇ ਸਾਲ 10ਵੇਂ ਕੈਨੇਡਾ ਡੇਅ ਸਮਾਰੋਹ ਵਿਚ ਪ੍ਰਧਾਨ ਮੰਤਰੀ ਵਜੋਂ ਹਿੱਸਾ ਲੈਣ ਦੀ ਯੋਜਨਾ ਹੈ ਜਾਂ ਨਹੀਂ ਕਿਉਂਕਿ ਕੁਝ ਲਿਬਰਲ ਆਗੂ ਉਨ੍ਹਾਂ ਨੂੰ ਨਵੇਂ ਨੇਤਾ ਦੇ ਪੱਖ ਵਿਚ ਅਹੁਦੇ ਤੋਂ ਹਟਣ ਲਈ ਕਹਿ ਰਹੇ ਹਨ। ਉਨ੍ਹਾਂ ਜਵਾਬ ਦਿੱਤਾ ਕਿ ਭਾਰੀ ਨੁਕਸਾਨ ਪਿੱਛੋਂ ਹਮੇਸ਼ਾ ਬਹੁਤ ਸਾਰੀ ਸੋਚ ਵਿਚਾਰ ਹੁੰਦੀ ਹੈ ਪਰ ਇਥੇ ਕਰਨ ਲਈ ਬਹੁਤ ਕੁਝ ਹੈ ਅਤੇ ਉਹ ਹਰ ਰੋਜ਼ ਕੈਨੇਡਾ ਨੂੰ ਬਿਹਤਰ ਬਣਾਉਣ ਲਈ ਕੰਮ ਕਰਨ ਪ੍ਰਤੀ ਵਚਨਬੱਧ ਹੈ। ਇਸ ਲਈ ਉਹ ਅਗਲੇ ਸਾਲ ਦੇ ਕੈਨੇਡਾ ਦਿਵਸ ਦੀ ਉਡੀਕ ਕਰੇਗਾ ਅਤੇ ਉਹ ਬਹੁਤ ਸਾਰੇ ਕੈਨੇਡਾ ਦਿਵਸਾਂ ਦੀ ਉਡੀਕ ਕਰੇਗਾ। ਇਹ ਇਸ ਤਰ੍ਹਾਂ ਦਾ ਕੰਮ ਹੈ ਜਿਸ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਹੈ। ਔਖੇ ਦਿਨਾਂ ਵਿਚ ਚੰਗੇ ਦਿਨ ਵੀ ਹੁੰਦੇ ਹਨ ਪਰ ਕੈਨੇਡੀਅਨ ਮਜ਼ਬੂਤ ਤੇ ਲਚਕੀਲੇ ਹਨ, ਇਸ ਲਈ ਅਸੀਂ ਅੱਗੇ ਵਧਦੇ ਰਹਿੰਦੇ ਹਾਂ। ਟੋਰਾਂਟੋ ਸੀਟ ’ਤੇ ਹਾਰ ਪਿੱਛੋਂ ਟਰੂਡੋ ਦੀ ਕੈਨੇਡਾ ਡੇਅ ਮੁਲਾਕਾਤ ਪਹਿਲੀ ਮੁਲਾਕਾਤ ਸੀ ਜਿਸ ਵਿਚ ਉਨ੍ਹਾਂ ਨੇ ਸਵਾਲਾਂ ਦੇ ਜਵਾਬ ਦਿੱਤੇ।

ਬੀਸੀ ਦੀ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਵਲੋਂ ਜਸਟਿਨ ਟਰੂਡੋ ਨੂੰ ਨੇਤਾ ਵਜੋਂ ਬਦਲਣ ਦਾ ਸੱਦਾ
ਓਟਵਾ-ਬੀਸੀ ਦੀ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬਦਲੇ ਜਾਣ ਦੀ ਲੋੜ ਹੈ ਅਤੇ ਉਨ੍ਹਾਂ ਸੁਝਾਅ ਦਿੱਤਾ ਕਿ ਜੇਕਰ ਉਹ ਬਣੇ ਰਹਿੰਦੇ ਹਨ ਤਾਂ ਐਮ ਪੀਜ਼ ਨੂੰ ਲਿਬਰਲ ਨੇਤਾ ਨਾਲ ਪਾਰਟੀ ਦੇ ਚੋਣ ਅਸਾਰਾਂ ਬਾਰੇ ਨਿੱਜੀ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ। ‘ਦੀ ਗਲੋਬ ਐਂਡ ਮੇਲ’ ਨਾਲ ਇਕ ਮੁਲਾਕਾਤ ਵਿਚ ਮਿਸ ਕਲਾਰਕ ਦਾ ਕਹਿਣਾ ਕਿ ਟੋਰਾਂਟੋ-ਸੇਂਟ ਪਾਲ ਜ਼ਿਮਨੀ ਚੋਣ ਵਿਚ ਹਾਰ ਪ੍ਰਧਾਨ ਮੰਤਰੀ ਲਈ ਇਕ ਸੰਕੇਤ ਹੈ ਕਿ ਲਿਬਰਲ ਪਾਰਟੀ ਨੂੰ ਤਬਦੀਲੀ ਦੀ ਲੋੜ ਹੈ। ਉਹ ਆਖਦੀ ਹੈ ਕਿ ਮੇਰਾ ਖਿਆਲ ਹੈ ਕਿ ਨੇਤਾ ਨੂੰ ਬਦਲਣ ਦੀ ਲੋੜ ਹੈ। ਪਿਛਲੀਆਂ ਗਰਮੀਆਂ ਤੋਂ ਟਰੂਡੋ ਤੇ ਲਿਬਰਲ ਕੌਮੀ ਚੋਣ ਸਰਵੇਖਣ ਵਿਚ ਕੰਸਰਵੇਟਿਵਾਂ ਤੋਂ ਦੋਹਰੇ ਅੰਕਾਂ ਨਾਲ ਪਿੱਛੇ ਚੱਲ ਰਹੇ ਹਨ।