ਸਾਰਾ ਦਿਨ ਬਜ਼ਾਰ ਰਿਹਾ ਮੁਕੰਮਲ ਬੰਦ-
ਡੀਐਸਪੀ ਰਵੀਸ਼ੇਰ ਸਿੰਘ ਵਲੋਂ ਵਿਸ਼ਵਾਸ ਦਿਵਾਉਣ ਉਪਰੰਤ ਦੇਰ ਸ਼ਾਮ ਦੁਕਾਨਦਾਰਾਂ ਨੇ ਧਰਨਾ ਕੀਤਾ ਸਮਾਪਤ –
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,8 ਜੁਲਾਈ -ਜ਼ਿਲ੍ਹਾ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਵਿਖੇ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਟੈਲੀਕਾਮ ਦੀ ਦੁਕਾਨ ਕਰਦੇ ਇੱਕ ਦੁਕਾਨਦਾਰ ਨੂੰ ਦਿਨ-ਦਿਹਾੜੇ ਭਰੇ ਬਜ਼ਾਰ ਵਿੱਚ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦੇਣ ਤੋਂ ਬਾਅਦ ਇੱਕ ਹਫਤਾ ਬੀਤ ਜਾਣ ‘ਤੇ ਵੀ ਪੁਲਿਸ ਵਲੋਂ ਦੋਸ਼ੀਆਂ ਦਾ ਕੋਈ ਪਤਾ ਨਾ ਲਗਾ ਸਕਣ ਕਰਕੇ ਸੋਮਵਾਰ ਨੂੰ ਕਸਬੇ ਦੇ ਸਮੂਹ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਮੁਕੰਮਲ ਬੰਦ ਰੱਖ ਕੇ ਪੁਲਿਸ ਥਾਣਾ ਚੋਹਲਾ ਸਾਹਿਬ ਦੇ ਬਾਹਰ ਜ਼ਬਰਦਸਤ ਧਰਨਾ ਲਗਾ ਕੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।ਜ਼ਿਕਰਯੋਗ ਹੈ ਕਿ ਕਸਬਾ ਚੋਹਲਾ ਸਾਹਿਬ ਵਿਖੇ ਟੈਲੀਕਾਮ ਦੀ ਦੁਕਾਨ ਕਰਦੇ ਗੁਰਜਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਨੂੰ ਵਟਸਐਪ ‘ਤੇ ਵਿਦੇਸ਼ੀ ਨੰਬਰ ਤੋਂ ਆਈ ਕਾਲ ਜਿਸ ਵਿੱਚ ਬੋਲਣ ਵਾਲੇ ਨੇ ਆਪਣੇ ਆਪ ਨੂੰ ਸੱਤਾ ਨੌਸ਼ਹਿਰੇ ਵਾਲਾ ਦੱਸਦੇ ਹੋਏ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ।ਫਿਰੌਤੀ ਨਾ ਦੇਣ ‘ਤੇ 2 ਜੁਲਾਈ ਨੂੰ ਜਦੋਂ ਗੁਰਜਿੰਦਰ ਸਿੰਘ ਆਪਣੀ ਦੁਕਾਨ ‘ਤੇ ਹਾਜ਼ਰ ਸੀ ਤਾਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਵਿੱਚੋਂ ਇੱਕ ਵਲੋਂ ਭਰੇ ਬਜ਼ਾਰ ਵਿੱਚ ਸ਼ਰੇਆਮ ਦੁਕਾਨਦਾਰ ਗੁਰਜਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਫਰਾਰ ਹੋ ਗਏ।ਇਸ ਘਟਨਾ ਦੇ ਰੋਸ ਵਜੋਂ ਕਸਬੇ ਦੇ ਸਮੂਹ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਗਿਆ ਸੀ। ਮੌਕੇ ‘ਤੇ ਪੁੱਜੇ ਸਬ ਡਵੀਜ਼ਨ ਸ਼੍ਰੀ ਗੋਇੰਦਵਾਲ ਸਾਹਿਬ ਦੇ ਡੀਐਸਪੀ ਰਵੀਸ਼ੇਰ ਸਿੰਘ ਵਲੋਂ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਉਕਤ ਵਾਰਦਾਤ ਵਿੱਚ ਸ਼ਾਮਲ ਦੋਸ਼ੀਆਂ ਨੂੰ 48 ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਜਾਵੇਗਾ,ਜਿਸ ਤੋਂ ਬਾਅਦ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ ਗਈਆਂ ਸਨ।ਇਸ ਵਾਰਦਾਤ ਨੂੰ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਵਲੋਂ ਦੋਸ਼ੀਆਂ ਦਾ ਕੋਈ ਸੁਰਾਗ਼ ਨਾ ਲਗਾ ਸਕਣ ‘ਤੇ ਸੋਮਵਾਰ ਨੂੰ ਸਮੂਹ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਮੁਕੰਮਲ ਬੰਦ ਕਰਕੇ ਥਾਣਾ ਚੋਹਲਾ ਸਾਹਿਬ ਦੇ ਬਾਹਰ ਜ਼ਬਰਦਸਤ ਧਰਨਾ ਲਗਾ ਦਿੱਤਾ ਗਿਆ ਜਿਸ ਵਿੱਚ ਸਮੂਹ ਦੁਕਾਨਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੇੜਲੇ ਪਿੰਡਾਂ ਦੇ ਲੋਕ ਅਤੇ ਜਨਤਕ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋਏ।ਇਸ ਧਰਨੇ ਵਿੱਚ ਸ਼ਾਮਲ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅੱਜ ਸਮੁੱਚੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਾਵਾਂਡੋਲ ਹੋ ਚੁੱਕੀ ਹੈ ਜਿਸਦੇ ਚੱਲਦਿਆਂ ਲੁਟੇਰਿਆਂ ਅਤੇ ਗੈਂਗਸਟਰਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹੋ ਰਹੇ ਹਨ। ਜਿਥੇ ਦਿਨ ਦਿਹਾੜੇ ਲੁੱਟਾਂ-ਖੋਹਾਂ,ਚੋਰੀਆਂ ਅਤੇ ਕਤਲ ਹੋ ਰਹੇ ਹਨ ਉਥੇ ਵਿਦੇਸ਼ ਬੈਠੇ ਗੈਂਗਸਟਰਾਂ ਵਲੋਂ ਕਾਰੋਬਾਰੀਆਂ ਪਾਸੋਂ ਫ਼ਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਜ਼ੋ ਵੀ ਇੰਨਾ ਗੈਂਗਸਟਰਾਂ ਨੂੰ ਫਿਰੌਤੀ ਨਹੀਂ ਦਿੰਦਾ ਜਾਂ ਵਿਰੋਧ ਕਰਦਾ ਹੈ ਉਸਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਇਸ ਧਰਨੇ ਵਿੱਚ ਪੁੱਜ਼ੇ ਐਸਪੀ (ਡੀ) ਅਜੇਰਾਜ ਸਿੰਘ ਵਲੋਂ ਕਿਹਾ ਗਿਆ ਕਿ ਇਸ ਵਾਰਦਾਤ ਵਿੱਚ ਸ਼ਾਮਲ ਦੋਸ਼ੀਆਂ ਦੀ ਭਾਲ ਲਈ ਪੁਲਿਸ ਪੂਰੀ ਮੁਸਤੈਦੀ ਨਾਲ ਆਪਣਾ ਕੰਮ ਕਰ ਰਹੀ ਹੈ ਅਤੇ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਦੋਸ਼ੀਆਂ ਨੂੰ ਜਲਦ ਫ਼ੜ ਲਿਆ ਜਾਵੇਗਾ ਅਤੇ ਦੁਕਾਨਦਾਰਾਂ ਨੂੰ ਆਪਣਾ ਧਰਨਾ ਸਮਾਪਤ ਕਰਨ ਦੀ ਅਪੀਲ ਕੀਤੀ ਗਈ ਪਰ ਸਮੂਹ ਦੁਕਾਨਦਾਰ ਦੋਸ਼ੀਆਂ ਨੂੰ ਫੜੇ ਜਾਣ ਤੱਕ ਧਰਨਾ ਲਗਾਉਣ ਲਈ ਡਟੇ ਰਹੇ। ਲਗਾਤਾਰ ਚੱਲ ਰਹੇ ਇਸ ਧਰਨੇ ਵਿੱਚ ਦੇਰ ਸ਼ਾਮ ਪੁੱਜੇ ਸਬ ਡਵੀਜ਼ਨ ਸ਼੍ਰੀ ਗੋਇੰਦਵਾਲ ਸਾਹਿਬ ਦੇ ਡੀਐਸਪੀ ਰਵੀਸ਼ੇਰ ਵਲੋਂ ਦੁਕਾਨਦਾਰਾਂ ਦੇ ਕੁੱਝ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਵਿਸ਼ਵਾਸ ਦਿਵਾਇਆ ਗਿਆ ਕਿ ਪੁਲਿਸ ਜਨਤਾ ਦੀ ਜਾਨ ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਕਤ ਘਟਨਾ ਵਿੱਚ ਸ਼ਾਮਲ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਵੱਖ ਵੱਖ ਟੀਮਾਂ ਇਸ ਕੇਸ ਨੂੰ ਹੱਲ ਕਰਨ ਵਿੱਚ ਪੂਰੀ ਮਿਹਨਤ ਨਾਲ ਜੁਟੀਆਂ ਹੋਈਆਂ ਹਨ ਅਤੇ ਜਲਦ ਹੀ ਦੋਸ਼ੀ ਪੁਲਿਸ ਦੀ ਪਕੜ ਵਿੱਚ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਦੁਕਾਨਦਾਰਾਂ ਦੀ ਸੁਰੱਖਿਆ ਲਈ ਬਜ਼ਾਰਾਂ ਵਿੱਚ ਪੁਲਿਸ ਦੀ ਗਸ਼ਤ ਹੋਰ ਤੇਜ਼ ਕੀਤੀ ਜਾਵੇਗੀ ਅਤੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਡੀਐਸਪੀ ਦੇ ਇਸ ਵਿਸ਼ਵਾਸ ਤੋਂ ਬਾਅਦ ਦੇਰ ਸ਼ਾਮ ਦੁਕਾਨਦਾਰਾਂ ਵਲੋਂ ਆਪਣਾ ਧਰਨਾ ਸਮਾਪਤ ਕਰ ਦਿੱਤਾ ਗਿਆ।
ਫੋਟੋ ਕੈਪਸ਼ਨ : ਪੁਲਿਸ ਥਾਣਾ ਚੋਹਲਾ ਸਾਹਿਬ ਦੇ ਬਾਹਰ ਲਗਾਏ ਧਰਨੇ ‘ਤੇ ਬੈਠੇ ਵੱਡੀ ਗਿਣਤੀ ਵਿੱਚ ਦੁਕਾਨਦਾਰ ਅਤੇ ਮੁਕੰਮਲ ਬਜ਼ਾਰ ਬੰਦ ਦਾ ਦ੍ਰਿਸ਼।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)