Headlines

ਗੈਂਗਸਟਰਾਂ ਨੂੰ ਸਖਤ ਸਜ਼ਾਵਾਂ ਲਈ ਬਿੱਲ ਦਾ ਲਿਬਰਲਾਂ ਨੇ ਵਿਰੋਧ ਕੀਤਾ- ਪੌਲੀਵਰ 

ਮਹਿੰਗਾਈ, ਘਰਾਂ ਦੀਆਂ ਉਚ ਕੀਮਤਾਂ ਤੇ ਇਮੀਗ੍ਰੇਸ਼ਨ ਨੀਤੀਆਂ ਤੇ ਸਰਕਾਰ ਨੂੰ ਘੇਰਿਆ-
ਸੱਤਾ ਵਿਚ ਆਏ ਤਾਂ ਵੈਨਕੂਵਰ ਤੋਂ ਅੰਮ੍ਰਿਤਸਰ ਸਿੱਧੀਆਂ ਉਡਾਣਾਂ ਸ਼ੁਰੂ ਕਰਾਵਾਂਗੇ-
ਸਰੀ , 9 ਜੁਲਾਈ ( ਸੰਦੀਪ ਸਿੰਘ ਧੰਜੂ)-
ਕੈਨੇਡਾ ਵਿੱਚ ਵਧ ਰਹੀਆਂ ਫਿਰੌਤੀ ਮੰਗਣ ਦੀਆਂ ਘਟਨਾਵਾਂ ਅਤੇ ਜਬਰੀ ਵਸੂਲੀ ਲਈ ਕੈਨੇਡਾ ਵਾਸੀਆਂ ਨੂੰ ਮਿਲ ਰਹੀਆਂ ਧਮਕੀਆਂ ਉਤੇ ਚਿੰਤਾ ਪ੍ਰਗਟ ਕਰਦਿਆਂ ਕੰਜਰਵੇਟਿਵ ਪਾਰਟੀ ਨੇਤਾ ਪੀਅਰ ਪੋਲੀਵਰ ਨੇ ਦੱਸਿਆ ਕਿ ਉਨਾਂ ਦੀ ਪਾਰਟੀ ਨੇ ਇਨਾਂ ਘਟਨਾਵਾਂ ਨੂੰ ਨੱਥ ਪਾਉਣ ਅਤੇ ਦੋਸ਼ੀਆਂ ਨੂੰ ਸਖਤ ਸਜਾਵਾਂ ਸਬੰਧੀ ਸੰਸਦ ਵਿੱਚ ਲਿਆਂਦੇ ਗਏ ਇਕ ਬਿੱਲ ਦਾ ਸੱਤਾਧਾਰੀ ਪਾਰਟੀ ਵੱਲੋਂ ਵਿਰੋਧ ਕੀਤਾ ਗਿਆ ਜੋ ਕਿ ਬਹੁਤ ਮੰਦਭਾਗਾ ਹੈ। ਪੌਲੀਵਰ ਅੱਜ ਸਰੀ ਦੇ ਸਿਵਿਕ ਹੋਟਲ ਵਿੱਚ ਕੁੱਝ ਚੋਣਵੇਂ ਪੱਤਰਕਾਰਾਂ ਦੀ ਸੱਦੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।  ਉਨਾਂ ਕਿਹਾ ਕਿ ਪਿਛਲੇ ਨੌਂ ਸਾਲਾਂ ਦੌਰਾਨ ਟਰੂਡੋ ਸਰਕਾਰ ਆਮ ਲੋਕਾਂ ਦੇ ਹੱਕ ਦੀਆਂ ਲੋੜਾਂ ਮੁਹੱਈਆ ਕਰਵਾਉਣ ਵਿੱਚ ਲਗਾਤਾਰ ਅਸਫਲ ਰਹੀ ਹੈ ਜਿਸ ਨਾਲ ਸਮਾਜ ਦੇ ਹਰ ਖੇਤਰ ਵਿੱਚ ਨਿਘਾਰ ਆਇਆ ਹੈ। ਕੈਨੇਡਾ ਵਿੱਚ ਘਰਾਂ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਬਾਰੇ ਉਨਾਂ ਕਿਹਾ ਕਿ ਲਿਬਰਲ ਸਰਕਾਰ ਦੇ ਇਸ ਮਸਲੇ ਨਾਲ ਨਜਿੱਠਣ ਦੇ ਸਾਰੇ ਤਜਰਬੇ ਫੇਲ੍ਹ ਹੋਏ ਹਨ ਅਤੇ ਘਰ ਖਰੀਦਣਾਂ ਆਮ ਨਾਗਰਿਕ ਦੀ ਪਹੁੰਚ ਤੋਂ ਬਾਹਰ ਹੋ ਚੁੱਕਿਆ ਹੈ। ਪੱਤਰਕਾਰਾਂ ਵੱਲੋਂ ਇਮੀਗ੍ਰੇਸ਼ਨ  ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ਬਾਰੇ ਸਵਾਲ ਪੁੱਛਣ ਤੇ ਉਨਾਂ ਕਿਹਾ ਉਨਾਂ ਦੀ ਸਰਕਾਰ ਇਨਾਂ ਦੋਵਾਂ ਪ੍ਰਤੀ ਇਕ ਸੰਤੁਲਨ ਵਾਲੀ ਨੀਤੀ ਅਪਣਾਏਗੀ ਤਾਂ ਕਿ ਕੈਨੇਡਾ ਆਉਣ ਵਾਲੇ ਲੋਕਾਂ ਲਈ ਰੁਜਗਾਰ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਪੌਲੀਵਰ ਨੇ ਕੰਜਰਵੇਟਿਵ ਸਰਕਾਰ ਬਣਨ ਤੇ ਪੰਜਾਬੀਆਂ ਦੀ ਵੱਡੀ ਮੰਗ ਵੈਨਕੂਵਰ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਨੂੰ ਨਿਸ਼ਚਿਤ ਰੂਪ ਵਿੱਚ ਅਮਲੀ ਰੂਪ ਦੇਣ ਬਾਰੇ ਵੀ ਜਿਕਰ ਕੀਤਾ।
ਇਸ ਮੌਕੇ ਉਹਨਾਂ ਨਾਲ ਮਿਸ਼ਨ-ਐਬਸਫੋਰਡ ਤੋਂ ਐਮ ਪੀ ਬਰੈਡ ਵਿਸ ਅਤੇ ਸੈਨੇਟਰ ਜੋਨਾ ਮਾਰਟਿਨ ਵੀ ਹਾਜਰ ਸਨ। ਫਿਰੌਤੀਆਂ ਦੇ ਮਾਮਲੇ ਤੇ ਪੰਜਾਬੀ ਭਾਈਚਾਰੇ ਦੇ ਕਾਰੋਬਾਰੀਆਂ ਨੂੰ ਮਿਲ ਰਹੀਆਂ ਧਮਕੀਆਂ ਅਤੇ ਪੁਲਿਸ ਫੋਰਸ ਦੀ ਕਾਰਗੁਜਾਰੀ ਬਾਰੇ ਪੁੱਛੇ ਜਾਣ ਤੇ ਬਰੈਡ ਵਿਸ ਨੇ ਕੰਸਰਵੇਟਿਵ ਆਗੂ ਦੀ ਤਰਫੋਂ ਜਵਾਬ ਦਿੰਦਿਆਂ ਕਿਹਾ ਕਿ ਤਾਜ਼ਾ ਘਟਨਾਵਾਂ ਉਹਨਾਂ ਦੇ ਹਲਕੇ ਐਬਸਫੋਰਡ ਤੋਂ ਸਾਹਮਣੇ ਆਈਆਂ ਹਨ। ਪੁਲਿਸ ਫੋਰਸ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਹੋਰ ਸੁਰੱਖਿਆ ਏਜੰਸੀਆਂ ਨਾਲ ਮਿਲਕੇ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਕਾਰੋਬਾਰੀਆਂ ਅਤੇ ਆਮ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਪੁਲਿਸ ਫੋਰਸ ਦਾ ਪਹਿਲਾ ਕੰਮ ਹੈ।
ਤਸਵੀਰਾਂ-ਸੰਤੋਖ ਸਿੰਘ ਮੰਡੇਰ।