ਜਲੰਧਰ (ਪਾਲ ਸਿੰਘ ਨੌਲੀ)-ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੁਣੌਤੀ ਨੂੰ ਸਵੀਕਾਰਦਿਆਂ ਅੱਜ 2 ਵਜੇ ਦਾ ਸਮਾਂ ਭ੍ਰਿਸ਼ਟਾਚਾਰ ਦੇ ਸਬੂਤ ਜਨਤਕ ਕਰਨ ਦਾ ਦਿੱਤਾ ਹੋਇਆ ਸੀ। ਅੰਗੁਰਾਲ ਬਾਅਦ ਦੁਪਹਿਰ ਦੋ ਵਜੇ ਤੋਂ ਪਹਿਲਾਂ ਹੀ ਬਾਬੂ ਜਗਜੀਵਨ ਰਾਮ ਚੌਕ ਵਿੱਚ ਆਪਣੇ ਸਮਰਥਕਾਂ ਨਾਲ ਪਹੁੰਚ ਗਏ। ਮੁੱਖ ਮੰਤਰੀ ਭਗਵੰਤ ਮਾਨ ਦੇ ਉਥੇ ਨਾ ਪਹੁੰਚਣ ਦੇ ਪੌਣੇ ਘੰਟੇ ਬਾਅਦ ਅੰਗੁਰਾਲ ਨੇ ਡੱਬੀ ਵਿੱਚ ਬੰਦ ਪੈਨ ਡਰਾਈਵ ਦਿਖਾਉਂਦਿਆਂ ਕਿਹਾ ਕਿ ਇਸ ਵਿੱਚ ‘ਆਪ’ ਦਾ ਵਿਧਾਇਕ ਦਾਅਵਾ ਕਰ ਰਿਹਾ ਹੈ ਕਿ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਸ਼ਾਮਲ ਹਨ।
ਅੰਗੁਰਾਲ ਇਸ ਦੌਰਾਨ ਕਈ ਵਾਰ ਭਾਵੁਕ ਵੀ ਹੋਏ ਤੇ ਇੱਥੋਂ ਤੱਕ ਉਹ ਰੋਣ ਵੀ ਲੱਗ ਪਏ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਪੈਨ ਡਰਾਈਵ ਵਾਲੇ ਭੇਤ ਨਾ ਖੋਲ੍ਹੇ, ਜਿਸ ਬਾਰੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਹੋਈ ਸੀ।
ਗ਼ੌਰਤਲਬ ਹੈ ਕਿ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਪਿਛਲੇ ਦੋ-ਤਿੰਨ ਦਿਨ ਤੋਂ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਇਹ ਦਾਅਵਾ ਕਰਦੇ ਆ ਰਹੇ ਹਨ ਕਿ ਉਨ੍ਹਾਂ ਕੋਲ ਅਜਿਹੇ ਸਬੂਤ ਹਨ ਜਿਸ ਵਿੱਚ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਪੈਸਿਆਂ ਦੇ ਲੈਣ-ਦੇਣ ਬਾਬਤ ‘ਆਪ’ ਦੇ ਇੱਕ ਵਿਧਾਇਕ ਨਾਲ ਗੱਲ ਕਰ ਰਹੇ ਹਨ। ਇਨ੍ਹਾਂ ਸਬੂਤਾਂ ਨੂੰ ਪੰਜ ਜੁਲਾਈ ਨੂੰ ਜਨਤਕ ਕਰਨ ਦਾ ਅੰਗੁਰਾਲ ਨੇ ਐਲਾਨ ਕੀਤਾ ਹੋਇਆ ਸੀ। ਕੱਲ੍ਹ ਦੇ ਰੋਡ ਸ਼ੋਅ ਦੌਰਾਨ ਪੱਤਰਕਾਰਾਂ ਨੇ ਜਦੋਂ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤੇ ਸਨ ਤਾਂ ਉਨ੍ਹਾਂ ਚੁਣੌਤੀ ਦਿੱਤੀ ਸੀ ਕਿ ਉਹ 5 ਜੁਲਾਈ ਦੀ ਉਡੀਕ ਕਿਉਂ ਕਰ ਰਹੇ ਹਨ ਜੇ ਉਨ੍ਹਾਂ ਕੋਲ ਸਬੂਤ ਹਨ ਤਾਂ ਉਹ ਜਨਤਕ ਕਰਨ।
ਅੰਗੁਰਾਲ ਨੇ ਲੰਘੀ ਦੇਰ ਰਾਤ ਆਪਣੇ ਫੇਸਬੁਕ ਅਕਾਊਂਟ ’ਤੇ ਪੋਸਟ ਪਾ ਕੇ ਮੁੱਖ ਮੰਤਰੀ ਦੀ ਚੁਣੌਤੀ ਕਬੂਲ ਲਈ ਸੀ ਅਤੇ 4 ਜੁਲਾਈ ਨੂੰ 2 ਵਜੇ ਬਾਬੂ ਜਗਜੀਵਨ ਚੌਕ ਵਿੱਚ ਆਉਣ ਦਾ ਸੱਦਾ ਦਿੱਤਾ ਸੀ। ਸ਼ੀਤਲ ਅੰਗੁਰਾਲ ਨੇ ਉਥੇ 2 ਵਜੇ ਮੁੱਖ ਮੰਤਰੀ ਦੀ ਉਸੇ ਤਰਜ਼ ’ਤੇ ਵੱਡੀ ਸਾਰੀ ਕੁਰਸੀ ਲਾ ਕੇ ਉਸ ’ਤੇ ਲਿਖ ਕੇ ਸਲਿਪ ਵੀ ਲਾ ਦਿੱਤੀ ਸੀ। ਦੁਪਹਿਰ ਕਰੀਬ 2.45 ਵਜੇ ਸ਼ੀਤਲ ਅੰਗੁਰਾਲ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਪੈੱਨ ਡਰਾਈਵ ਵਿੱਚ ਰਿਕਾਰਡ ਹੋਏ ਆਡੀਓ ਬਾਰੇ ਜਾਣਕਾਰੀ ਦਿੱਤੀ। ਭਾਜਪਾ ਉਮੀਦਵਾਰ ਨੇ ਇੱਕ ਘੰਟੇ ਤੋਂ ਵੱਧ ਸਪੀਚ ਤਾਂ ਕੀਤੀ ਪਰ ਜਿਹੜੀ ਚੁਣੌਤੀ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦਿੱਤੀ ਸੀ ਉਸ ਮੁਤਾਬਿਕ ਸ਼ੀਤਲ ਅੰਗੁਰਾਲ ਨੇ ਆਡੀਓ ਜਨਤਕ ਤੌਰ ’ਤੇ ਨਹੀਂ ਸੁਣਾਈ ਜਿਸ ਨੂੰ ਕਿ ਲੋਕ ਸੁਣਨ ਲਈ ਕਾਹਲੇ ਸਨ। ਇਸ ਦੌਰਾਨ ਅੰਗੁਰਾਲ ਨੇ ਕਿਹਾ ਕਿ ਇਹ ਪੈੱਨ ਡਰਾਈਵ ਮੁੱਖ ਮੰਤਰੀ ਤੱਕ ਜ਼ਰੂਰ ਪਹੁੰਚਾਈ ਜਾਵੇਗੀ।
ਪਾਕਿਸਤਾਨ ਤੋਂ ਮਿਲ ਰਹੀਆਂ ਨੇ ਧਮਕੀਆਂ: ਅੰਗੁਰਾਲ
ਸ਼ੀਤਲ ਅੰਗੁਰਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਡਰਾਉਣ ਅਤੇ ਜਾਨੋਂ ਮਾਰਨ ਲਈ ਕਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਪੰਜਾਬ ਦੇ ਡੀਜੀਪੀ ਨੂੰ ਈਮੇਲ ਕੀਤੀ ਹੋਈ ਹੈ ਕਿ ਉਸ ਨੂੰ ਪਾਕਿਸਤਾਨ ਤੋਂ ਧਮਕੀਆਂ ਮਿਲ ਰਹੀਆਂ ਹਨ ਕਿ ਉਸ ਦੇ ਪਰਿਵਾਰ ਅਤੇ ਬੱਚਿਆਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਫੋਨ ਕਰਨ ਵਾਲੇ ਨੇ ਕਿਹਾ ਕਿ ਜੇ ਰਿਕਾਰਡਿੰਗ ਜਨਤਕ ਕੀਤੀ ਗਈ ਤਾਂ ਉਸ ਦੇ ਬੱਚਿਆਂ ਨੂੰ ਮਾਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਦੇ ਪਰਿਵਾਰ ਨੂੰ ਬਚਾਉਣ ਲਈ ਭਾਜਪਾ ਕਰ ਰਹੀ ਹੈ ‘ਸੌਦੇਬਾਜ਼ੀ’: ਗੜ੍ਹਦੀਵਾਲਾ
ਜਲੰਧਰ-ਮੁੱਖ ਮੰਤਰੀ ਅਤੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਵਿੱਚ ਭ੍ਰਿਸ਼ਟਾਚਾਰ ਦੇ ਕਥਿਤ ਸਬੂਤ ਬਾਰੇ ਪੈ ਰਹੇ ਰੌਲੇ ਰੱਪੇ ਦੌਰਾਨ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਹਾ ਇਹ ਸਾਰਾ ਡਰਾਮਾ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਉਮੀਦਵਾਰ ਨੇ ਆਡੀਓ ਜਨਤਕ ਕਰਨ ਦਾ ਸਿਰਫ ਡਰਾਮਾ ਹੀ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਲੀਡਰਸ਼ਿਪ ਅਜਿਹਾ ਡਰਾਮਾ ਕਰਕੇ ਮੁੱਖ ਮੰਤਰੀ ਨਾਲ ਸਿਆਸੀ ਸੌਦੇਬਾਜ਼ੀ ਕਰਨ ਦੀ ਤਾਕ ਵਿੱਚ ਬੈਠੀ ਹੈ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਦੇ ਪਰਿਵਾਰ ਵਿਰੁੱਧ ਸੱਚਮੁਚ ਹੀ ਕੋਈ ਸਬੂਤ ਸਨ ਤਾਂ ਉਨ੍ਹਾਂ ਨੂੰ ਲੋਕਾਂ ਸਾਹਮਣੇ ਰੱਖ ਕੇ ਮੁੱਖ ਮੰਤਰੀ ਦੀ ਚੁਣੌਤੀ ਸਵੀਕਾਰ ਕਰਨੀ ਚਾਹੀਦੀ ਸੀ। ਅਕਾਲੀ ਆਗੂ ਨੇ ਕਿਹਾ ਕਿ ‘ਆਪ’ ਅਤੇ ਭਾਜਪਾ ਵਾਲੇ ਰਲੇ ਹੋਏ ਹਨ ਅਤੇ ਦੋਵੇਂ ਇੱਕ ਦੂਜੇ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ।