Headlines

ਤਿੰਨ ਨਜ਼ਮਾਂ/ ਅਨੁਪਿੰਦਰ

1 ਖੁਦ ਫਰੇਬੀ-

ਪਤਾ ਨਹੀ ਕੌਣ ਗਲਤ ਹੈ

ਅਸੀਂ, ਉਹ ਕਿ ਇਹ..

ਸੂਰਜ ਦੇ ਅੱਖ ਪੁੱਟਣ ਤੋਂ ਪਹਿਲਾਂ

ਨਿੱਤ ਦਿਨ ਤੁਰ ਪੈਂਦੇ ਹਾਂ ਅਸੀਂ

ਇਹਨਾਂ ਵੱਲ ਸੂਝ ਨੂੰ ਚੰਡਵਾਉਣ-ਉਹਨਾਂ ਦੇ ਕਹਿਣ ਤੇ।

ਪਰ ਪਤਾ ਨਹੀਂ ਕਿਊ-

ਅਸੀਂ ਹਰ ਰੋਜ਼ ਹੀ -ਆਪਣੀ ਸੂਝ ਨੂੰ ਖੁੰਢਾ ਹੋ ਗਈ ਦਾ ਅਹਿਸਾਸ ਲੈ- ਮੁੜ ਆਉਂਦੇ ਹਾਂ।

ਕਲਾਸ ਵਿਚ ਸੁਣੇ ਗਏ ਲੈਕਚਰ- ਕਿਸੇ ਕਥਾ ਜਿਹੇ ਦਿਲਚਸਪ ਨਹੀਂ

ਸਗੋਂ ਮਾਡਰਨ ਆਰਟ ਜਿਹੇ ਗੁੰਝਲਦਾਰ ਲੱਗਣ ਲੱਗ ਜਾਂਦੇ ਹਨ

ਪਤਾ ਨਹੀਂ ਕਿਉਂ ਅਸੀਂ ਫਿਰ ਕਲਾਸਾਂ ਦੀ ਗਿਣਤੀ ਚੋਂ

ਭਾਲਣ ਤੁਰ ਪੈਂਦੇ ਹਾਂ- ਕੋਈ ਨਿੱਕੀ ਜਿਹੀ ਖੁਸ਼ੀ-ਹਰ ਰੋਜ਼ ਹੀ।

2. ਹਨੇਰਾ

ਉਹ ਆਉਂਦੇ ਨੇ ..

ਤੇ ਅਸੀਂ ਖੜੇ ਹੋ ਜਾਂਦੇ ਹਾਂ-ਮਿੰਟ ਦੀ ਮਿੰਟ ਅਦਬ ਵਜੋਂ

ਫਿਰ ਨਜ਼ਰ ਦੀਆਂ ਐਨਕਾਂ ਉਪਦੇਸ਼ ਝਾੜਦੀਆਂ ਨੇ

ਸਾਡੇ ਲੈਂਜ ਬਣ ਜਾਣ ਲਈ

ਤੇ ਕਰਦੀਆਂ ਨੇ ਨਿਰੰਤਰ ਸ਼ਬਦਾਂ ਦੀ ਬੁਛਾੜ

ਸਾਡੇ ਉਲੂ ਹੋ ਜਾਣ ਤੀਕ।

ਅਸੀਂ ਪੈਨ ਝਰੀਟਦੇ ਝਰੀਟਦੇ

ਕਾਲੇ ਕਰ ਬਹਿੰਦੇ ਹਾਂ -ਜ਼ਿਹਨ ਤੱਕ ਦੇ ਵਰਕੇ-ਮੱਸਿਆ ਜਿਹੇ।

ਫਿਰ ਇਸ ਹਨੇਰੇ ਚੋਂ ਲੱਭਣ ਤੁਰ ਪੈਂਦੇ ਹਾਂ

ਸੂਰਜ ਦਾ ਕੋਈ ਨਿੱਕਾ ਜਿਹਾ ਟੁਕੜਾ

ਜਿਸਦਾ ਚਾਨਣੇ-ਦਿਸ ਸਕੇ ਕੋਈ ਬੁਰਕੀ ਆਉਣ ਵਾਲੇ ਕੱਲ ਲਈ।

ਪਰ ਅੱਖਾਂ ਸਾਹਵੇਂ ਕੁਝ ਨਹੀ ਦਿਸਦਾ

ਕਾਲੇ ਵਰਕਿਆਂ ਤੋਂ ਸਿਵਾਏ।

3.  ਬਦਤਰ ਸਫਰ

ਉਖੜ-ਬੈੜਾ, ਖਿੰਗਰੀ, ਸੂਲਾਂ ਵਿੰਨਿਆ

ਤੇ ਅਜਾਬਾਂ ਭਰਿਆ-ਇਕ ਸਫਰ।

ਹੰਭਿਆ ਹਾਰਿਆ,ਛਾਲੋ- ਛਾਲੀ ਤੇ ਲਹੂ ਲੂਹਾਨ ਹੋ ਗਿਆ ਹਾਂ ਮੈਂ

ਪਦ ਯਾਤਰਾ ਕਰਦਿਆਂ ਕਰਦਿਆਂ।

ਮੇਰੀਆਂ ਲੋੜਾਂ ਦਾ ਸਮਾਨ ਤੁਰਨ ਵੇਲੇ

ਜੋ ਮਹਿਜ਼ ਇਕ ਗੱਠੜੀ ਸੀ-ਲਾਦੀ ਚ ਵਟ ਗਿਆ ਹੈ।

ਤੇ ਮੈਂ ਮਨੁੱਖ ਤੋਂ ਚੌਪਾਇਆ ਹੋ ਗਿਆ ਹਾਂ।

ਇਸਤੋਂ ਪਹਿਲਾਂ ਕਿ ਲਾਦੀ ਚੱਟਾਨ ਬਣ ਜਾਵੇ

ਮੈਂ ਹਿਣਕਣਾ ਚਾਹਾਂਗਾ–

ਦੂਸਰੇ ਚੌਪਾਇਆਂ ਦੀ ਚਿਤਾਵਨੀ ਲਈ

ਕਿ ਅਗਲਾ ਸਫਰ ਹੋਰ ਵੀ ਬਦਤਰ ਹੈ

ਸੂਲਾਂ ਥਾਂਵੇਂ ਤ੍ਰਿਸ਼ੂਲਾਂ, ਤਲਵਾਰਾਂ ਤੇ ਸੰਗੀਨਾਂ ਉਗ ਆਈਆਂ ਨੇ

ਤੁਹਾਨੂੰ ਉਡਾਕੇ ਲੈਜਾਣ ਵਾਲੇ ਵਾਵਰੋਲੇ ਨੇ

ਜਾਨਲੇਵਾ ਹੁੱਸੜ ਹੈ ਤੇ ਯਖ ਕਰ ਦੇਣ ਵਾਲੀ ਸੀਤ ਵੀ।

ਕੰਨਾਂ ਦੇ ਪਰਦੇ ਪਾੜ ਦੇਣ ਵਾਲਾ ਭਿਆਨਕ ਸ਼ੋਰ ਹੈ

ਤੇ ਸ਼ਮਸ਼ਾਨ ਜਿਹੀ ਚੁੱਪ ਵੀ

ਕਦਮ ਕਦਮ ਤੇ ਲੜਦੀ ਭੁੱਖ ਵੀ।

ਹਵਾਂ ਵਿਚ ਸੜਹਾਂਦ ਹੈ-ਥਾਂ ਥਾਂ ਸੁੱਟੇ ਕਮਿਊਨੀਕੇਸ਼ਨ ਦੇ ਖੰਘਾਰ ਦੀ

ਤੇ ਹੋਰ ਵੀ ਬਹੁਤ ਕੁਝ ਹੈ  ਤੁਹਾਡੀ ਹੋਂਦ ਦੇ ਤ੍ਰਿਸਕਾਰ ਲਈ।