ਕਾਂਗਰਸੀ ਆਗੂ ਨੇ ਦਿੱਲੀ ’ਚ ਮਜ਼ਦੂਰਾਂ ਦੀਆਂ ਮੁਸ਼ਕਲਾਂ ਸੁਣੀਆਂ
ਨਵੀਂ ਦਿੱਲੀ, 4 ਜੁਲਾਈ
ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਕੌਮੀ ਰਾਜਧਾਨੀ ਦਿੱਲੀ ਦੇ ਗੁਰੂ ਤੇਗ ਬਹਾਦਰ (ਜੀਟੀਬੀ) ਨਗਰ ਵਿੱਚ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਰਾਹੁਲ ਨੇ ਆਖਿਆ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਇਨ੍ਹਾਂ ਦਿਹਾੜੀਦਾਰ ਮਜ਼ਦੂਰਾਂ ਨੂੰ ਪੂਰੇ ਅਧਿਕਾਰ ਦਾ ਸਨਮਾਨ ਦਿਵਾਉਣਾ ਹੈ। ਕਾਂਗਰਸੀ ਆਗੂ ਨੇ ਮਜ਼ਦੂਰਾਂ ਨਾਲ ਮੁਲਾਕਾਤ ਦੀਆਂ ਤਸਵੀਰਾਂ ਆਪਣੇ ਵਟਸਐਪ ਚੈਨਲ ’ਤੇ ਸਾਂਝੀਆਂ ਕੀਤੀਆਂ ਅਤੇ ਆਖਿਆ, ‘‘ਹੱਥੀਂ ਕੰਮ ਕਰਨ ਵਾਲਿਆਂ ਦੀ ਅੱਜ ਭਾਰਤ ’ਚ ਕੋਈ ਕਦਰ ਨਹੀਂ ਹੈ। ਮੈਂ ਪਹਿਲਾਂ ਵੀ ਇਹ ਗੱਲ ਆਖੀ ਸੀ ਅਤੇ ਅੱਜ ਜੀਟੀਬੀ ਨਗਰ ’ਚ ਕੰਮ ਦੀ ਭਾਲ ’ਚ ਖੜ੍ਹੇ ਰਹਿਣ ਵਾਲੇ ਮਜ਼ਦੂਰਾਂ ਨਾਲ ਮੁਲਾਕਾਤ ਕਰਕੇ ਇਹ ਗੱਲ ਹੋਰ ਪੁਖਤਾ ਹੋ ਗਈ। ਮਹਿੰਗਾਈ ਦੀ ਮਾਰ ’ਚ ਮਾਮੂਲੀ ਜਿਹੀ ਦਿਹਾੜੀ ’ਤੇ ਗੁਜ਼ਾਰਾ ਅਤੇ ਉਸ ਦੀ ਵੀ ਗਾਰੰਟੀ ਨਹੀਂ ਹੈ। ਭਾਰਤ ਦੇ ਮਜ਼ਦੂੁਰਾਂ ਤੇ ਹੱਥੀ ਕੰਮ ਕਰਨ ਵਾਲਿਆਂ ਨੂੰ ਪੂਰੇ ਅਧਿਕਾਰ ਅਤੇ ਸਨਮਾਨ ਦਿਵਾਉਣਾ, ਇਹ ਮੇਰੀ ਜ਼ਿੰਦਗੀ ਦਾ ਮਿਸ਼ਨ ਹੈ।’’ ਇਸੇ ਦੌਰਾਨ ਕਾਂਗਰਸ ਨੇ ਪਾਰਟੀ ਆਗੂ ਦੀ ਮਜ਼ਦੂਰਾਂ ਨਾਲ ਮੁਲਾਕਾਤ ਦੀਆਂ ਤਸਵੀਰਾਂ ਐਕਸ ’ਤੇ ਸਾਂਝੀਆਂ ਕੀਤੀਆਂ ਤੇ ਕਿਹਾ, ‘‘ਵਿਰੋਧੀ ਧਿਰ ਦੇ ਨੇਤਾ ਅੱਜ ਦਿੱਲੀ ਦੇ ਜੀਟੀਬੀ ਨਗਰ ’ਚ ਮਜ਼ਦੂਰਾਂ ਨੂੰ ਮਿਲੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਹ ਮਿਹਨਤੀ ਮਜ਼ਦੂਰ ਭਾਰਤ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹਨ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਦੇ ਜੀਵਨ ਨੂੰ ਸਰਲ ਤੇ ਭਵਿੱਖ ਨੂੰ ਸੁਰੱਖਿਅਤ ਬਣਾਈਏ।’’ ਮੁਲਾਕਾਤ ਦੌਰਾਨ ਰਾਹੁਲ ਨੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਹਾਲਾਤ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਸੀਮਿੰਟ ਅਤੇ ਰੇਤੇ ਦੇ ਬਣੇ ਮਸਾਲੇ ਨੂੰ ਕਹੀ ਨਾਲ ਚੁੱਕਿਆ ਤੇ ਉਸਾਰੀ ਵਾਲੀ ਥਾਂ ’ਤੇ ਬਣ ਰਹੀਆਂ ਪੌੜੀਆਂ ’ਤੇ ਕਰੰਡੀ ਨਾਲ ਸੀਮਿੰਟ ਵੀ ਲਾਇਆ।