Headlines

ਕੈਨੇਡਾ ਦਿਹਾੜੇ ਦੇ ਨਾਲ ‘ਸੰਤ ਤੇਜਾ ਸਿੰਘ ਦਿਹਾੜਾ’ ਉਤਸ਼ਾਹ ਨਾਲ ਮਨਾਇਆ ਗਿਆ

“ਪ੍ਰੋ. ਤੇਜਾ ਸਿੰਘ ਸਦਕਾ ਅਸੀਂ ਕੈਨੇਡਾ ‘ਚ ਬੈਠੇ ਹਾਂ, ਨਹੀਂ ਤਾਂ ਹੌਂਡਰਸ ਵਿੱਚ ਆਰਥਿਕ ਗੁਲਾਮੀ ਦਾ ਸ਼ਿਕਾਰ ਹੁੰਦੇ”
ਵੈਨਕੂਵਰ (ਡਾ ਗੁਰਵਿੰਦਰ ਸਿੰਘ)-ਪਹਿਲੀ ਜੁਲਾਈ ਨੂੰ ਕੈਨੇਡਾ ਦਿਹਾੜੇ ਦੇ ਨਾਲ ਨਾਲ, ਇਸ ਦਿਹਾੜੇ ਨੂੰ ਸੰਤ ਤੇਜਾ ਸਿੰਘ ਦਿਹਾੜੇ ਵਜੋਂ ਵੀ ਮਾਨਤਾ ਹਾਸਿਲ ਹੈ ਅਤੇ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਸੰਤ ਤੇਜਾ ਸਿੰਘ ਦਿਹਾੜੇ ਦਾ ਐਲਾਨਨਾਮਾ (ਪ੍ਰੋਕਲੇਮੇਸ਼ਨ)  ਜਾਰੀ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਗੁਰਸਾਗਰ ਮਸਤੂਆਣਾ ਸਾਹਿਬ ਸਰੀ ਬੀਸੀ ਵਿਖੇ ਮੁੱਖ ਸੇਵਾਦਾਰ ਭਾਈ ਮਹਿੰਦਰ ਸਿੰਘ ਮਹਿਸਮਪੁਰ ਵੱਲੋਂ ਸੰਗਤਾਂ ਨਾਲ ਮਿਲ ਕੇ ਪਹਿਲੀ ਜੁਲਾਈ ਨੂੰ ‘ਸੰਤ ਤੇਜਾ ਸਿੰਘ ਦਿਹਾੜਾ’ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰੋਫੈਸਰ ਤੇਜਾ ਸਿੰਘ ਜੀ ਦੀਆਂ ਦੇਣਾਂ ਨੂੰ ਯਾਦ ਕੀਤਾ ਗਿਆ, ਜਿਨਾਂ ਸਦਕਾ ਅਸੀਂ ਕੈਨੇਡਾ ‘ਚ ਬੈਠੇ ਹਾਂ, ਨਹੀਂ ਤਾਂ ਹੌਂਡਰਸ ਵਿੱਚ ਮੱਖੀਆਂ ਅਤੇ ਮੱਛਰਾਂ ਨਾਲ ਘੋਲ ਕਰ ਰਹੇ ਹੁੰਦੇ ਅਤੇ ਆਰਥਿਕ ਤੌਰ ਤੇ ਗੁਲਾਮੀ ਦਾ ਸ਼ਿਕਾਰ ਹੁੰਦੇ! ਇਸ ਸਬੰਧ ਵਿੱਚ ਪ੍ਰੋਫੈਸਰ ਤੇਜਾ ਸਿੰਘ ਦੀ ਮਹਾਨ ਸ਼ਖ਼ਸੀਅਤ ਬਾਰੇ ਵਿਚਾਰਾਂ ਦੀ ਸਾਂਝ ਪਾਉਣੀ ਲਾਹੇਵੰਦ ਹੋਵੇਗੀ। ਪ੍ਰੋਫੈਸਰ ਤੇਜਾ ਸਿੰਘ ਦਾ ਜਨਮ 14 ਮਈ 1877 ਨੂੰ ਪਿੰਡ ਬੱਲੋਵਾਲੀ ਜ਼ਿਲਾ ਗੁੱਜਰਾਂਵਾਲਾ, ਸਾਂਝਾ ਪੰਜਾਬ (ਅੱਜ ਕਲ੍ਹ ਪਾਕਿਸਤਾਨ) ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਂ ਸਰਦਾਰ ਰਲਾ ਸਿੰਘ ਅਤੇ ਮਾਤਾ ਦਾ ਨਾਂ ਬੀਬੀ ਸਦਾ ਕੌਰ ਸੀ। ਆਪ ਜੀ ਦਾ ਬਚਪਨ ਦਾ ਨਾਂ ਨਿਰੰਜਨ ਸਿੰਘ ਸੀ। ਆਪ ਨੇ ਐਮ ਏ ਅੰਗਰੇਜ਼ੀ ਅਤੇ ਐਲ ਐਲ ਬੀ ਦੀ ਪੜ੍ਹਾਈ ਕਰਨ ਮਗਰੋਂ ਸੰਨ 1904 ਵਿੱਚ ਕੁਝ ਸਮਾਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪਹਿਲਾਂ ਪ੍ਰੋਫੈਸਰ ਅਤੇ ਮਗਰੋਂ ਵਾਈਸ ਪ੍ਰਿੰਸੀਪਲ ਦੀ ਸੇਵਾ ਨਿਭਾਈ। ਇਸ ਦੌਰਾਨ ਸੰਤ ਅਤਰ ਸਿੰਘ ਮਸਤੂਆਣਾ ਦੀ ਪ੍ਰੇਰਨਾ ਨਾਲ ਅੰਮ੍ਰਿਤ ਛਕਣ ਤੋਂ ਬਾਅਦ ਆਪ ਜੀ ਤੇਜਾ ਸਿੰਘ ਬਣੇ।
1906 ਵਿੱਚ ਆਪ ਨੇ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਅਤੇ ਇੱਥੇ ਸਿੱਖੀ ਪ੍ਰਚਾਰ ਲਈ ‘ਖਾਲਸਾ ਜਥਾ ਬ੍ਰਿਟਿਸ਼ ਆਈਲੈਂਡ’ ਵੀ ਸਥਾਪਿਤ ਕੀਤਾ। ਦੋ ਸਾਲ ਮਗਰੋਂ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ‘ਚ ਪੜ੍ਹਾਈ ਕੀਤੀ, ਜਦਕਿ ਇਸ ਤੋਂ ਇਲਾਵਾ ਅਮਰੀਕਾ ਦੀ ਹੀ ਕੋਲੰਬੀਆ ਯੂਨੀਵਰਸਿਟੀ ਦੇ ਟੀਚਰ ਕਾਲਜ ਵਿੱਚ ਦਾਖਲਾ ਲੈ ਕੇ, ਮਗਰੋਂ ਉਥੇ ਪੜਾਉਣ ਦੀਆਂ ਸੇਵਾਵਾਂ ਵੀ ਨਿਭਾਈਆਂ। ਯੂਨੀਵਰਸਿਟੀਆ ਤੋਂ ਉੱਚ ਵਿੱਦਿਆ ਹਾਸਲ ਪ੍ਰੋਫੈਸਰ ਤੇਜਾ ਸਿੰਘ ਜੀ ਦਾ ਧਾਰਮਿਕ ਜੀਵਨ ਲੋਕਾਂ ਲਈ ਆਦਰਸ਼ਕ ਸੀ, ਜਿਨਾਂ ਕੈਨੇਡਾ, ਅਮਰੀਕਾ ਇੰਗਲੈਂਡ ਵਿੱਚ ਕਈ ਗੁਰਦੁਆਰਿਆਂ ਦੀ ਸਿਰਜਣਾ ਕੀਤੀ।
ਕੈਨੇਡਾ ਵਿੱਚ ਪਹਿਲੀ ਵਾਰ ਅੰਮ੍ਰਿਤ ਸੰਚਾਰ ਤੋਂ ਲੈ ਕੇ, ਇਥੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਮਾਈਨਿੰਗ ਕੰਪਨੀ ਸਥਾਪਿਤ ਕਰਨ, ਇੱਥੇ ਸਿੱਖ ਯੂਨੀਵਰਸਿਟੀ ਕਾਇਮ ਕਰਨ ਦੀ ਮਹਾਨ ਵਲਵਲੇ ਮਨ ਵਿੱਚ ਰੱਖਣ ਅਤੇ ਅਣਗਿਣਤ ਹੋਰ ਉਪਰਾਲੇ ਕਰਨ ਸਬੰਧੀ ਪ੍ਰਿੰਸੀਪਲ ਸਾਹਿਬ ਦੇ ਖ਼ਿਆਲ ਸਨ। ਕੈਨੇਡਾ ਤੋਂ ਇਲਾਵਾ ਅਮਰੀਕਾ, ਇੰਗਲੈਂਡ ਅਤੇ ਕਈ ਹੋਰਨਾਂ ਦੇਸ਼ਾਂ ਵਿੱਚ ਗੁਰਦੁਆਰੇ ਸਥਾਪਿਤ ਕਰਨ ਅਤੇ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਉਣ ਵਿੱਚ ਵੀ ਆਪ ਜੀ ਨੇ ਸਿੱਖੀ ਸਿਧਾਂਤਾਂ ਦੇ ਪਹਿਰੇਦਾਰੀ ਕੀਤੀ। ਪ੍ਰੋਫੈਸਰ ਤੇਜਾ ਸਿੰਘ ਦੀ ਧਾਰਮਿਕ, ਵਿੱਦਿਅਕ, ਸਮਾਜਿਕ ਪੱਖਾਂ ਵਿੱਚ ਸਿੱਖਾਂ ਨੂੰ ਵਡਮੁੱਲੀ ਦੇਣ ਤੋਂ ਇਲਾਵਾ ਰਾਜਨੀਤਕ ਪੱਖੋਂ ਵੀ ਮਹਾਨ ਦੇਣ ਹੈ। ਜੇਕਰ ਇਤਿਹਾਸ ਪੜ੍ਹੀਏ, ਤਾਂ ਪਤਾ ਲੱਗਦਾ ਹੈ ਕਿ ਕੈਨੇਡਾ ਵਸਦੇ ਭਾਰਤੀ ਮੂਲ ਦੇ ਲੋਕਾਂ ਨੂੰ ਸੰਨ 1908 ਵਿੱਚ ਇੱਥੋਂ ਕੱਢ ਕੇ ਹਾਂਡੂਰਸ ਭੇਜਣ ਤੱਕ ਦੀਆਂ ਸਾਰੀਆਂ ਧੱਕੇਸ਼ਾਹੀਆਂ ਨੂੰ ਰੋਕਣ ਲਈ, ਉਨ੍ਹਾਂ ਮਹਾਨ ਯੋਗਦਾਨ ਪਾਇਆ। ਕੈਨੇਡਾ ਵਿਖੇ ਖਾਲਸਾ ਦੀਵਾਨ ਸੁਸਾਇਟੀ ਦੇ ਸੰਵਿਧਾਨ ਦੀ ਸਿਰਜਣਾ ਤੋਂ ਇਲਾਵਾ ਨਸਲਵਾਦ ਦੇ ਵਿਰੁੱਧ ਆਵਾਜ਼ ਉਠਾਉਣ ਅਤੇ ਧਰਮ ਦੇ ਨਾਲ-ਨਾਲ ਅਜ਼ਾਦੀ ਦੀ ਲਹਿਰ ਵਿੱਚ ਪ੍ਰੋਫੈਸਰ ਤੇਜਾ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਤੇ ਆਪ ਨੇ ਗ਼ਦਰ ਲਹਿਰ ਨੂੰ ਪ੍ਰਫੁਲਤ ਕੀਤਾ,ਪਰ ਦੁੱਖ ਦੀ ਗੱਲ ਇਹ ਹੈ ਕਿ ਇਤਿਹਾਸਕਾਰਾਂ ਨੇ ਇਸ ਪੱਖੋਂ ਇਮਾਨਦਾਰਾਨਾ ਪਹੁੰਚ ਨਾਲ ਖੋਜ ਕਾਰਜ ਨਹੀਂ ਕੀਤੀ। ਆਪ ਜੀ ਮਹਾਨ ਸੇਵਾ ਨਿਭਾਉਂਦੇ ਹੋਏ 3 ਜੁਲਾਈ 1965 ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
ਪ੍ਰੋਫੈਸਰ ਤੇਜਾ ਸਿੰਘ ਜੀ ਦੀ ਬਹੁ-ਪੱਖੀ ਦੇਣ ਸੁਨਹਿਰੀ ਅੱਖਰਾਂ ਵਿੱਚ ਅੰਕਿਤ ਹੈ ਅਤੇ ਸਦਾ ਹੀ ਸਿੱਖ ਕੌਮ ਦਾ ਮਾਰਗ-ਦਰਸ਼ਨ ਕਰਦੀ ਰਹੇਗੀ। ਗੁਰਦੁਆਰਾ ਸਾਹਿਬ ਗੁਰਸਾਗਰ ਮਸਤੂਆਣਾ ਸਾਹਿਬ ਸਰੀ ਬੀਸੀ ਵਿਖੇ ਪਹਿਲੀ ਜੁਲਾਈ ਨੂੰ ਪ੍ਰੋਫੈਸਰ ਤੇਜਾ ਸਿੰਘ ਜੀ ਨੂੰ ਸਮਰਪਿਤ ਪ੍ਰੋਕਲੇਮੇਸ਼ਨ ਬ੍ਰਿਟਿਸ਼ ਕੋਲੰਬੀਆ ਦੀ ਸਿੱਖਿਆ ਮੰਤਰੀ ਰਚਨਾ ਸਿੰਘ ਨੇ ਭੇਟ ਕੀਤਾ।’ਸੰਤ ਤੇਜਾ ਸਿੰਘ ਯਾਦਗਾਰੀ ਪ੍ਰਦਰਸ਼ਨੀ’ ਇਸ ਮੌਕੇ ‘ਤੇ ਖਿੱਚ ਦਾ ਕੇਂਦਰ ਰਹੀ। ਸਮਾਗਮ ਵਿੱਚ ਅਕਾਲ ਅਕੈਡਮੀ ਬੜੂ ਸਾਹਿਬ ਦੇ ਬੱਚਿਆਂ ਅਤੇ ਬਾਬਾ ਅਵਤਾਰ ਸਿੰਘ ਧੂਰਕੋਟ ਵਾਲਿਆਂ ਨੇ ਹਾਜ਼ਰੀ ਲਵਾਈ। ਇਸ ਮੌਕੇ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਿੰਘ ਸਾਹਿਬ ਅਤੇ ਸਾਬਕਾ ਮੁੱਖ ਗ੍ਰੰਥੀ ਭਾਈ ਜਗਤਾਰ ਸਿੰਘ, ਬਾਬਾ ਇੰਦਰਜੀਤ ਸਿੰਘ ਰੱਤੀਆਂ ਅਤੇ ਭਾਈ ਗਿਆਨ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ਤੇ ਵਿਚਾਰ ਸਾਂਝੇ ਕੀਤੇ। ਹੋਰਨਾਂ ਸ਼ਖਸੀਅਤਾਂ ਵਿੱਚ ਭਾਈ ਅਵਤਾਰ ਸਿੰਘ ਗਿੱਲ, ਭਾਈ ਬਲਵੀਰ ਸਿੰਘ ਸੰਘਾ ਅਤੇ ਹੋਰ ਬੁਲਾਰਿਆਂ ਨੇ ਹਾਜ਼ਰੀ ਲਵਾਈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਮਹਿੰਦਰ ਸਿੰਘ ਮਹਿਸਮਪੁਰ ਵੱਲੋਂ ਸੰਗਤਾਂ ਨਾਲ ਮਿਲ ਕੇ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ।