Headlines

ਸਨਸੈਟ ਕਮਿਊਨਿਟੀ ਸੈਂਟਰ ਵੈਨਕੂਵਰ ਵਿਖੇ ਕੈਨੇਡਾ ਡੇਅ ਧੂਮਧਾਮ ਨਾਲ ਮਨਾਇਆ

ਖਾਲਸਾ ਦੀਵਾਨ ਸੁਸਾਇਟੀ ਦੀ ਸੇਵਾ ਟੀਮ ਨੇ ਲੰਗਰਾਂ ਦੀ ਸੇਵਾ ਕੀਤੀ-

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਹਰ ਸਾਲ ਦੀ ਤਰਾਂ ਸਨਸੈਟ ਕਮਿਊਨਿਟੀ ਸੈਂਟਰ ਵਿਖੇ ਕੈਨੇਡਾ ਡੇਅ ਭਾਰੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਇਲਾਕੇ ਵਿਚ ਭਾਰਤੀ ਖਾਸ ਕਰਕੇ ਪੰਜਾਬੀ ਕਮਿਊਨਿਟੀ ਭਾਰੀ ਗਿਣਤੀ ਵਿਚ ਰਹਿੰਦੀ ਹੈ। ਇਸ ਸਾਲ ਕੈਨੇਡਾ ਡੇਅ ਸਮਾਗਮਾਂ ਮੌਕੇ ਕਸ਼ਮੀਰ ਸਿੰਘ ਧਾਲੀਵਾਲ ਸਕੱਤਰ, ਸੁਖਵਿੰਦਰ ਸਿੰਘ ਗਿੱਲ ਤੇ ਸਮੁੱਚੀ ਟੀਮ ਵਲੋਂ ਲੰਗਰਾਂ ਦੇ ਪ੍ਰਬੰਧ ਵੱਡੇ ਪੱਧਰ ਤੇ ਕੀਤੇ ਗਏ। ਇਸ ਵਿਚ ਪਕੌੜੇ, ਦੁਧ ਸੋਡਾ, ਛੋਲੇ ਤੇ ਚਾਵਲ, ਸ਼ਾਹੀ ਪਨੀਰ ਤੇ ਪਰਸ਼ਾਦੇ ਤਿਆਰ ਕਰਕੇ ਪਾਰਕ ਵਿਚ ਲਿਜਾਏ ਗਏ। ਖਾਲਸਾ ਦੀਵਾਨ ਸੁਸਾਇਟੀ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਥਾਂਦੀ ਦੀ ਨਿਗਰਾਨੀ ਹੇਠ ਟੀਮ ਨੇ ਪਿਆਰ ਤੇ ਸਤਿਕਾਰ ਨਾਲ ਲੰਗਰਾਂ ਦੀ ਸੇਵਾ ਕੀਤੀ। ਲੰਬੀਆਂ ਕਤਾਰਾਂ ਵਿਚ ਖੜਕੇ ਸੰਗਤਾਂ ਨੇ ਲੰਗਰਾਂ ਦਾ ਆਨੰਦ ਮਾਣਿਆ ਤੇ ਟੀਮ ਸੇਵਾ ਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਵੈਨਕੂਵਰ ਸਾਊਥ ਤੋਂ ਲਿਬਰਲ ਐਮ ਪੀ ਤੇ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੀ ਲੰਗਰ ਦੀ ਸੇਵਾ ਕੀਤੀ। ਐਮ ਐਲ ਏ ਮਾਈਕਲ ਲੀ ਤੇ ਜੌਰਜ ਚਾਓ ਨੇ ਵੀ ਆਪਣੀ ਹਾਜ਼ਰੀ ਲਗਵਾਈ। ਵੈਨਕੂਵਰ ਪਾਰਕ ਬੋਰਡ ਦੇ ਕਮਿਸ਼ਨਰ ਵੀ ਪੁੱਜੇ ਹੋਏ ਸਨ। ਇਸ ਮੌਕੇ ਮੰਚ ਤੋਂ ਕਮਿਊਨਿਟੀ ਦੀਆਂ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਬੱਚਿਆਂ ਵਾਸਤੇ ਪੇਂਟਿੰਗ ਦੀ ਵੀ ਪ੍ਰਬੰਧ ਕੀਤਾ ਗਿਆ ਸੀ। ਢੋਲ ਢਮੱਕੇ ਨਾਲ ਕੈਨੇਡਾ ਡੇਅ ਮਨਾਇਆ ਗਿਆ। ਸੁਹਾਵਣੇ ਮੌਸਮ ਦਾ ਵੀ ਲੋਕਾਂ ਨੇ ਆਨੰਦ ਮਾਣਿਆ।