‘ਆਪ’ ਉੱਤੇ ਲਾਏ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਦੋਸ਼
ਜਲੰਧਰ, 4 ਜੁਲਾਈ
ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਚੋਣ ਸਰਕਾਰੀ ਮਸ਼ੀਨਰੀ ਅਤੇ ਪੈਸੇ ਦੇ ਜ਼ੋਰ ਨਾਲ ਹਾਈਜੈਕ ਕੀਤੀ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਸਥਾਨਕ ਲੀਡਰਾਂ ਸਣੇ ਆਮ ਲੋਕਾਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਬੂਥਾਂ ’ਤੇ ਕਬਜ਼ੇ ਕਰਨ ਲਈ ਵਿਉਂਤਬੰਦੀ ਘੜ ਲਈ ਹੈ ਅਤੇ ਜੇਲ੍ਹਾਂ ਵਿੱਚ ਗੰਭੀਰ ਅਪਰਾਧਾਂ ਤਹਿਤ ਬੰਦ ਗੈਂਗਸਟਰਾਂ ਨੂੰ ਪੈਰੋਲ ’ਤੇ ਲਿਆਂਦਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਡਰਾ ਕੇ ਇਹ ਚੋਣ ਜਿੱਤੀ ਜਾ ਸਕੇ।
ਚੰਨੀ ਨੇ ਕਿਹਾ ਕਿ ਪੈਰੋਲ ’ਤੇ ਬਾਹਰ ਆਏ ਗੈਂਗਸਟਰ ਨੂੰ ਪੁਲੀਸ ਨਾਲ ਲੈ ਕੇ ਜਲੰਧਰ ਪੱਛਮੀ ਹਲਕੇ ਵਿੱਚ ਸ਼ਰ੍ਹੇਆਮ ਘੁਮਾ ਰਹੀ ਹੈ। ਉਸ ਕੋਲੋਂ ਲੋਕਾਂ ਨੂੰ ਧਮਕੀਆਂ ਦਿਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਗੈਂਗਸਟਰ ਭਾਜਪਾ ਉਮੀਦਵਾਰ ਦੇ ਘਰ ਦੇ ਨੇੜੇ ਘੁੰਮਦਾ ਹੋਇਆ ਵੀ ਦੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੀ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਜਾਂ ਫਿਰ ਭਾਜਪਾ ਦੇ ਸ਼ੀਤਲ ਅੰਗੁਰਾਲ ਨੂੰ ਮਰਵਾਉਣਾ ਚਾਹੁੰਦੀ ਹੈ। ਚੰਨੀ ਨੇ ਦੋਸ਼ ਲਾਇਆ ਕਿ ਇਹ ਗੈਂਗਸਟਰ ਕਾਂਗਰਸ ਪਾਰਟੀ ਦੇ ਸਮਰਥਕਾਂ ਨੂੰ ਵੀ ਧਮਕਾ ਰਿਹਾ ਹੈ। ਚੰਨੀ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ 10 ਜੁਲਾਈ ਤੱਕ ਗੈਂਗਸਟਰ ਦਲਜੀਤ ਸਿੰਘ ਭਾਨਾ ਦੀ ਪੈਰੋਲ ਰੱਦ ਕੀਤੀ ਜਾਵੇ। ਉੱਨਾਂ ਕਿਹਾ ਕਿ ਏ ਗਰੇਡ ਕੈਟਾਗਰੀ ਦੇ ਅਪਰਾਧੀ ਨੂੰ ਚੋਣਾਂ ਦੋਰਾਨ ਪੈਰੋਲ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਸ ਬਾਰੇ ਮੁੱਖ ਮੰਤਰੀ ਜਵਾਬ ਦੇਣ ਕਿ ਭਾਨਾ ਨੂੰ ਕਿਸ ਅਧਾਰ ’ਤੇ ਪੈਰੋਲ ਦਿੱਤੀ ਗਈ ਹੈ।
ਚੰਨੀ ਨੇ ਕਿਹਾ ਕਿ ਸ਼ੀਤਲ ਅੰਗੁਰਾਲ ਵੱਲੋਂ ਮੁੱਖ ਮੰਤਰੀ ਦੇ ਪਰਿਵਾਰ ’ਤੇ ਲਗਾਏ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਹਾਈ ਕੋਰਟ ਇਸ ਗੰਭੀਰ ਮਾਮਲੇ ਦਾ ਆਪਣੇ ਆਪ ਨੋਟਿਸ ਲਵੇ ਅਤੇ ਸੀਬੀਆਈ ਇਸ ਦੀ ਜਾਂਚ ਕਰੇ। ਚੰਨੀ ਨੇ ਕਿਹਾ ਕਿ ਜੇ ਅੰਗੁਰਾਲ ਇਹ ਸਬੂਤ ਉਨ੍ਹਾਂ ਨੂੰ ਦਿੰਦੇ ਹਨ ਤਾਂ ਉਹ ਇਨ੍ਹਾਂ ਨੂੰ ਜਨਤਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖ਼ਿਲਾਫ਼ ਬੋਲਣ ਵਾਲੇ ਨੂੰ ਪਾਕਿਸਤਾਨ ਤੋਂ ਧਮਕੀਆਂ ਮਿਲ ਰਹੀਆਂ ਹਨ। ਚੰਨੀ ਨੇ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਜਪਾ ਦਾ ਉਮੀਦਵਾਰ ਹੁਣ ਭਰੋਸੇਯੋਗ ਨਹੀਂ ਰਿਹਾ ਜਿਹੜਾ ਸਬੂਤ ਹੋਣ ਦੇ ਦਾਅਵਾ ਕਰਨ ਦੇ ਬਾਵਜੂਦ ਡਰ ਗਿਆ ਹੈ।