Headlines

ਚੋਹਲਾ ਸਾਹਿਬ ਦੇ ਦੁਕਾਨਦਾਰਾਂ ਨੇ ਦੂਸਰੇ ਦਿਨ ਵੀ ਆਪਣੀਆਂ ਦੁਕਾਨਾਂ ਰੱਖੀਆਂ ਬੰਦ 

ਮਾਮਲਾ ਦਿਨ-ਦਿਹਾੜੇ ਗੈਂਗਸਟਰਾਂ ਵਲੋਂ ਦੁਕਾਨਦਾਰ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦਾ –
ਕੁਝ ਦਿਨ ਪਹਿਲਾਂ ਦੁਕਾਨਦਾਰ ਤੋਂ ਮੰਗੀ ਗਈ ਸੀ 10 ਲੱਖ ਦੀ ਫਿਰੌਤੀ
ਡੀਐਸਪੀ ਰਵੀਸ਼ੇਰ ਸਿੰਘ ਵਲੋਂ ਦੁਕਾਨਦਾਰਾਂ ਨੂੰ 48 ਘੰਟਿਆਂ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਿੱਤਾ ਵਿਸ਼ਵਾਸ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,3 ਜੁਲਾਈ –
ਫਿਰੌਤੀ ਦੀ ਮੰਗ ਨੂੰ ਲੈਕੇ ਮੰਗਲਵਾਰ ਨੂੰ ਦਿਨ ਦਿਹਾੜੇ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਵਿਖੇ ਇੱਕ ਦੁਕਾਨਦਾਰ ‘ਤੇ ਗੈਂਗਸਟਰਾਂ ਵਲੋਂ ਭਰੇ ਬਜ਼ਾਰ ਵਿੱਚ ਗੋਲੀਆਂ ਚਲਾ ਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰਨ ਦੇ ਰੋਸ ਵਜੋਂ ਕਸਬੇ ਦੇ ਸਮੂਹ ਦੁਕਾਨਦਾਰਾਂ ਵਲੋਂ ਆਪਣੀ ਇੱਕਜੁਟਤਾ ਦਾ ਪ੍ਰਗਟਾਵਾ ਕਰਦੇ ਹੋਏ ਬੁੱਧਵਾਰ ਨੂੰ ਦੂਸਰੇ ਦਿਨ ਵੀ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਹਮਲਾਵਰਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਅਤੇ ਐਲਾਨ ਕੀਤਾ ਕਿ ਜਦ ਤੱਕ ਦੁਕਾਨਦਾਰਾਂ  ਨੂੰ ਇਨਸਾਫ ਨਹੀਂ ਮਿਲ ਜਾਂਦਾ ਉਹ ਆਪਣੀਆਂ ਦੁਕਾਨਾਂ ਨਹੀਂ ਖੋਲ੍ਹਣਗੇ ਅਤੇ ਵੱਡਾ ਐਕਸ਼ਨ ਲੈਣ ਲਈ ਮਜਬੂਰ ਹੋਣਗੇ। ਜ਼ਿਕਰਯੋਗ ਹੈ ਕਿ ਸਥਾਨਕ ਕਸਬੇ ਵਿੱਚ ਮੋਬਾਈਲਾਂ ਦੀ ਦੁਕਾਨ ਕਰਦੇ ਪ੍ਰੀਤ ਟੈਲੀਕਾਮ ਦੇ ਮਾਲਕ ਗੁਰਜਿੰਦਰ ਸਿੰਘ ਕੋਲੋਂ ਕੁਝ ਦਿਨ ਪਹਿਲਾਂ ਵਟਸਐਪ ਕਾਲ ਰਾਹੀਂ ਗੈਂਗਸਟਰ ਸੱਤਾ ਨੌਸ਼ਹਿਰਾ ਦੇ ਨਾਮ ‘ਤੇ 10 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਅਤੇ ਇਸ ਕਾਲ ਸੰਬੰਧੀ ਉਸ ਵਲੋਂ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਸੂਚਿਤ ਵੀ ਕੀਤਾ ਗਿਆ ਸੀ। ਦੁਕਾਨਦਾਰ ਗੁਰਜਿੰਦਰ ਸਿੰਘ ਵਲੋਂ ਫਿਰੌਤੀ ਦੀ ਮੰਗ ਪੂਰੀ ਨਾ ਕਰਨ ਕਰਕੇ ਮੰਗਲਵਾਰ ਨੂੰ ਦਿਨ-ਦਿਹਾੜੇ ਭਰੇ ਬਜ਼ਾਰ ਵਿੱਚ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਵਲੋਂ ਦੁਕਾਨਦਾਰ ਗੁਰਜਿੰਦਰ ਸਿੰਘ ‘ਤੇ ਗੋਲੀਆਂ ਚਲਾ  ਦਿੱਤੀਆਂ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ‌ਉਸਦਾ ਇੱਕ ਸਾਥੀ ਦੁਕਾਨਦਾਰ ਸਤਨਾਮ ਸਿੰਘ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ।ਵਾਰਦਾਤ ਕਰਨ ਤੋਂ ਬਾਅਦ ਮੋਟਰਸਾਈਕਲ ਸਵਾਰ ਦੋਵੇਂ ਅਣਪਛਾਤੇ ਨੌਜਵਾਨ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ।ਜਿਸ ਵਿਚ ਗੋਲੀਆਂ ਚਲਾਉਣ ਵਾਲੇ ਇੱਕ ਨੌਜਵਾਨ ਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਹੈ।ਦਿਨ ਦਿਹਾੜੇ ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।ਇਸ ਘਟਨਾ ਤੋਂ ਬਾਅਦ ਰੋਸ ਵਜੋਂ ਸਮੂਹ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ।ਦਿਨ-ਦਿਹਾੜੇ ਭਰੇ ਬਜ਼ਾਰ ਵਿੱਚ ਵਾਪਰੀ ਉਕਤ ਘਟਨਾ ਨੂੰ ਲੈਕੇ ਬੁੱਧਵਾਰ ਨੂੰ ਦੂਜੇ ਦਿਨ ਵੀ ਸਮੂਹ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਇਥੋਂ ਦੇ ਗੁਰਦੁਆਰਾ ਪਾਤਸ਼ਾਹੀ ਪੰਜਵੀ ਦੇ ਦੀਵਾਨ ਹਾਲ ਵਿੱਚ ਭਾਰੀ ਇਕੱਠ ਕੀਤਾ ਗਿਆ ਅਤੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਸਮੂਹ ਦੁਕਾਨਦਾਰਾਂ ਨੇ ਇੱਕ ਸੁਰ ਵਿੱਚ ਪੁਲਿਸ ਦੀ ਢਿੱਲੀ ਕਾਰਗੁਜਾਰੀ ‘ਤੇ ਸਵਾਲੀਆ ਚਿੰਨ ਲਗਾਉਂਦਿਆਂ ਹੋਇਆ ਖੁਦ ਨੂੰ ਅਸਰੁੱਖਿਅਤ ਦੱਸਿਆ ਅਤੇ ਕਿਹਾ ਕਿ ਕਸਬਾ ਚੋਹਲਾ ਸਾਹਿਬ ਵਿੱਚ ਫਿਰੌਤੀਆਂ ਮੰਗਣ ਦਾ ਸਿਲਸਿਲਾ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ।ਜਿਸ ਦੌਰਾਨ ਵੱਖ-ਵੱਖ ਗੈਂਗਸਟਰਾਂ ਦੇ ਨਾਮ ‘ਤੇ ਦੁਕਾਨਦਾਰਾਂ ਤੋਂ ਫ਼ਿਰੌਤੀਆਂ ਮੰਗੀਆਂ ਜਾ ਰਹੀਆਂ ਹਨ।ਜਿਸਦੇ ਚੱਲਦਿਆਂ ਦੁਕਾਨਦਾਰਾਂ ਵੱਲੋਂ ਪੁਲਿਸ ਪ੍ਰਸ਼ਾਸ਼ਨ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਅਤੇ ਉਹਨਾਂ ਨੂੰ ਮਜਬੂਰਨ ਫਿਰੌਤੀ ਦੀਆਂ ਰਕਮਾਂ ਦੇਣੀਆਂ ਪੈ ਰਹੀਆ ਹਨ।ਦੁਕਾਨਦਾਰਾਂ ਨੇ ਇਕਸੁਰ ਵਿੱਚ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਉਹਨਾਂ ਦੀ ਜਾਨ ਮਾਲ ਦੀ ਰਾਖੀ ਵਿੱਚ ਪੂਰੀ ਤਰਾਂ ਅਸਫਲ ਦਿਖਾਈ ਦੇ ਰਿਹਾ ਹੈ,ਕਿਉਂਕਿ ਕਸਬੇ ਵਿੱਚ ਵਾਰ-ਵਾਰ ਫਿਰੌਤੀਆਂ ਮੰਗਣ ਦੇ ਸਿਲਸਿਲੇ ਤੋਂ ਬਾਅਦ ਵੀ ਕਸਬਾ ਚੋਹਲਾ ਸਾਹਿਬ ਦੇ ਕਿਸੇ ਵੀ ਚੌਂਕ ਜਾਂ ਬਜਾਰ ਵਿੱਚ ਪੁਲਿਸ ਵਲੋਂ ਨਾ ਹੀ ਕੋਈ ਗਸ਼ਤ ਲਗਾਈ ਗਈ ਹੈ ਅਤੇ ਨਾ ਹੀ ਕੋਈ ਲਗਾਤਾਰਤਾ ਨਾਲ ਨਾਕਾਬੰਦੀ ਕੀਤੀ ਜਾਂਦੀ ਹੈ।ਜਿਸ ਕਰਕੇ ਇੰਨ੍ਹਾਂ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੋ ਰਹੇ ਹਨ। ਦੁਕਾਨਦਾਰਾਂ ਦੇ ਹੋਏ ਇਸ ਇਕੱਠ ਵਿੱਚ ਪੁੱਜੇ ਸ਼੍ਰੀ ਗੋਇੰਦਵਾਲ ਸਬ ਡਵੀਜ਼ਨ ਦੇ ਡੀਐਸਪੀ ਰਵੀਸ਼ੇਰ ਸਿੰਘ ਵਲੋਂ ਸਮੂਹ ਦੁਕਾਨਦਾਰਾਂ ਨੂੰ ਭੈਅ ਮੁਕਤ ਹੋਕੇ ਆਪਣੀਆਂ ਦੁਕਾਨਾਂ ਖੋਲਣ ਦੀ ਅਪੀਲ ਕਰਦਿਆਂ ਕਿਹਾ ਕਿ ਪੁਲਿਸ ਜਨਤਾ ਦੀ ਜਾਨ ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਕਤ ਵਾਰਦਾਤ ਵਿੱਚ ਸ਼ਾਮਲ ਹਮਲਾਵਰਾਂ ਨੂੰ 48 ਘੰਟੇ ਦੇ ਅੰਦਰ-ਅੰਦਰ ਗ੍ਰਿਫਤਾਰ ਕਰ ਲਿਆ ਜਾਵੇਗਾ।ਇਸ ਸਮੇਂ ਸਮੂਹ ਦੁਕਾਨਦਾਰਾਂ ਨੇ ਕਿਹਾ ਕਿ ਉਕਤ ਵਾਪਰੀ ਘਟਨਾ ਵਿੱਚ ਸ਼ਾਮਲ ਗੋਲੀਆਂ ਚਲਾਉਣ ਵਾਲੇ ਇੱਕ ਨੌਜਵਾਨ ਦਾ ਚਿਹਰਾ ਸੀਸੀਟੀਵੀ ਕੈਮਰਿਆਂ ਵਿੱਚ ਸਾਫ ਦਿਖਾਈ ਦੇ ਰਿਹਾ ਹੈ, ਇਸਦੇ ਬਾਵਜੂਦ ਜੇਕਰ ਪੁਲਿਸ ਪ੍ਰਸ਼ਾਸ਼ਨ ਵਲੋਂ  ਹਮਲਾਵਰਾਂ ਨੂੰ 48 ਘੰਟੇ ਵਿੱਚ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹ ਅੱਗੇ ਕੋਈ ਵੱਡਾ ਐਕਸ਼ਨ ਲੈਣ ਲਈ ਮਜਬੂਰ ਹੋਣਗੇ।
ਫੋਟੋ ਕੈਪਸ਼ਨ: ਕਸਬਾ ਚੋਹਲਾ ਸਾਹਿਬ ਵਿਖੇ ਗੈਂਗਸਟਰਾਂ ਵਲੋਂ ਦੁਕਾਨਦਾਰ ਤੇ ਕੀਤੇ ਗਏ ਜਾਨਲੇਵਾ ਹਮਲੇ ਦੇ ਰੋਸ ਵਜੋਂ ਮੁਕੰਮਲ ਬੰਦ ਹੋਇਆ ਬਜ਼ਾਰ
2: ਦੁਕਾਨਾਂ ਬੰਦ ਕਰਕੇ ਇਕੱਠੇ ਹੋਏ ਦੁਕਾਨਦਾਰਾਂ ਨਾਲ ਬੈਠ ਕੇ ਗੱਲਬਾਤ ਕਰਦੇ ਹੋਏ ਸਬ ਡਵੀਜ਼ਨ ਸ਼੍ਰੀ ਗੋਇੰਦਵਾਲ ਸਾਹਿਬ ਦੇ ਡੀਐਸਪੀ ਰਵੀਸ਼ੇਰ ਸਿੰਘ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)