ਕੈਲਗਰੀ-ਸਰੀ ( ਜੱਲੋਵਾਲੀਆ, ਮਾਂਗਟ )- ਪਹਿਲੀ ਜੁਲਾਈ ਨੂੰ ਕੈਨੇਡਾ ਡੇਅ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਕੈਨੇਡਾ ਡੇਅ ਦਾ ਆਨੰਦ ਲੈਣ ਲਈ ਵਾਈਟਰੌਕ ਵਾਟਰਫਰੰਟ ਮੈਮੋਰੀਅਲ ਪਾਰਕ ਅਤੇ ਵੈਸਟ ਬੀਚ ਲੋਕਾਂ ਨਾਲ ਭਰੇ ਹੋਏ ਸਨ। ਸਾਰੇ ਪਾਸੇ ਲਾਲ, ਚਿੱਟੇ ਅਤੇ ਮੈਪਲ ਦੇ ਪੱਤੇ ਪਹਿਨੀ ਅੰਦਾਜਨ 35000 ਤੋਂ ਵੀ ਵੱਧ ਸਥਾਨਕ ਵਾਸੀ ਮਾਣ ਨਾਲ ਕੈਨੇਡੀਅਨ ਝੰਡਾ ਲਹਿਰਾ ਰਹੇ ਸਨ। ਵਾਈਟ ਰੌਕ ਦੇ ਮੇਅਰ ਮੇਗਨ ਨਾਈਟ ਅਤੇ ਹੋਰ ਪਤਵੰਤਿਆਂ ਨੇ ਅਧਿਕਾਰਤ ਤੌਰ ’ਤੇ ਸਮਾਗਮ ਸ਼ੁਰੂ ਕਰਨ ਬਾਰੇ ਗੱਲਬਾਤ ਕੀਤੀ। ਇਨ੍ਹਾਂ ਪਤਵੰਤਿਆਂ ਵਿਚ ਸਰੀ-ਵਾਈਟ ਰੌਕ ਐਮਐਲਏ ਟਰੇਵਰ ਹੈਲਫੋਰਡ ਅਤੇ ਸਾਊਥ ਸਰੀ-ਵਾਈਟ ਰੌਕ ਐਮਪੀ ਕੇਰੀ-ਲਿਨ ਫਿੰਡਲੇ ਸ਼ਾਮਿਲ ਸੀ।
ਸਰੀ ਵਿਚ ਹੋਏ ਕੈਨੇਡਾ ਡੇਅ ਜਸ਼ਨਾਂ ਮੌਕੇ ਪੰਜਾਬ ਤੋਂ ਕਾਂਗਰਸੀ ਐਮ ਐਲ ਏ ਰਾਣਾ ਗੁਰਜੀਤ ਸਿੰਘ , ਐਮ ਐਲ ਏ ਰਾਣਾ ਇੰਦਰ ਪ੍ਰਤਾਪ ਸਿੰਘ, ਸ਼ਾਹਕੋਟ ਤੋਂ ਐਮ ਐਲ ਏ ਹਰਦੇਵ ਸਿੰਘ ਲਾਡੀ ਸ਼ੇਰੋਂਵਾਲੀਆ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਉਹ ਇਹਨਾਂ ਜਸ਼ਨਾਂ ਦੌਰਾਨ ਸਰੀ ਦੀ ਮੇਅਰ ਬਰੈਂਡਾ ਲੌਕ, ਸਿੱਖਿਆ ਮੰਤਰੀ ਰਚਨਾ ਸਿੰਘ, ਐਮ ਐਲ ਏ ਜਿੰਨੀ ਸਿਮਸ, ਬੀਸੀ ਮੰਤਰੀ ਜਗਰੂਪ ਬਰਾੜ, ਐਮ ਪੀ ਸੁੱਖ ਧਾਲੀਵਾਲ, ਐਮ ਪੀ ਰਣਦੀਪ ਸਿੰਘ ਸਰਾਏ ਤੇ ਹੋਰ ਕੈਨੇਡੀਅਨ ਆਗੂਆਂ ਨਾਲ ਮੁਲਾਕਾਤ ਤੋਂ ਇਲਾਵਾ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਮਿਲੇ ਤੇ ਤਸਵੀਰਾਂ ਖਿਚਵਾਈਆਂ। ਦੋਵੇਂ ਆਗੂ ਸਰੀ ਨਾਰਥ ਵਿਚ ਕਬੱਡੀ ਕੱਪ ਵਿਚ ਵੀ ਸ਼ਾਮਿਲ ਹੋਏ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਉਹਨਾਂ ਨਾਲ ਏ ਵੰਨ ਟਰੱਸ ਦੇ ਸੀਈਓ ਪ੍ਰਭਦੇਵ ਸਿੰਘ ਸਾਬੀ ਖਹਿਰਾ, ਗੈਰੀ ਖਹਿਰਾ, ਜੱਗਾ ਖਹਿਰਾ ਤੇ ਹੋਰ ਕਈ ਸਥਾਨਕ ਸ਼ਖਸੀਅਤਾਂ ਵੀ ਉਹਨਾਂ ਦੇ ਨਾਲ ਸਨ।