Headlines

ਬੀ ਸੀ ਹਸਪਤਾਲਾਂ ‘ਚ ਡਾਕਟਰਾਂ ਦੀ ਘਾਟ ਕਾਰਨ ਐਮਰਜੈਂਸੀ ਵਾਰਡ ਉਡੀਕ ਘਰ ਬਣੇ

-6 ਤੋਂ 12 ਘੰਟੇ ਤੱਕ ਆਉਂਦੀ ਹੈ ਮਰੀਜ਼ ਦੀ ਵਾਰੀ-

ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) -ਕੈਨੇਡਾ ਭਾਵੇਂ ਲੋਕਾਂ ਦਾ ਸਭ ਤੋਂ ਵੱਧ ਪਸੰਦੀਦਾ ਦੇਸ਼ ਹੈ ਪਰ ਕੁਝ ‘ਚ ਕੰਮਾਂ ਦੀ ਏਥੇ ਵੱਡੀ ਘਾਟ ਮਹਿਸੂਸ ਹੋਣ ਕਾਰਨ ਲੋਕ ਪ੍ਰੇਸ਼ਾਨ ਵੀ ਬਹੁਤ ਹੁੰਦੇ ਹਨ ਜਿਵੇਂ ਕਿ ਸਭ ਤੋਂ ਵੱਡੀ ਮੁਸ਼ਕਲ ਏਥੇ ਸਿਹਤ ਸੇਵਾਵਾਂ ‘ਚ ਵੇਖੀ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੱਡੇ ਹਸਪਤਾਲ ਦੇ ਐਮਰਜੈਂਸੀ ਵਾਰਡਾਂ ਵਿੱਚ ਡਾਕਟਰ ਦੀ ਭਾਰੀ ਘਾਟ ਦੇਖਣ ਨੂੰ ਮਿਲ ਰਹੀ ਹੈ। ਇੱਕ ਇੱਕ ਸ਼ਹਿਰ ਵਿੱਚ ਫੈਮਿਲੀ ਡਾਕਟਰ ਬਹੁਤੇ ਹੋਣ ਕਰਕੇ ਬਹੁਤੀ ਵਾਰ ਉਹ ਆਮ ਹੀ ਮਰੀਜ਼ ਨੂੰ ਹਸਪਤਾਲਾਂ ਦੇ ਐਮਰਜੈਂਸੀ ਵਿੱਚ ਭੇਜ ਦਿੰਦੇ ਹਨ ਜਿੱਥੇ ਐਮਰਜੈਂਸੀ ‘ਚ ਮਰੀਜ਼ਾਂ ਦੀ ਭੀੜ ਜਮ੍ਹਾਂ ਹੋ ਜਾਂਦੀ ਹੈ। ਮਰੀਜ਼ ਬਹੁਤੇ ਪਹੁੰਚ ਜਾਂਦੇ ਹਨ ਅਤੇ ਡਾਕਟਰ ਸਿਰਫ਼ ਇੱਕ ਜਾਂ ਦੋ ਹੁੰਦੇ ਹਨ ਜਿਸ ਕਰਕੇ ਐਮਰਜੈਂਸੀ ‘ਚ ਲੋਕਾਂ ਨੂੰ 6 ਘੰਟੇ ਤੋਂ ਲੈ ਕੇ 12 ਘੰਟੇ ਤੱਕ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਲੰਬੀ ਉਡੀਕ ਤੋਂ ਪ੍ਰੇਸ਼ਾਨ ਮਰੀਜ਼ ਐਮਰਜੈਂਸੀ ‘ਚ ਵਾਰੀ ਨਾ ਆਉਣ ਤੇ ਪਿੱਛੋਂ ਘਰ ਪਰਤ ਜਾਂਦੇ ਹਨ।
ਏਥੇ ਇੱਕ ਗੱਲ ਇਹ ਵੀ ਸੁਣਨ ‘ਚ ਆਈ ਹੈ ਕਿ ਕਈ ਵਾਰ ਮਰੀਜ਼ ਆਪਣੀ ਵਾਰੀ ਦੀ ਉਡੀਕ ਕਰਦੇ ਕਰਦੇ ਘਰ ਜਾ ਕੇ ਖਾਣਾ ਖਾ ਕੇ ਫਿਰ ਆ ਬੈਠਦੇ ਹਨ। ਪਰ ਏਥੇ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਬਹੁਤੇ ਮਰੀਜ਼ ਐਮਰਜੈਂਸੀ ‘ਚ ਆਉਣ ਵਾਲੇ ਵੀ ਨਹੀਂ ਹੁੰਦੇ ਅਤੇ ਫੈਮਿਲੀ ਡਾਕਟਰ ਉਨ੍ਹਾਂ ਨੂੰ ਬਿਨਾਂ ਵਜ੍ਹਾ ਹੀ ਐਮਰਜੈਂਸੀ ਭੇਜ ਦਿੰਦੇ ਹਨ। ਇੱਕ ਹੋਰ ਗੱਲ ਇਹ ਵੀ ਹੈ ਕਿ ਬਹੁਤੇ ਮਰੀਜ਼ ਆਪਣੇ ਆਪ ਹੀ ਐਮਰਜੈਂਸੀ ਵਾਰਡ ‘ਚ ਆ ਬੈਠਦੇ ਹਨ। ਜਦੋਂ ਹਸਪਤਾਲ ‘ਚ ਨਰਸਾਂ ਜਾਂ ਹੋਰ ਕੰਮ ਕਰਨ ਵਾਲਿਆਂ ਨੂੰ ਪੁੱਛਿਆ ਜਾਂਦਾ ਕਿ ਏਨੀ ਲੰਬੀ ਉਡੀਕ ਕਿਉਂ ਹੋ ਰਹੀ ਹੈ ਤਾਂ ਅੱਗੇ ਜਵਾਬ ਮਿਲਦਾ ਹੈ ਕਿ ਅੰਦਰ ਬੈੱਡ ਨ੍ਹੀ ਕੋਈ ਖਾਲੀ। ਇਹ ਗੱਲ ਵੀ ਸ਼ਪੱਸਟ ਹੈ ਕਿ ਐਮਰਜੈਂਸੀ ‘ਚ ਆਉਣ ਵਾਲੇ ਸਾਰੇ ਮਰੀਜ਼ ਕੋਈ ਦਾਖਲ ਆਉਣ ਨਹੀਂ ਆਉਂਦੇ, ਉਨ੍ਹਾਂ ਦਾ ਮਤਲਬ ਹੁੰਦਾ ਹੈ ਡਾਕਟਰ ਚੰਗੀ ਤਰਾਂ ਅਤੇ ਜਲਦੀ ਚੈਕਅੱਪ ਕਰ ਲਵੇ। ਠੀਕ ਹੈ ਕਿ ਮਰੀਜ ਦੇ ਦਾਖਲ ਹੋਣ ਵਾਸਤੇ ਕੋਈ ਬੈੱਡ ਖਾਲੀ ਨਹੀਂ ਹੁੰਦਾ ਹੋਣਾ ਪਰ ਮਰੀਜ਼ ਨੂੰ ਚੈੱਕਅੱਪ ਕਰਨ ਵਾਸਤੇ ਤਾਂ ਬੈੱਡ ਹੁੰਦਾ ਹੀ ਹੈ, ਪਰ ਫਿਰ ਵੀ ਐਮਰਜੈਂਸੀ ‘ਚ ਮਰੀਜ਼ਾਂ ਦੀਆਂ ਖੱਜਲ ਖੁਆਰੀ ਬਹੁਤ ਹੁੰਦੀ ਹੈ। ਐਮਰਜੈਂਸੀ ਵਾਰਡ ਐਮਰਜੈਂਸੀ ਨਹੀ ਰਹਿ ਗਏ ਸਗੋਂ ਆਮ ਐਮਰਜੈਂਸੀ ਬਣ ਕੇ ਹੀ ਰਹਿ ਗਏ ਨੇ।