ਕੰਸਰਵੇਟਿਵ ਆਗੂ ਪੀਅਰ ਪੋਲੀਵਰ ਵਲੋਂ ਟਰੂਡੋ ਸਰਕਾਰ ਦੀਆਂ ਗਲਤ ਨੀਤੀਆਂ ਦੀ ਨਿੰਦਾ-
ਕੈਲਗਰੀ ( ਦਲਵੀਰ ਜੱਲੋਵਾਲੀਆ)- ਕੈਲਗਰੀ ਸਟੈਂਪੀਡ ਮੌਕੇ ਕੈਲਗਰੀ ਫਾਰੈਸਟ ਲਾਅਨ ਤੋਂ ਕੰਸਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਣ ਵਲੋਂ ਮਾਰਲਬਰੋਅ ਪਲਾਜ਼ਾ ਵਿਚ ਸਟੈਂਪੀਡ ਬਰੇਕਫਾਸਟ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਕੰਸਰਵੇਟਿਵ ਆਗੂ ਪੀਅਰ ਪੋਲੀਅਰ ਵਿਸ਼ੇਸ਼ ਤੌਰ ਤੇ ਪੁੱਜੇ ਤੇ ਉਹਨਾਂ ਨੇ ਆਪਣੀ ਹੱਥੀਂ ਕੰਸਰਵੇਟਿਵ ਸਮਰਥਕਾਂ ਨੂੰ ਖਾਣਾ ਪਰੋਸਿਆ। ਇਸਤੋਂ ਪਹਿਲਾਂ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਟਰੂਡੋ ਸਰਕਾਰ ਦੀਆਂ ਗਲਤ ਨੀਤੀਆਂ ਦਾ ਜਿ਼ਕਰ ਕਰਦਿਆਂ ਕਿਹਾ ਕਿ ਲੋਕ ਅਤਿ ਦੀ ਮਹਿੰਗਾਈ ਅਤੇ ਹੋਰ ਸਮੱਸਿਆਵਾਂ ਵਿਚ ਘਿਰੇ ਟਰੂਡੋ ਸਰਕਾਰ ਤੋਂ ਪ੍ਰੇਸ਼ਾਨ ਹਨ। ਉਹਨਾਂ ਕਿਹਾ ਕਿ ਨਿਤ ਦਿਨ ਜ਼ਰੂਰੀ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਕਾਰਣ ਲੋਕ ਇਕ ਦਿਨ ਦਾ ਖਾਣਾ ਛੱਡਣ ਲਈ ਮਜਬੂਰ ਹਨ। ਘਰਾਂ ਦੀਆਂ ਕੀਮਤਾਂ ਦੇ ਵਧਣ ਕਾਰਣ ਨਵਾਂ ਘਰ ਖਰੀਦਣਾ ਵੀ ਇਕ ਸੁਪਨਾ ਬਣ ਗਿਆ ਹੈ। ਟੈਕਸਾਂ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਸਿਹਤ ਸਹੂਲਤਾਂ ਪ੍ਰਾਪਤ ਕਰਨ ਲਈ ਲੋਕਾਂ ਨੂੰ ਘੰਟਿਆਂ ਬੱਧੀ ਹਸਪਤਾਲਾਂ ਵਿਚ ਕਤਾਰਾਂ ਵਿਚ ਲੱਗਣਾ ਪੈਂਦਾ ਹੈ। ਐਮਰਜੈਂਸੀ ਸੇਵਾਵਾਂ ਦਾ ਹੋਰ ਵੀ ਮਾੜਾ ਹਾਲ ਹੈ। ਉਹਨਾਂ ਲੋਕਾਂ ਨੂੰ ਕੰਸਰਵੇਟਿਵ ਦੇ ਪ੍ਰੋਗਰਾਮ ਦਾ ਸਮਰਥਨ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਕੰਸਰਵੇਟਿਵ ਸਰਕਾਰ ਆਉਣ ਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਜਸਰਾਜ ਸਿੰਘ ਹੱਲਣ ਨੇ ਬਰੇਕਫਾਸਟ ਤੇ ਪੁੱਜੇ ਲੋਕਾਂ ਦਾ ਸਵਾਗਤ ਕੀਤਾ ਤੇ ਕੰਸਰਵੇਟਿਵ ਦੇ ਸੱਦੇ ਨੂੰ ਹੁੰਗਾਰਾ ਭਰਨ ਲਈ ਧੰਨਵਾਦ ਕੀਤਾ। ਬਰੇਕਫਾਸਟ ਪਰੋਗਰਾਮ ਤੇ ਲਗਪਗ 16000 ਤੋਂ ਉਪਰ ਲੋਕ ਪੁੱਜੇ। ਉਹਨਾਂ ਨੇ ਬਰੇਕਫਾਸਟ ਪ੍ਰੋਗਰਾਮ ਵਿਚ ਮਕਾਮੀ ਕਾਲਜ ਵਲੋਂ ਲਗਾਤਾਰ ਸਹਿਯੋਗ ਦਿੱਤੇ ਜਾਣ ਲਈ ਵੀ ਧੰਨਵਾਦ ਕੀਤਾ।
ਬਰੇਕਫਾਸਟ ਪ੍ਰੋਗਰਾਮ ਵਿਚ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਅਲਬਰਟਾ ਸਰਕਾਰ ਦੇ ਸੀਨੀਅਰ ਮੰਤਰੀ ਵੀ ਪੁੱਜੇ ਜਿਹਨਾਂ ਦਾ ਉਹਨਾਂ ਨੇ ਵਿਸ਼ੇਸ਼ ਧੰਨਵਾਦ ਕੀਤਾ।