ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਜੁਲਾਈ
ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜੇ ਉਸ ਨੂੰ ਪੰਥ ਜਾਂ ਪਰਿਵਾਰ ’ਚੋਂ ਕਿਸੇ ਇੱਕ ਨੂੰ ਚੁਣਨਾ ਪਿਆ ਤਾਂ ਉਹ ਪੰਥ ਨੂੰ ਚੁਣੇਗਾ। ਅੰਮ੍ਰਿਤਪਾਲ ਦਾ ਇਹ ਬਿਆਨ ਉਸ ਦੀ ਮਾਂ ਦੇ ਬਿਆਨ ਤੋਂ ਬਾਅਦ ਆਇਆ ਹੈ। ਉਸ ਨੇ ਆਪਣੀ ਮਾਂ ਬਲਵਿੰਦਰ ਕੌਰ ਵੱਲੋਂ ਉਸ ਨੂੰ ‘ਖਾਲਿਸਤਾਨ ਸਮਰਥਕ ਨਹੀਂ’ ਦੱਸਣ ਸਬੰਧੀ ਦਿੱਤੇ ਬਿਆਨ ਦਾ ਸਖ਼ਤ ਵਿਰੋਧ ਕੀਤਾ ਹੈ। ਉਸ ਨੇ ਕਿਹਾ ਕਿ ਖਾਲਸਾ ਰਾਜ ਦਾ ਸੁਪਨਾ ਦੇਖਣਾ ਕੋਈ ਗੁਨਾਹ ਨਹੀਂ ਹੈ, ਸਗੋਂ ਇਹ ਮਾਣ ਵਾਲੀ ਗੱਲ ਹੈ। ਉਸ ਦਾ ਇਹ ਬਿਆਨ ਡਿਬਰੂਗੜ੍ਹ ਜੇਲ੍ਹ ਤੋਂ ਆਇਆ ਹੈ ਅਤੇ ਇਹ ਬਿਆਨ ਉਸ ਦੇ ਸੋਸ਼ਲ ਮੀਡੀਆ ਖਾਤੇ ’ਤੇ ਵੀ ਅਪਲੋਡ ਕੀਤਾ ਗਿਆ ਹੈ।
ਗ਼ੌਰਲਤਬ ਹੈ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ 5 ਜੁਲਾਈ ਨੂੰ ਦਿੱਲੀ ਵਿੱਚ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਸੀ। ਇਸ ਦੌਰਾਨ ਉਸ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਉਸ ਦਾ ਪੁੱਤਰ ਖਾਲਿਸਤਾਨ ਸਮਰਥਕ ਨਹੀਂ ਹੈ ਤੇ ਉਸ ਦੀ ਰਿਹਾਈ ਕੀਤੀ ਜਾਵੇ। ਇਸ ਤੋਂ ਇੱਕ ਦਿਨ ਬਾਅਦ ਬੀਤੇ ਕੱਲ੍ਹ ਦੇਰ ਰਾਤ ਅੰਮ੍ਰਿਤਪਾਲ ਸਿੰਘ ਦਾ ਇਹ ਬਿਆਨ ਜਨਤਕ ਕੀਤਾ ਗਿਆ ਹੈ। ਅੱਜ ਇਸ ਸਬੰਧੀ ਉਸ ਦੇ ਮਾਤਾ ਅਤੇ ਪਿਤਾ ਦੋਵੇਂ ਇੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਮਿਲੇ ਹਨ। ਇਸ ਤੋਂ ਬਾਅਦ ਉਸ ਦੇ ਪਿਤਾ ਤਰਸੇਮ ਸਿੰਘ ਨੇ ਇਸ ਬਿਆਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਬਿਆਨ ਅੰਮ੍ਰਿਤਪਾਲ ਸਿੰਘ ਦਾ ਹੀ ਹੈ। ਉਸ ਨੇ ਜੇਲ੍ਹ ਤੋਂ ਜਾਰੀ ਕੀਤੇ ਆਪਣੇ ਬਿਆਨ ਵਿੱਚ ਆਖਿਆ ਕਿ ਉਸ ਨੂੰ ਜਦੋਂ ਆਪਣੀ ਮਾਤਾ ਵੱਲੋਂ ਦਿੱਤੇ ਅਜਿਹੇ ਬਿਆਨ ਦਾ ਪਤਾ ਲੱਗਾ ਤਾਂ ਉਸ ਦਾ ਮਨ ਬਹੁਤ ਦੁਖੀ ਹੋਇਆ ਹੈ। ਉਸ ਨੇ ਆਖਿਆ ਕਿ ਉਸ ਨੂੰ ਯਕੀਨ ਹੈ ਕਿ ਮਾਤਾ ਜੀ ਵੱਲੋਂ ਅਣਜਾਣੇ ਵਿੱਚ ਅਜਿਹਾ ਬਿਆਨ ਦਿੱਤਾ ਗਿਆ ਹੈ। ਉਸ ਨੇ ਕਿਹਾ ਕਿ ਖਾਲਸਾ ਰਾਜ ਦਾ ਸੁਪਨਾ ਦੇਖਣਾ ਕੋਈ ਗੁਨਾਹ ਨਹੀਂ ਹੈ। ਇਸ ਸਬੰਧੀ ਉਸ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਅੱਜ ਪਰਿਵਾਰ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਕੇ ਅੰਮ੍ਰਿਤਪਾਲ ਦੀ ਰਿਹਾਈ ਲਈ ਹੋਰ ਯਤਨ ਕਰਨ ਵਾਸਤੇ ਅਪੀਲ ਕੀਤੀ ਹੈ।
ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਅੰਮ੍ਰਿਤਪਾਲ ਦੇ ਮਾਪਿਆਂ ਨਾਲ ਮੁਲਾਕਾਤ
ਅਕਾਲ ਤਖ਼ਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਦੇਸ਼ ਵਿੱਚ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਹ ਅੱਜ ਇੱਥੇ ਦਰਬਾਰ ਸਾਹਿਬ ਸਮੂਹ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਕਥਾ ਕਰਨ ਆਏ ਸਨ। ਇਸ ਦੌਰਾਨ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਵੱਲੋਂ ਇੱਥੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ। ਅੰਮ੍ਰਿਤਪਾਲ ਅਤੇ ਹੋਰ ਬੰਦੀ ਸਿੰਘਾਂ ਦੇ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਐੱਨਐੱਸਏ ਇੱਕ ਸਾਲ ਲਈ ਹੈ ਪਰ ਪੰਜਾਬ ਵਿੱਚ ਇਸ ਦੀ ਮਿਆਦ ਦੋ ਸਾਲ ਹੈ।