*ਬ੍ਰਿਟਿਸ਼ ਹਕੂਮਤ ਦੇ ਜ਼ੁਲਮਾਂ ਨੂੰ ਨੰਗਿਆਂ ਕਰਦੀ ਇੱਕ ਲੰਮੀ ਕਵਿਤਾ ਖ਼ੂਨੀ ਵਿਸਾਖੀ ਉਤੇ ਹਕੂਮਤ ਨੇ ਪਾਬੰਦੀ ਲਗਾ ਦਿੱਤੀ-
–ਡਾਕਟਰ ਗੁਰਦੀਪ ਸਿੰਘ ਜਗਬੀਰ—
ਨਾਵਲਕਾਰ ਨਾਨਕ ਸਿੰਘ ਦਾ ਜਨਮ 4 ਜੁਲਾਈ 1897 ਵਾਲੇ ਦਿਨ, ਪਿੰਡ ਚੱਕ ਹਮੀਦ, ਜ਼ਿਲਾ ਜਿਹਲਮ , ਹੁਣ ਪਾਕਿਸਤਾਨ ਵਿੱਖੇ ਇੱਕ ਹਿੰਦੂ ਪਰਿਵਾਰ ਵਿੱਚ ਪਿਤਾ ਸ੍ਰੀ ਬਹਾਦਰ ਚੰਦ ਸੂਰੀ ਅਤੇ ਮਾਤਾ ਲੱਛਮੀ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦਾ ਨਾਂ ਪਰਿਵਾਰ ਵਲੋਂ, ਹੰਸ ਰਾਜ ਰਖਿਆ ਗਿਆ। ਆਪ ਪਿਸ਼ਾਵਰ ਦੇ ਗੁਰਦੁਆਰਾ ਭਾਈ ਜੋਗਾ ਸਿੰਘ ਵਿਖੇ ਜਾਇਆ ਕਰਦੇ ਸੋ।ਜਿਥੋਂ ਦੇ ਉਸ ਵੇਲੇ ਦੇ ਗ੍ਰੰਥੀ ਭਾਈ ਬਾਗ ਸਿੰਘ ਸਨ ਜੋਕੇ ਇਕ ਬਹੁਤ ਹੀ ਵਿਦਵਾਨ ਅਤੇ ਸੱਜਣ ਪੁਰਸ਼ ਸਨ। ਭਾਈ ਬਾਗ਼ ਸਿੰਘ ਦੀ ਪ੍ਰੇਰਨਾ ਸਦਕਾ ਹੰਸ ਰਾਜ ਦੇ ਮਨ ਵਿੱਚ ਸਿੱਖੀ ਦਾ ਬਹੁਤ ਡੂੰਘਾ ਅਸਰ ਹੋਇਆ ਅਤੇ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਏ। ਪੰਜਵੀਂ ਜਮਾਤ ਤਕ ਦੀ ਪੜ੍ਹਾਈ ਪਿੰਡ ਚੱਕ ਹਮੀਦ ਦੇ ਹੀ ਸਕੂਲ ਤੋਂ ਪਾਸ ਕੀਤੀ। ਪਰ ਪਿਤਾ ਸ੍ਰੀ ਬਹਾਦਰ ਚੰਦ ਸੂਰੀ ਦਾ ਦੇਹਾਂਤ ਹੋ ਗਿਆ ਅਤੇ ਘਰ ਦੇ ਵਿੱਚ ਆਰਥਿਕ ਤੰਗੀ ਦੇ ਕਾਰਣ, ਆਪ ਨੂੰ ਪੜ੍ਹਾਈ ਅਧੂਰੀ ਛੱਡਣੀ ਪਈ। ਰੋਟੀ-ਰੋਜ਼ੀ ਕਮਾਉਣ ਦੇ ਪਹਿਲਾਂ ਆਪ ਨੇ ਇੱਕ ਹਲਵਾਈ ਦੀ ਦੁਕਾਨ ‘ਤੇ ਭਾਂਡੇ ਮਾਂਜਣ ਦੀ ਨੌਕਰੀ ਕੀਤੀ ਫੇਰ ਮੇਲਿਆਂ ਵਿੱਚ ਖਾਣ ਪੀਣ ਦੀਆਂ ਰੇਹੜੀਆਂ ਵੀ ਲਗਾਂਦੇ ਰਹੇ।
13 ਅਪ੍ਰੈਲ 1919 ਦੀ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜਲਿਆਂਵਾਲਾ ਬਾਗ ਦੇ ਖੂਨੀ ਕਾਂਡ ਦੇ ਸਮੇਂ ਆਪ ਉਸ ਬਾਗ਼ ਦੇ ਵਿੱਚ ਮੋਜੂਦ ਸਨ। ਸੋ ਆਪ ਨੇ ਇਹ ਸਾਰਾ ਮੰਜ਼ਰ ਅੱਖੀਂ ਵੇਖਿਆ, ਜਿਸਦਾ ਆਪ ਦੇ ਮਨ ਤੇ ਬੜਾ ਡੂੰਘਾ ਅਸਰ ਹੋਇਆ। ਆਪ ਦੇ ਦੋ ਦੋਸਤ ਵੀ ਇਸ ਖ਼ੂਨੀ-ਕਾਂਡ ਵਿੱਚ ਸ਼ਹੀਦ ਹੀ ਗਏ ਸਨ। ਆਪ ਨੇ ਰੋਸ ਵਜੋਂ ਬ੍ਰਿਟਿਸ਼ ਹਕੂਮਤ ਦੇ ਜ਼ੁਲਮਾਂ ਨੂੰ ਨੰਗਿਆਂ ਕਰਦੀ ਇੱਕ ਲੰਮੀ ਕਵਿਤਾ ਲਿਖੀ ਜਿਸਦਾ ਨਾਂ ਸੀ ਖ਼ੂਨੀ ਵਿਸਾਖੀ। ਗੋਰੀ ਹਕੂਮਤ ਨੇ ਇਸ ਕਵਿਤਾ ਉਤੇ ਪਾਬੰਦੀ ਲਾ ਦਿੱਤੀ ਸੀ। ਵੈਸੇ ਆਪ ਜੀ ਨੇ ਪਹਿਲੀ ਵਾਰੀ ਕਵਿਤਾ ਉਦੋਂ ਲਿਖੀ ਸੀ ਜਦੋਂ ਆਪ 13 ਵਰ੍ਹਿਆਂ ਦੇ ਸੋ। ਸਾਲ 1921 ਵਿੱਚ ਆਪ ਜੀ ਦਾ ਅਨੰਦਕਾਰਜ ਬੀਬੀ ਰਾਜ ਕੌਰ ਨਾਲ ਹੋਇਆ ਸੀ।
1911 ਸਾਲ ਦੇ ਦੌਰਾਨ ਆਪ ਹੀ ਦਾ ਪਹਿਲਾ ਕਾਵਿ ਸੰਗ੍ਰਹਿ, ‘ਸੀਹਰਫ਼ੀ ਹੰਸ ਰਾਜ’, ਛਪਿਆ ਜੋ ਪੰਜਾਬੀ ਸਾਹਿਤ ਜਗਤ ਵਿੱਚ ਬਹੁਤ ਹੀ ਮਕਬੂਲ ਹੋਇਆ।
1922 ਸਾਲ ਦੇ ਵਿੱਚ ਜਦੋਂ ਅਕਾਲੀਆਂ ਵਲੋਂ ਗੁਰੂ ਕੇ ਬਾਗ ਦਾ ਮੋਰਚਾ ਲਗਾਇਆ ਗਿਆ ਤਾਂ ਉਸ ਵਕਤ ਆਪ ਵੀ ਇਕ ਜਥੇ ਦੇ ਨਾਲ ਇਸ ਮੋਰਚੇ ਵਿੱਚ ਸ਼ਾਮਲ ਹੋਏ ਅਤੇ ਜੇਲ੍ਹ ਵੀ ਕਟੀ। ਜੇਲ ਵਿੱਚ ਹੀ ਆਪ ਨੇ ਆਪਣੀ ਦੂਸਰੀ ਕਾਵਿ ਪੁਸਤਕ ਜ਼ਖਮੀ ਦਿਲ ਲਿਖੀ ਸੀ। ਜ਼ਖਮੀ ਦਿਲ, 1923 ਵਿੱਚ ਛਪੀ।ਇਸ ਵਿੱਚ ਇੰਕਲਾਬੀ ਕਵਿਤਾਵਾਂ ਸਨ ਜਿਸ ਕਾਰਣ, ਮਹਿਜ ਦੋ ਹਫ਼ਤਿਆਂ ਬਾਅਦ ਹੀ ਇਸ ਪੁਸਤਕ ਉਪਰ ਹਕੂਮਤ ਨੇ ਪਾਬੰਦੀ ਲਗਾ ਦਿੱਤੀ। ਜੇਲ੍ਹ ਵਿੱਚ ਹੀ ਕਵਿਤਾ ਤੋਂ ਇਲਾਵਾ ਆਪ ਨੇ ਹੀ ਜੇਲ੍ਹ ਵਿੱਚ ਹੀ ਆਪਣਾ ਪਹਿਲਾ ਨਾਵਲ ‘ਅੱਧ ਖਿੜੀ ਕਲੀ’ ਲਿਖਿਆ, ਜੋ ਬਾਅਦ ਵਿੱਚ ‘ਅੱਧ ਖਿੜਿਆ ਫੁੱਲ’ ਦੇ ਨਾਂਅ ਹੇਠ ਛਪਿਆ। ਆਪ ਮੁਨਸ਼ੀ ਪ੍ਰੇਮ ਚੰਦ ਦੇ ਨਾਵਲਾਂ ਤੋਂ ਬਹੁਤ ਪ੍ਰਭਾਵਿਤ ਸਨ। ਆਪ ਨੇ ਅਠੱਤੀ ਨਾਵਲ ਪੰਜਾਬੀ ਸਾਹਿਤ ਦੀ ਝੋਲੀ ਪਾਏ।ਇਸ ਤੋਂ ਇਲਾਵਾ ਚਾਰ ਕਾਵਿ ਸੰਗ੍ਰਹਿ, ਕਈ ਕਹਾਣੀ ਸੰਗ੍ਰਹਿ, ਸ੍ਵੈ-ਜੀਵਨੀ ਯਾਦਾਂ, ਤਰਜਮੇ, ਲੇਖ ਅਤੇ ਕੁਝ ਨਾਟਕ ਵੀ ਲਿਖੇ।
ਆਪ ਜੀ ਦੇ ਨਾਵਲਾਂ ਵਿੱਚ ਚਿੱਟਾ ਲਹੂ, ਅੱਧ ਖਿੜਿਆ ਫੁੱਲ, ਗਰੀਬ ਦੀ ਦੁਨੀਆਂ, ਧੁੰਦਲੇ ਪਰਛਾਵੇਂ, ਜੀਵਨ ਸੰਗਰਾਮ, ਪਵਿੱਤਰ ਪਾਪੀ, ਪਿਆਰ ਦੀ ਦੁਨੀਆਂ, ਅੱਗ ਦੀ ਖੇਡ, ਖ਼ੂਨ ਦੇ ਸੋਹਿਲੇ, ਆਦਮ ਖੋਰ, ਸੰਗਮ, ਕਟੀ ਹੋਈ ਪਤੰਗ, ਨਾਸੂਰ, ਛਲਾਵਾ, ਬੰਜਰ, ਇੱਕ ਮਿਆਨ ਦੋ ਤਲਵਾਰਾਂ, ਕੋਈ ਹਰਿਆ ਬੂਟ ਰਹਿਓ ਰੀ, ਗਗਨ ਦਮਾਮਾ ਬਾਜਿਓ ਆਦਿ ਨਾਵਲ ਲਿਖ ਕੇ ਆਪ ਨੇ ਪੰਜਾਬੀ ਸਾਹਿਤ ਜਗਤ ਵਿੱਚ ਇੱਕ ਪ੍ਰੌੜ੍ਹ ਅਤੇ ਮਕਬੂਲ ਨਾਵਲਕਾਰ ਵਜੋਂ ਆਪਣੀ ਪਛਾਣ ਬਣਾ ਲਈ ਸੀ। ਆਪ ਜੀ ਦੇ ਕਈ ਨਾਵਲਾਂ ਤੇ ਹਿੰਦੀ ਦੀਆਂ ਫਿਲਮਾਂ ਵੀ ਬਣੀਆ ਸਨ।1952 ਸਾਲ ਦੇ ਦੌਰਾਨ, ਪਟਿਆਲਾ ਦੇ ਪੰਜਾਬੀ ਮਹਿਕਮੇ ਵੱਲੋਂ ਆਪ ਨੂੰ ਸਨਮਾਨਿਤ ਕੀਤਾ ਗਿਆ।’ਇੱਕ ਮਿਆਨ ਦੋ ਤਲਵਾਰਾਂ’ ਨਾਵਲ ਇਕ ਇਤਿਹਾਸਕ ਨਾਵਲ ਸੀ ਜਿਸਦੇ ਲਈ ਆਪ ਨੂੰ ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ ਸਨਮਾਨਿਤ ਕੀਤਾ ਗਿਆ।28 ਦਸੰਬਰ, 1971 ਵਾਲੇ ਦਿਨ ਪ੍ਰੀਤ ਨਗਰ,ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਰਦਾਰ ਨਾਨਕ ਸਿੰਘ ਦਾ ਦੇਹਾਂਤ ਹੋ ਗਿਆ।