Headlines

ਇਟਲੀ, ਨੋਵੇਲਾਰਾ ਦੇ ਪੰਜਾਬੀ ਵਸਨੀਕ ਅਮਰੀਕ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਪਿਛਲੇ ਤਕਰੀਬਨ 27 ਸਾਲਾਂ ਤੋਂ ਇਟਲੀ ਦੇ ਜ਼ਿਲ੍ਹਾ ਰੇਜੋ ਇਮੀਲੀਆ ਦੇ ਸ਼ਹਿਰ ਨੋਵੇਲਾਰਾ ਵਿੱਚ ਰਹਿ ਰਹੇ ਪੰਜਾਬੀ ਅਮਰੀਕ ਸਿੰਘ ਉਮਰ 53 ਸਾਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਵਿਸ਼ਵ ਦੁਆਬਾ ਰਾਜਪੂਤ ਸਭਾ ਇਟਲੀ ਦੇ ਪ੍ਰਧਾਨ ਗੁਰਮੇਲ ਸਿੰਘ ਭੱਟੀ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੀਤੇ ਦਿਨੀ ਅਮਰੀਕ ਸਿੰਘ ਪੁੱਤਰ ਰਸ਼ਪਾਲ ਸਿੰਘ ਰਾਤ ਤਕਰੀਬਨ 9 ਵਜੇ ਆਪਣੇ ਅਪਾਟਮੈਂਟ ਵਿੱਚੋਂ ਪੌੜੀਆਂ ਰਾਹੀਂ ਉੱਤਰ ਕੇ ਕਿਸੇ ਕੰਮ ਲਈ ਥੱਲੇ ਜਾ ਰਿਹਾ ਸੀ ਤਾਂ ਪੌੜੀਆਂ ਵਿੱਚ ਹੀ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਉਸ ਦੀ ਧਰਮ ਪਤਨੀ ਜਦੋਂ ਕੰਮ ਤੋਂ ਵਾਪਸ ਘਰ ਆਈ ਤਾਂ ਉਸਨੇ ਪੌੜੀਆਂ ਵਿੱਚ ਹੀ ਆਪਣੇ ਪਤੀ ਨੂੰ ਡਿੱਗਿਆ ਵੇਖਿਆ ਅਤੇ ਐਂਬੂਲੈਂਸ ਨੂੰ ਫੋਨ ਕੀਤਾ। ਮੈਡੀਕਲ ਟੀਮ ਮੌਕੇ ਤੇ ਪਹੁੰਚੀ ਅਤੇ ਜਾਂਚ ਤੋਂ ਬਾਅਦ ਤੁਰੰਤ ਹੀ ਉਹਨਾਂ ਨੇ ਅਮਰੀਕ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਅਮਰੀਕ ਸਿੰਘ ਸਾਲ 1997 ਤੋਂ ਇਟਲੀ ਵਿੱਚ ਰਹਿ ਰਿਹਾ ਸੀ ਅਤੇ ਉਸ ਕੋਲ ਇਟਾਲੀਅਨ ਸਿਟੀਜਨਸ਼ਿਪ ਵੀ ਸੀ। ਅਮਰੀਕ ਸਿੰਘ ਪਿਛਲੇ ਕੁਝ ਸਮੇਂ ਤੋਂ ਬਿਮਾਰੀ ਕਾਰਨ ਕੰਮ ਤੋਂ ਛੁੱਟੀਆਂ ‘ਤੇ ਸੀ।ਮ੍ਰਿਤਕ ਦਾ ਸੰਬੰਧ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਾਣਕਾਂ ਨਾਲ ਸੀ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਦੋ ਬੇਟੇ ਛੱਡ ਗਿਆ ਹੈ।ਮਿ੍ਰਤਕ ਦੀ ਬੇਵਕਤੀ ਦੇਹਾਂਤ ਕਾਰਨ ਭਾਰਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।