Headlines

ਕਲੋਨਾ ਨੇੜੇ ਸੜਕ ਹਾਦਸੇ ਵਿਚ ਪੰਜਾਬੀ ਪਰਿਵਾਰ ਦੇ ਚਾਰ ਜੀਅ ਹਲਾਕ

ਐਬਸਫੋਰਡ ਨਾਲ ਸਬੰਧਿਤ ਸੀ ਪਰਿਵਾਰ-

ਵੈਨਕੂਵਰ ( ਹਰਦਮ ਮਾਨ, ਮਲਕੀਤ ਸਿੰਘ)-ਬੀ ਸੀ  ਸੂਬੇ ਵਿਚ  ਵੱਖ ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿਚ 6 ਪੰਜਾਬੀਆਂ ਸਣੇ 16 ਲੋਕਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਹੈ। ਮਰਨ ਵਾਲੇ ਪੰਜਾਬੀਆਂ ਵਿਚੋਂ ਇੱਕੋ ਪਰਿਵਾਰ ਦੇ ਚਾਰ ਜੀਅ ਸ਼ਾਮਲ ਹਨ । ਇਹ ਹਾਦਸਾ ਬੁੱਧਵਾਰ ਸ਼ਾਮ ਓਕਨਾਗਨ ਖੇਤਰ ਦੇ ਸ਼ਹਿਰ ਕੈਰੇਮੌਸ ਨੇੜੇ ਹਾਈਵੇਅ ਨੰਬਰ ਤਿੰਨ ’ਤੇ ਹੋਇਆ ਜਿੱਥੇ ਟਰੱਕ ਨੇ ਸਾਹਮਣਿਉਂ ਆਉਂਦੀਆਂ ਦੋ ਕਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਟਰੱਕ ਡਰਾਈਵਰ ਅਤੇ ਪਿੱਛੇ ਵਾਲੀ ਕਾਰ ਦੀ ਡਰਾਈਵਰ ਔਰਤ ਜ਼ਖਮੀ ਹੋ ਗਏ ਪਰ ਮੂਹਰਲੀ ਕਾਰ ਵਿਚ ਬੈਠੇ ਪੰਜਾਬੀ ਪਰਿਵਾਰ ਦੇ ਚਾਰੇ ਜੀਅ ਮਾਰੇ ਗਏ। ਉਹ ਐਬਸਟਫੋਰਡ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੀ ਪਛਾਣ ਸੁਖਵੰਤ ਸਿੰਘ ਸੁਖ ਬਰਾੜ, ਉਸ ਦੀ ਪਤਨੀ ਰਾਜਿੰਦਰ ਕੌਰ, ਉਸ ਦੀ ਬੇਟੀ ਕਮਲ ਕੌਰ ਤੇ ਪੰਜਾਬ ਤੋਂ ਆਈ ਉਸ ਦੀ ਸਾਲੀ ਸ਼ਿੰਦਰ ਕੌਰ ਵਜੋਂ ਕੀਤੀ ਗਈ ਹੈ। ਪਰਿਵਾਰ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਰੋੜੀ ਕਪੂਰਾ ਨਾਲ ਸਬੰਧਤ ਦੱਸਿਆ ਗਿਆ ਹੈ।

ਇਸ ਤੋਂ ਇਲਾਵਾ ਸਾਉਥ ਸਰੀ ਵਿਚ ਹਾਈਵੇ 99 ’ਤੇ ਵਾਪਰੇ ਹਾਦਸੇ ਵਿਚ ਕਾਰ ਸੜਕ ਦੀ ਬੰਨ੍ਹੀ ਨਾਲ ਟਕਰਾਉਣ ਤੋਂ ਬਾਅਦ ਉਸ ’ਚ ਬੈਠੀ 20 ਸਾਲਾ ਲੜਕੀ ਦੀ ਬਾਹਰ ਡਿੱਗਣ ਕਰਕੇ ਮੌਤ ਹੋ ਗਈ ਤੇ ਨਾਲ ਬੈਠੇ ਦੋ ਨੌਜੁਆਨ ਗੰਭੀਰ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਲੌਹੀਡ ਹਾਈਵੇਅ ’ਤੇ ਅਗਾਸੀ ਕਸਬੇ ਕੋਲ ਟਰਾਲੇ ਨਾਲ ਕਾਰ ਦੀ ਟੱਕਰ ਵਿਚ ਤਿੰਨ ਜਣੇ ਹਲਾਕ ਹੋ ਗਏ। ਟਰਾਂਸ ਕੈਨੇਡਾ ਹਾਈਵੇਅ ’ਤੇ ਕਾਮਲੂਪ ਤੋਂ ਪੂਰਬ 76 ਕਿਲੋਮੀਟਰ ’ਤੇ ਵਾਪਰੇ ਹਾਦਸੇ ਵਿੱਚ ਦੋ ਲੋਕਾਂ ਦੀ ਜਾਨ ਗਈ ਜੋ ਪੰਜਾਬੀ ਦੱਸੇ ਗਏ ਹਨ।