Headlines

ਪਤਨੀ ਦੇ ਕਾਤਲ ਇੰਦਰਜੀਤ ਸੰਧੂ ਨੂੰ ਉਮਰ ਕੈਦ ਦੀ ਸਜ਼ਾ

ਵੈਨਕੂਵਰ ( ਹਰਦਮ ਮਾਨ)- ਐਬਸਫੋਰਡ ਵਿੱਚ ਦੋ ਸਾਲ ਪਹਿਲਾਂ ਆਪਣੀ ਪਤਨੀ ਦੀ ਹੱਤਿਆ ਕਰਨ ਵਾਲੇ ਇਕ ਪੰਜਾਬੀ ਇੰਦਰਜੀਤ ਸੰਧੂ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੂੰ 13 ਸਾਲ ਤੱਕ ਪੈਰੋਲ ਵੀ ਨਹੀਂ ਮਿਲ ਸਕੇਗੀ। ਕਤਲ ਦੀ ਇਹ ਮੰਦਭਾਗੀ ਘਟਨਾ ਦੋ ਸਾਲ ਪਹਿਲਾਂ 28 ਜੁਲਾਈ ਨੂੰ ਵਾਪਰੀ ਸੀ। ਪੁਲੀਸ ਜਦੋਂ ਮੌਕੇ ’ਤੇ ਪਹੁੰਚੀ ਤਾਂ ਘਰ ਵਿੱਚ ਦੋ ਬੱਚਿਆਂ ਦੀ ਮਾਂ ਕਮਲਜੀਤ ਕੌਰ ਸੰਧੂ (45) ਤੜਪ ਰਹੀ ਸੀ। ਉਸ ਦੇ ਸਿਰ ਅਤੇ ਗਰਦਨ ’ਤੇ ਕੁਹਾੜੀ ਦੇ ਕਈ ਡੂੰਗੇ ਜ਼ਖ਼ਮ ਸਨ ਅਤੇ ਉਹ ਲਹੂ-ਲੁਹਾਣ ਹੋਈ ਪਈ ਸੀ। ਉਸ ਦੇ ਪਤੀ ਇੰਦਰਜੀਤ ਸਿੰਘ ਸੰਧੂ (50) ਨੂੰ ਕਿਰਾਏਦਾਰਾਂ ਨੇ ਫੜਿਆ ਹੋਇਆ ਸੀ। ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਤੇ ਹਮਲੇ ਵਿੱਚ ਵਰਤੀ ਗਈ ਕੁਹਾੜੀ ਵੀ ਕਬਜ਼ੇ ਵਿੱਚ ਲੈ ਲਈ।

ਬੀਸੀ ਸੁਪਰੀਮ ਕੋਰਟ ਵਿੱਚ ਮਾਮਲੇ ਦੀ ਸੁਣਵਾਈ ਦੌਰਾਨ ਢਾਈ ਕੁ ਮਹੀਨੇ ਪਹਿਲਾਂ ਦੋਸ਼ੀ ਨੇ ਜਸਟਿਸ ਦੇਵ ਡੇਲ ਮੂਹਰੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਮਾਣਯੋਗ ਜੱਜ ਨੇ ਅੱਜ ਇਸ ਸਬੰਧੀ ਫੈਸਲਾ ਸੁਣਾਉਂਦਿਆਂ ਇੰਦਰਜੀਤ ਸਿੰਘ ਸੰਧੂ ਨੂੰ ਦੋਸ਼ੀ ਕਰਾਰ ਦਿੱਤਾ ਤੇ ਉਮਰ ਕੈਦ ਦੀ ਸਜ਼ਾ ਸੁਣਾਈ। ਜੱਜ ਨੇ ਤਿੱਖੀਆਂ ਟਿੱਪਣੀਆਂ ਕਰਦਿਆਂ ਉਸ ਨੂੰ ਬੁੱਚੜ ਤੇ ਬੇਰਹਿਮ ਪਤੀ ਅਤੇ ਹਿੰਸਕ ਵਿਅਕਤੀ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਕਿਸੇ ਲਿਹਾਜ਼ ਦਾ ਹੱਕਦਾਰ ਨਹੀਂ ਹੈ।