ਪਹਿਲਾ ਸਕਾਲਰਸ਼ਿਪ ਐਵਾਰਡ “ਕੋਏ-ਲੌ” ਨਾਂਅ ਦੀ ਵਿਦਿਆਰਥਣ ਨੂੰ ਪ੍ਰਦਾਨ ਕੀਤਾ-
ਸਰੀ, (ਕੈਨੇਡਾ) 3 ਜੁਲਾਈ (ਸਤੀਸ਼ ਜੌੜਾ) – ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਅਤੇ ਪ੍ਰਸਿੱਧ ਬਿਜਨੈਸਮੈਨ ਸ਼੍ਰੀ ਸੁੱਖੀ ਬਾਠ ਦੀ ਹੋਣਹਾਰ ਧੀ ਜੋ ਕਿ ਸੁੱਖੀ ਬਾਠ ਮੋਟਰ ਦੇ ਜਨਰਲ ਮੈਨੇਜਰ ਦੀ ਜਿੰਮੇਵਾਰੀ ਦੇ ਨਾਲ ਨਾਲ ਸਮਾਜਿਕ ਜਾਗੂਰਕਤਾ ਲਈ ਔਰਤਾਂ ਨੂੰ ਇੱਥੋਂ ਦੇ ਕਾਰੋਬਾਰਾਂ ‘ਚ ਅੱਗੇ ਵੱਧਣ ਲਈ ਪ੍ਰੇਰਿਤ ਕਰਦੇ ਹਨ, ਉਨ੍ਹਾਂ ਵੱਲੋਂ ਪਹਿਲਾ ਸਲਾਨਾ “ਜੀਵਨ ਬਾਠ” ਵੂਮੈਨ ਲੀਡਰ ਸਕਾਲਰਸ਼ਿਪ 2024 ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਪੰਜਾਬ ਭਵਨ ਸਰੀ ਕੈਨੇਡਾ ‘ਚ ਆਯੋਜਿਤ ਕੀਤੀ ਗਈ ਵੂਮੈਨ ਲੀਡਰ ਸਕਾਲਰਸ਼ਿਪ ਵਰਕਸ਼ਾਪ ਦੌਰਾਨ ਮੈਡਮ ਜੀਵਨ ਬਾਠ ਵਲੋਂ “ਕੋਏ-ਲੌ” ਨਾਂਅ ਦੀ ਇੱਕ ਹੋਣਹਾਰ ਵਿਦਿਆਰਥਣ ਨੂੰ ਸਲਾਨਾ ਵੋਮੈਨ ਲੀਡਰ ਸਕਾਲਰਸ਼ਿਪ 2024 ਦੇ ਕੇ ਨਿਵਾਜਿਆ ਗਿਆ।
ਇਸ ਮੌਕੇ ਤੇ ਮੈਡਮ ਜੀਵਨ ਬਾਠ ਨੇ ਕਿਹਾ ਕਿ ਅੱਜ ਦੁਨੀਆਂ ਭਰ ਦੇ ਹਰੇਕ ਖੇਤਰ ਵਿੱਚ ਔਰਤਾਂ ਦੀਆਂ ਬੇ-ਮਿਸਾਲ ਪ੍ਰਾਪਤੀਆਂ ਹਨ।
ਉਨ੍ਹਾਂ ਕਿਹਾ ਕਿ ਔਰਤਾਂ ਆਪਣੇ ਅੰਦਰ ਦੀ ਤਾਕਤ ਨੂੰ ਮਜ਼ਬੂਤ ਕਰਨ ਤਾਂ ਕਿ ਉਹ ਸਮਾਜ ਅੰਦਰ ਬੇ-ਝਿਜਕ ਹੋ ਕੇ ਹਰ ਖੇਤਰ ਵਿੱਚ ਅੱਗੇ ਵੱਧ ਸਕਣ।
ਉਨ੍ਹਾਂ ਕਿਹਾ ਕਿ ‘ਕੋਏ-ਲੌ’ ਨਾਂਅ ਦੀ ਕੁੜੀ ਨੂੰ “ਜੀਵਨ ਬਾਠ” ਵੋਮੈਨ ਲੀਡਰ ਸਕਾਲਰਸ਼ਿਪ ਦਾ ਹਿੱਸਾ ਇਸ ਕਰਕੇ ਬਣਾਇਆ ਗਿਆ ਕਿ ਸਾਡੀ ਸੰਸਥਾ ਵਲੋਂ ਉਸ ਦੀ ਉੱਚ ਸਿੱਖਿਆ ਦਾ ਸਮਰਥਣ ਕੀਤਾ ਗਿਆ ਅਤੇ ਆਸ ਪ੍ਰਗਟਾਈ ਕਿ ਇਸ ਪੀੜ੍ਹੀ ਦੀਆਂ ਅਜਿਹੀਆਂ ਨੌਜਵਾਨ ਕੁੜ੍ਹੀਆਂ ਕੈਨੇਡਾ ਦੇ ਬਿਜਨੈਸ ਅਦਾਰਿਆਂ ‘ਚ ਅੱਗੇ ਵੱਧ ਕੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਣ। ਜੀਵਨ ਬਾਠ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਲਈ ਉਥੋਂ ਦੇ ਨੌਜਵਾਨ ਵਰਗ ਦਾ ਅਹਿਮ ਯੋਗਦਾਨ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਨੌਜਵਾਨ ਕੁੜੀਆਂ ਖੂਬ ਪੜ੍ਹ ਲਿਖ ਕੇ ਕੈਨੇਡਾ ਦੇ ਬਿਜਨੈਸ ਲਈ ਅੱਗੇ ਆਉਣ ਤਾਂ ਜੋ ਕੈਨੇਡਾ ਵਰਗੇ ਵਿਕਸਿਤ ਦੇਸ਼ ਨੂੰ ਹੋਰ ਅੱਗੇ ਲਿਜਾਉਣ ਲਈ ਨੌਜਵਾਨ ਕੁੜੀਆਂ ਆਪਣਾ ਵਡਮੁੱਲਾ ਯੋਗਦਾਨ ਪਾਉਣ ਦੀ ਜਿੰਮੇਦਾਰੀ ਨਿਭਾ ਸਕਣ।