ਰਾਕੇਸ਼ ਨਈਅਰ-
ਚੋਹਲਾ ਸਾਹਿਬ/ਤਰਨਤਾਰਨ–ਬੱਚਿਆਂ ਵਿੱਚ ਰਾਸ਼ਟਰੀ ਖੇਡ ਹਾਕੀ ਪ੍ਰਤੀ ਰੁਚੀ ਵਧਾਉਣ ਦੇ ਮਕਸਦ ਨਾਲ ਏਅਰ ਇੰਡੀਆ ਹਾਕੀ ਟੀਮ ਦੇ ਸਾਬਕਾ ਖਿਡਾਰੀ ਅਤੇ ਹੁਣ ਪੱਕੇ ਤੌਰ ‘ਤੇ ਆਸਟਰੇਲੀਆ ਰਹਿ ਰਹੇ ਕਸਬਾ ਚੋਹਲਾ ਸਾਹਿਬ ਦੇ ਵਸਨੀਕ ਦਿਲਬਾਗ ਸਿੰਘ ਪਿੰਕਾ ਵੱਲੋਂ ਭੇਜੀਆਂ ਗਈਆਂ ਨਾਮਵਰ ਫਲੈਸ਼ ਕੰਪਨੀ ਦੀਆਂ ਹਾਕੀਆ ਇਥੋਂ ਦੇ ਛੋਟੇ ਬੱਚਿਆਂ ਦੀ ਹਾਕੀ ਟੀਮ ਦੇ ਸਮੂਹ ਖਿਡਾਰੀਆਂ ਨੂੰ ਦਿੱਤੀਆਂ ਗਈਆਂ।ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਹਾਕੀਆਂ ਵੰਡਣ ਮੌਕੇ ਏਅਰ ਇੰਡੀਆ ਹਾਕੀ ਟੀਮ ਦੇ ਸਾਬਕਾ ਖਿਡਾਰੀ ਐਨਆਰਆਈ ਦਿਲਬਾਗ ਸਿੰਘ ਦੇ ਭਰਾ ਬਲਰਾਜ ਸਿੰਘ ਬੱਲਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਆਸਟ੍ਰੇਲੀਆ ਰਹਿੰਦੇ ਭਰਾ ਦਿਲਬਾਗ ਸਿੰਘ ਪਿੰਕਾ ਜੋ ਕਿ ਇੰਡੀਆ ਆਏ ਹੋਏ ਸਨ,ਵੱਲੋਂ ਬੱਚਿਆਂ ਨੂੰ ਦੇਣ ਲਈ ਹਾਕੀਆਂ ਲਿਆਂਦੀਆਂ ਗਈਆਂ ਸਨ,ਪਰ ਉਹਨਾਂ ਨੂੰ ਅਚਾਨਕ ਆਸਟ੍ਰੇਲੀਆ ਵਾਪਸ ਜਾਣਾ ਪਿਆ।ਜਿਸ ਤੋਂ ਬਾਅਦ ਦਿਲਬਾਗ ਸਿੰਘ ਪਿੰਕਾ ਦੁਆਰਾ ਭੇਜੀਆਂ ਗਈਆਂ ਇਹ 20 ਹਾਕੀਆਂ ਅੱਜ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਛੋਟੇ ਬੱਚਿਆਂ ਨੂੰ ਤਕਸੀਮ ਕੀਤੀਆਂ ਜਾ ਰਹੀਆਂ ਹਨ।ਬਲਰਾਜ ਸਿੰਘ ਬੱਲਾ ਨੇ ਦੱਸਿਆ ਕਿ ਦਿਲਬਾਗ ਸਿੰਘ ਪਿੰਕਾ ਦੀ ਹਮੇਸ਼ਾ ਇਹ ਇੱਛਾ ਰਹੀ ਹੈ ਕਿ ਹਿੰਦੁਸਤਾਨ ਦੀ ਰਾਸ਼ਟਰੀ ਖੇਡ ਹਾਕੀ ਨੂੰ ਪ੍ਰਫੁੱਲਤ ਕੀਤਾ ਜਾਵੇ।ਇਸ ਤੋਂ ਪਹਿਲਾਂ ਵੀ ਉਹਨਾਂ ਵਲੋਂ ਹਾਕੀ ਨੂੰ ਪ੍ਰਮੋਟ ਕਰਨ ਲਈ ਸਮੇਂ-ਸਮੇਂ ਕਈ ਉਪਰਾਲੇ ਕੀਤੇ ਗਏ ਹਨ ਅਤੇ ਹਾਕੀ ਦੇ ਕਈ ਵੱਡੇ ਖੇਡ ਟੂਰਨਾਮੈਂਟ ਕਰਵਾ ਕੇ ਨੌਜਵਾਨਾਂ ਅਤੇ ਬੱਚਿਆਂ ਨੂੰ ਹਾਕੀ ਖੇਡਣ ਲਈ ਪ੍ਰੇਰਿਤ ਕੀਤਾ ਜਾਂਦਾ ਰਿਹਾ ਹੈ।ਇਸ ਮੌਕੇ ਹਾਕੀ ਦੇ ਸੀਨੀਅਰ ਖਿਡਾਰੀ ਜਗਤਾਰ ਸਿੰਘ ਜੱਗਾ,ਕੋਚ ਰਜਿੰਦਰ ਹੰਸ ਅਤੇ ਹੋਰ ਸੀਨੀਅਰ ਹਾਕੀ ਖਿਡਾਰੀਆਂ ਵੱਲੋਂ ਦਿਲਬਾਗ ਸਿੰਘ ਪਿੰਕਾ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਅੱਜ ਪਿੰਡ ਪੱਧਰ ‘ਤੇ ਹਾਕੀ ਖੇਡ ਨੂੰ ਉਤਸ਼ਾਹਤ ਕਰਨ ਲਈ ਅਜਿਹੇ ਉਪਰਾਲੇ ਸਮੇਂ ਦੀ ਮੁੱਖ ਲੋੜ ਹਨ ਤਾਂ ਜੋ ਨੌਜਵਾਨਾਂ ਅਤੇ ਬੱਚਿਆਂ ਵਿੱਚ ਹਾਕੀ ਪ੍ਰਤੀ ਰੁਚੀ ਨੂੰ ਦੁਬਾਰਾ ਪੈਦਾ ਕੀਤਾ ਜਾ ਸਕੇ ਅਤੇ ਆਪਣੀ ਰਾਸ਼ਟਰੀ ਖੇਡ ਹਾਕੀ ਨੂੰ ਸਿਖਰਾਂ ‘ਤੇ ਲਿਜਾਇਆ ਜਾ ਸਕੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਲਖਬੀਰ ਸਿੰਘ ਲੱਖਾ ਪਹਿਲਵਾਨ,ਹਾਕੀ ਦੇ ਸੀਨੀਅਰ ਖਿਡਾਰੀ ਅਮਰੀਕ ਸਿੰਘ,ਪ੍ਰਵੀਨ ਕੁਮਾਰ ਪੀਨਾ,ਕੰਵਲਜੀਤ ਸਿੰਘ ਮੁਨਸ਼ੀ,ਚਰਨ ਸਿੰਘ,ਬਹਾਦਰ ਸਿੰਘ,ਰਵੀਪਾਲ ਸਿੰਘ,ਜਸਵਿੰਦਰ ਸਿੰਘ ਰੋਮੀ,ਹੈਪੀ ਪੂਹਲਾ ਅਤੇ ਹੋਰ ਖਿਡਾਰੀ ਮੌਜੂਦ ਸਨ।
ਫੋਟੋ ਕੈਪਸ਼ਨ: ਚੋਹਲਾ ਸਾਹਿਬ ਵਿਖੇ ਛੋਟੇ ਬੱਚਿਆਂ ਨੂੰ ਹਾਕੀਆਂ ਤਕਸੀਮ ਕਰਦੇ ਹੋਏ ਬਲਰਾਜ ਸਿੰਘ ਬੱਲਾ,ਕੋਚ ਰਜਿੰਦਰ ਹੰਸ,ਜਗਤਾਰ ਸਿੰਘ ਜੱਗਾ ਤੇ ਹੋਰ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)