Headlines

ਐਮ ਪੀ ਚੁਣੇ ਗਏ ਭਾਈ ਅੰਮ੍ਰਿਤਪਾਲ ਸਿੰਘ ਨਾਲ ਵਿਵਹਾਰ ਮਨੁੱਖੀ ਅਧਿਕਾਰਾਂ ਦੀ ਅਵੱਗਿਆ-ਭਾਈ ਗਦਲੀ

ਸਰੀ ( ਮਨਰਾਜ ਸਿੰਘ ਜੋਸਨ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਦੋ ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤਕੇ ਲੋਕ ਸਭਾ ਮੈਂਬਰ ਬਣੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੌਂਹ ਚੁਕਾਉਣ ਲਈ ਅਪਣਾਇਆ ਗਿਆ ਤਰੀਕਾ ਬਹੁਤ  ਹੀ ਅਫ਼ਸੋਸਜਨਕ ਹੈ। ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਵੱਡੇ ਭਰਾ ਭਾਈ ਭੁਪਿੰਦਰ ਸਿੰਘ ਗਦਲੀ ਨੇ ਇਸ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਲੋਕਾਂ ਦੁਆਰਾ ਚੁਣੇ ਗਏ ਲੋਕ ਸਭਾ ਮੈਂਬਰ ਨੂੰ ਅਦਾਲਤ ਵੱਲੋਂ ਪੈਰੋਲ ਮਿਲਣ ਦੇ ਬਾਵਜੂਦ ਉਸ ਨੂੰ ਇੱਕ ਬਹੁਤ ਵੱਡੇ ਅਪਰਾਧੀ ਵਾਂਗ ਸਖ਼ਤ ਪਹਿਰੇ ਵਿੱਚ ਜੇਲ੍ਹ ਤੋਂ ਸੰਸਦ ਤੱਕ ਲੈਕੇ ਆਉਣਾ ਅਤੇ ਉਸੇ ਦਿਨ ਹੀ ਵਾਪਿਸ ਜੇਲ੍ਹ ਵਿੱਚ ਭੇਜ ਦੇਣਾ, ਇਹ ਦਰਸਾਉਂਦਾ ਹੈ ਕਿ ਦੇਸ਼ ਦਾ ਕਾਨੂੰਨ ਘੱਟ ਗਿਣਤੀਆਂ (ਸਿੱਖਾਂ) ਨਾਲ ਪੱਖਪਾਤ ਕਰਕੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਿਹਾ ਹੈ।
ਭਾਈ ਭੁਪਿੰਦਰ ਸਿੰਘ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੋਂ ਮੰਗ ਕੀਤੀ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਭਾਵੇਂ ਸਰਕਾਰੀ ਪਾਬੰਦੀਆਂ ਚ’ ਹੀ ਸਹੀ ਪਰ ਅੱਜ ਬਤੌਰ ਮੈਂਬਰ ਪਾਰਲੀਮੈਂਟ ਦੇਸ਼ ਦੇ ਸੰਵਿਧਾਨ ਦੀ ਸੋਂਹ ਚੁੱਕ ਲਈ ਹੈ ਅਤੇ ਉਹ ਵੀ ਹੁਣ ਦੇਸ਼ ਦੀ ਸਰਵ-ਉੱਚ ਪੰਚਾਇਤ ਦੇ ਕਨੂੰਨੀ  ਤੌਰ ਮੈਂਬਰ ਬਣ ਗਏ ਹਨ। ਹਣ ਬਾਕੀ ਲੋਕ ਸਭਾ ਮੈਂਬਰਾਂ ਵਾਂਗ ਉਹਨਾਂ ਨੂੰ ਵੀ ਆਪਣੇ ਹਲਕੇ, ਆਪਣੇ ਲੋਕਾਂ ਦੀ ਗੱਲ ਦੇਸ਼ ਦੀ ਪਾਰਲੀਮੈਂਟ ਵਿੱਚ ਰੱਖਣ ਦਾ ਪੂਰਨ ਅਧਿਕਾਰ ਹੈ। ਸੋ ਸੂ ਮੋਟੋ ਲੈਂਦੇ ਹੋਏ ਜਲਦ ਤੋਂ ਜਲਦ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਤੇ ਲੱਗੀ ਐਨ ਐਸ ਏ ਹਟਾ ਕੇ ਉਹਨਾਂ ਨੂੰ ਆਪਣੇ ਲੋਕ ਸਭਾ ਹਲਕੇ ਵਿੱਚ ਵਿਚਰਣ ਦੀ ਇਜਾਜ਼ਤ ਦਿੱਤੀ ਜਾਵੇ।