Headlines

ਸੰਪਾਦਕੀ- ਨਾਟੋ ਸਿਖਰ ਸੰਮੇਲਨ ਤੇ ਕੈਨੇਡਾ ਵਲੋਂ ਯੂਕਰੇਨ ਨੂੰ 500 ਮਿਲੀਅਨ ਡਾਲਰ ਦੀ ਹੋਰ ਫੌਜੀ ਸਹਾਇਤਾ ਦਾ ਐਲਾਨ

-ਸੁਖਵਿੰਦਰ ਸਿੰਘ ਚੋਹਲਾ-
ਕੈਨੈਡਾ  ਜਿਸਨੂੰ ਵਿਸ਼ਵ ਸ਼ਾਂਤੀ ਅਤੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਵਜੋਂ ਵੇਖਿਆ ਜਾਂਦਾ ਹੈ, ਵਲੋਂ ਨਾਟੋ ਸਿਖਰ ਸੰਮੇਲਨ ਦੌਰਾਨ ਆਪਣੇ ਰੱਖਿਆ ਖਰਚੇ ਵਿਚ ਵੱਡੇ ਵਾਧੇ ਦਾ ਐਲਾਨ, ਮੁਲਕ ਦੇ ਲਗਾਤਾਰ ਆਰਥਿਕ ਸੰਕਟ ਅਤੇ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਲੋਕਾਂ  ਨੂੰ ਪ੍ਰੇਸ਼ਾਨ ਕਰਨ ਵਾਲਾ ਹੈ। ਭਾਵੇਂਕਿ ਪ੍ਰਧਾਨ ਮੰਤਰੀ ਟਰੂਡੋ ਵਲੋਂ ਨਾਟੋ ਸੰਮੇਲਨ ਦੌਰਾਨ ਯੂਕਰੇਨ ਨੂੰ 500 ਮਿਲੀਅਨ ਡਾਲਰ ਦੀ ਫੌਜੀ ਸਹਾਇਤਾ ਦਾ ਐਲਾਨ, ਉਸਦੇ ਨਾਟੋ ਦਾ ਮੈਂਬਰ ਮੁਲਕ ਹੋਣ ਦੀ ਮਜਬੂਰੀ ਵਜੋਂ ਵੇਖਿਆ ਜਾ ਰਿਹਾ ਹੈ ਪਰ ਇਸਦੇ ਬਾਵਜੂਦ ਇਹ ਐਲਾਨ ਵਿਰੋਧੀਆਂ ਦੀ ਆਲੋਚਨਾ ਦਾ ਹਿੱਸਾ ਬਣ ਰਿਹਾ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਵਲੋਂ ਇਹ ਐਲਾਨ ਅਮਰੀਕੀ ਸਿਆਸਤਦਾਨਾਂ ਦੇ ਦਬਾਅ ਪਾਏ ਜਾਣ ਉਪਰੰਤ ਕੀਤਾ ਗਿਆ ਹੈ ਜੋ ਕੈਨੇਡਾ ਦੇ ਰੱਖਿਆ ਖਰਚਿਆਂ ਦੀਆਂ ਵਚਨਬੱਧਤਾਵਾਂ ਵਿੱਚ ਕਮੀ ਲਈ ਜਨਤਕ ਤੌਰ ‘ਤੇ ਉਸ ਦੀ ਆਲੋਚਨਾ ਕਰ ਰਹੇ ਹਨ। ਨਾਟੋ ਸਿਖਰ ਸੰਮੇਲਨ ਦੌਰਾਨ ਇਸਦੇ ਮੈਂਬਰ ਮੁਲਕ ਆਪਣੇ ਕੁੱਲ ਰਾਸ਼ਟਰੀ ਘਰੇਲੂ ਉਤਪਾਦਨ ( ਜੀ ਡੀ ਪੀ) ਦਾ ਘੱਟੋ-ਘੱਟ ਦੋ ਫੀਸਦੀ ਦੇ ਬਰਾਬਰ ਰੱਖਿਆ ‘ਤੇ ਖਰਚ ਕਰਨ ਲਈ ਸਹਿਮਤ ਹੋਏ ਹਨ। ਕੈਨੇਡਾ ਇਸ ਸਮੇਂ ਆਪਣੀ ਜੀ ਡੀ ਪੀ ਦਾ  ਲਗਭਗ 1.3 ਫੀਸਦੀ ਖਰਚ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਟਰੂਡੋ ਨੇ ਸਹਿਯੋਗੀ ਮੁਲਕਾਂ ਅਤੇ ਖਾਸ ਕਰਕੇ ਅਮਰੀਕੀ ਸਿਆਸਤਦਾਨਾਂ ਵਲੋਂ ਕੀਤੀ ਜਾ ਰਹੀ ਆਲੋਚਨਾ ਦਾ ਜਵਾਬ ਦਿੰਦਿਆਂ ਇੱਕ ਭਾਸ਼ਣ ਦੌਰਾਨ ਕਿਹਾ ਕਿ ਲਿਬਰਲ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਰੱਖਿਆ ਖਰਚਿਆਂ ਵਿੱਚ ਆਪਣੀ ਪ੍ਰਤੀਬਧਤਾ ਮੁਤਾਬਿਕ ਵਾਅਦਿਆਂ ਦੀ ਪਾਲਣਾ ਕਰ ਰਹੀ ਹੈ। 2014 ਤੋਂ ਲੈ ਕੇ, ਕੈਨੇਡਾ ਦੇ ਰੱਖਿਆ ਬਜਟ ਵਿੱਚ 57 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ  ਅਤੇ ਇਸ ਸਾਲ ਲਈ ਇਹ $29.9 ਬਿਲੀਅਨ ਹੋਣ ਦਾ ਅਨੁਮਾਨ ਹੈ।
ਨਾਟੋ ਦੇ 32 ਮੈਂਬਰੀ ਮੁਲਕਾਂ ਵਿਚੋਂ 23 ਮੁਲਕ ਅਜਿਹੇ ਹਨ ਜੋ ਆਪਣੀ ਜੀ ਡੀ ਪੀ ਦਾ 2 ਪ੍ਰਤੀਸ਼ਤ ਦੇ ਕਰੀਬ ਰੱਖਿਆ ਉਪਰ ਖਰਚ ਰਹੇ ਹਨ ਜਦੋਂਕਿ ਅਮਰੀਕਾ, ਯੂਕੇ , ਫਰਾਂਸ, ਜਰਮਨੀ, ਇਟਲੀ, ਪੋਲੈਂਡ ਅਤੇ ਤੁਰਕੀ ਨਾਟੋ ਦੇ ਉਹ ਦੇਸ਼ ਹਨ ਜੋ 2 ਪ੍ਰਤੀਸ਼ਤ ਤੋਂ ਵੀ ਵਧੇਰੇ ਖਰਚ ਕਰਦੇ ਹਨ। ਨਾਟੋ ਦੇ 23 ਸਹਿਯੋਗੀਆਂ ਵੱਲੋਂ ਇਸ ਸਾਲ ਦੋ ਫੀਸਦੀ ਟੀਚੇ ਨੂੰ ਪੂਰਾ ਕਰਨ ਦੀ ਉਮੀਦ ਹੈ ਪਰ ਕੈਨੇਡਾ ਹੀ ਅਜਿਹਾ ਦੇਸ਼ ਹੈ ਜਿਸ ਨੇ ਇਸ ਘੱਟੋ-ਘੱਟ 2 ਫੀਸਦੀ  ਤੱਕ ਪਹੁੰਚਣ ਲਈ ਕੋਈ ਠੋਸ ਯੋਜਨਾ ਪੇਸ਼ ਨਹੀਂ ਕੀਤੀ ਹੈ। ਨਾਟੋ ( ਨਾਰਥ ਐਟਲਾਂਟਿਕ ਟਰੀਟੀ ਆਰਗੇਨਾਈਜੇਸ਼ਨ) ਜਿਸਦਾ ਗਠਨ 4 ਅਪ੍ਰੈਲ 1949 ਨੂੰ ਕੀਤਾ ਗਿਆ ਸੀ, ਦਾ ਵਾਸ਼ਿੰਗਟਨ ਸਿਖਰ ਸੰਮੇਲਨ ਇਸ 9 ਤੋਂ 11 ਜੁਲਾਈ ਨੂੰ ਸੰਗਠਨ ਦੀ 75 ਵੀਂ ਵਰੇਗੰਢ ਵਜੋਂ ਕੀਤਾ ਗਿਆ।
ਕਾਰਲਟਨ ਯੂਨੀਵਰਸਿਟੀ ਓਟਵਾ ਵਿਚ ਅੰਤਰਰਾਸ਼ਟਰੀ ਮਾਮਲਿਆਂ ਦੇ ਪ੍ਰੋਫੈਸਰ, ਫੇਨ ਹੈਂਪਸਨ ਦਾ ਵਿਚਾਰ ਹੈ ਕਿ ਕੈਨੇਡਾ ਨੂੰ ਨਾਟੋ ਸਿਖਰ ਸੰਮੇਲਨ ਤੋਂ ਪਹਿਲਾਂ ਹੀ ਆਪਣੇ ਰੱਖਿਆ ਖਰਚੇ ਦੀ ਯੋਜਨਾ ਦਾ ਖੁਲਾਸਾ ਕਰਨਾ ਚਾਹੀਦਾ ਸੀ ਤਾਂਕਿ ਸਾਡੇ ਭਾਈਵਾਲ ਇਹ ਜਾਣ ਜਾਂਦੇ ਕਿ ਅਸੀਂ ਇਸ ਮਾਮਲੇ ਤੇ ਗੰਭੀਰ ਹਾਂ ਤੇ ਉਹਨਾਂ ਨੂੰ ਕੈਨੇਡਾ ਦੀ ਆਲੋਚਨਾ ਕਰਨ ਦਾ ਮੌਕਾ ਨਾ ਮਿਲਦਾ। ਜਿਕਰਯੋਗ ਹੈ ਕਿ ਮਈ ਮਹੀਨੇ ਵਿੱਚ, 23 ਅਮਰੀਕੀ ਸੈਨੇਟਰਾਂ ਨੇ ਟਰੂਡੋ ਨੂੰ ਇੱਕ ਪੱਤਰ ਲਿਖ ਕੇ ਇੱਕ ਸਪੱਸ਼ਟ ਯੋਜਨਾ ਦੇ ਨਾਲ ਸਿਖਰ ਸੰਮੇਲਨ ਵਿੱਚ ਆਉਣ ਦੀ ਅਪੀਲ ਕੀਤੀ ਸੀ।
ਕੈਨੇਡਾ ਦੇ ਰੱਖਿਆ ਮੰਤਰੀ ਬਿਲ ਬਲੇਅਰ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਵਾਸ਼ਿੰਗਟਨ ਵਿੱਚ ਸੁਝਾਅ ਦਿੱਤਾ ਸੀ ਕਿ ਉਹ ਸੰਮੇਲਨ ਵਿੱਚ ਉਸ ਤਰ੍ਹਾਂ ਦੀ ਯੋਜਨਾ ਲਿਆ ਰਹੇ ਹਨ ਜਿਸ ਤਰ੍ਹਾਂ ਦੀ ਯੋਜਨਾ ਸਹਿਯੋਗੀ ਚਾਹੁੰਦੇ ਹਨ। ਇਸੇ ਤਹਿਤ ਕੈਨੇਡੀਅਨ ਸਰਕਾਰ ਨੇ ਬੁੱਧਵਾਰ ਨੂੰ ਆਪਣੀਆਂ ਪਣਡੁੱਬੀਆਂ ਦੇ ਬੇੜੇ ਨੂੰ ਬਦਲਣ ਦਾ ਐਲਾਨ ਕਰਦਿਆਂ 12 ਨਵੀਆਂ ਪਣਡੁੱਬੀਆਂ ਖਰੀਦਣ ਦਾ ਐਲਾਨ ਕੀਤਾ ਹੈ। ਤਿੰਨ ਦਿਨਾਂ ਸਿਖਰ ਸੰਮੇਲਨ ਦੌਰਾਨ, ਟਰੂਡੋ ਨੇ ਆਰਥਿਕ ਮੌਕਿਆਂ ਅਤੇ ਭਾਈਵਾਲੀ ਬਾਰੇ ਗੱਲਬਾਤ ਕਰਦਿਆਂ ਜਿਥੇ ਯੂਕਰੇਨ ਨੂੰ 500 ਮਿਲੀਅਨ ਡਾਲਰ ਦੀ ਫੌਜੀ ਸਹਾਇਤਾ ਦੇਣ ਦਾ ਐਲਾਨ ਕੀਤਾ ਉਥੇ ਯੂਕਰੇਨ ਦੇ ਪਾਇਲਟਾਂ ਨੂੰ ਸਿਖਲਾਈ ਦੇਣ ਦਾ ਵੀ ਵਾਅਦਾ ਕੀਤਾ ਹੈ। ਜਿਕਰਯੋਗ ਹੈ ਕਿ ਕੈਨੇਡਾ ਨੇ ਯੂਕਰੇਨ ਨੂੰ 2029 ਤੱਕ ਕੁਲ 4 ਅਰਬ ਡਾਲਰ ਦੀ ਫੌਜੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੋਇਆ ਹੈ। ਭਾਵੇਂਕਿ ਕੈਨੇਡਾ ਆਪਣੇ ਨਾਟੋ ਭਾਈਵਾਲਾਂ ਖਾਸ ਕਰਕੇ ਅਮਰੀਕਾ ਦੀ ਫੌਜੀ ਰਣਨੀਤੀ ਤਹਿਤ ਕੰਮ ਕਰਦਾ ਆ ਰਿਹਾ ਹੈ ਪਰ ਇਸ ਵਾਰ ਵਾਸ਼ਿੰਗਟਨ ਨਾਟੋ ਸਿਖਰ ਸੰਮਲੇਨ ਦੌਰਾਨ ਉਸਨੂੰ ਅਮਰੀਕੀ ਸਿਆਸਤਦਾਨਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।
ਰੱਖਿਆ ਮਾਹਿਰਾਂ ਦਾ ਵਿਚਾਰ ਹੈ ਕਿ ਕੈਨੇਡਾ ਆਪਣੇ ਨਾਟੋ ਭਾਈਵਾਲਾਂ ਤੋਂ ਮੂੰਹ ਨਹੀ ਫੇਰ ਸਕਦਾ। ਭਾਵੇਂਕਿ ਕੈਨੇਡਾ ਦੀਆਂ ਸਰਹੱਦਾਂ ਨੂੰ ਕਿਸੇ ਦੁਸ਼ਮਣ ਦੇਸ਼ ਤੋਂ ਕੋਈ ਖਤਰਾ ਨਹੀ ਪਰ ਵਿਸ਼ਵ ਸ਼ਾਂਤੀ ਅਤੇ ਰੂਸ ਦੇ ਵਿਸ਼ਵ ਸ਼ਾਂਤੀ ਨੂੰ ਖਤਰੇ ਵਾਲੇ ਵਿਵਹਾਰ ਤੋਂ ਨਾਟੋ ਮੁਲਕਾਂ ਦੀ ਚਿੰਤਾ ਵਿਚ ਉਸਦਾ ਸ਼ਾਮਿਲ ਹੋਣਾ ਲਾਜ਼ਮੀ ਹੈ। ਨਾਟੋ ਮੁਲਕ ਦੂਸਰੀ ਵਿਸ਼ਵ ਜੰਗ ਤੋਂ ਪਹਿਲਾਂ 1938 ਵਿਚ ਤਤਕਾਲੀ ਪ੍ਰਧਾਨ ਮੰਤਰੀ ਨੇਵਿਲ ਚੈਂਬਰਲੇਨ ਦੇ ਉਸ ਕਥਨ ਕਿ ਚੈਕੋਸਲਵਾਕੀਆ ਵਿਚ ਲੜਾਈ ਦਾ ਉਸਦੇ ਮੁਲਕ ਨਾਲ ਕੋਈ ਸਬੰਧ ਨਹੀਂ, ਨੂੰ ਵੱਡੀ ਇਤਿਹਾਸਕ ਗਲਤੀ ਵਜੋਂ ਯਾਦ ਕਰਦਿਆਂ ਨਸੀਹਤ ਦਿੰਦੇ ਹਨ ਕਿ ਰੂਸ ਦਾ ਯੂਕਰੇਨ ਉਪਰ ਹਮਲਾ ਅਤੇ ਗੈਰ ਨਾਟੋ ਮੁਲਕਾਂ ਨਾਲ ਨੇੜਤਾ ਵਾਲਾ ਵਿਵਹਾਰ ਵਿਸ਼ਵ ਸ਼ਾਂਤੀ ਲਈ ਖਤਰਾ ਬਣ ਸਕਦਾ ਹੈ। ਰੂਸ ਵਲੋਂ ਉਤਰੀ ਕੋਰੀਆ ਨਾਲ ਫੌਜੀ ਭਾਈਵਾਲੀ ਅਤੇ ਉਤਰੀ ਕੋਰੀਅਨ ਫੌਜੀਆਂ ਦੀ ਯੂਕਰੇਨ ਸਰਹੱਦ ਉਪਰ ਤਾਇਨਾਤੀ ਗੰਭੀਰ ਮੁੱਦਾ ਹੈ। ਨਾਟੋ ਮੁਲਕ ਸਮਝਦੇ ਹਨ ਕਿ ਰੂਸ-ਉਤਰੀ ਕੋਰੀਆ ਤੇ ਚੀਨ ਵਿਚਾਲੇ ਵਧਦੀ ਨੇੜਤੇ ਦਰਮਿਆਨ ਨਾਟੋ ਨੂੰ ਦੱਖਣੀ ਕੋਰੀਆ ਨਾਲ ਵਧੇਰੇ ਸਹਿਯੋਗ ਕਰਨ ਦੀ ਲੋੜ ਹੈ। ਇਸੇ ਲਈ ਨਾਟੋ ਸਿਖਰ ਸੰਮੇਲਨ ਦੌਰਾਨ ਰੂਸ ਨਾਲ ਨੇੜਤੇ ਕਰਨ ਵਾਲੇ ਜਾਂ ਉਸਦਾ ਸਹਿਯੋਗ ਕਰਨ ਵਾਲੇ ਮੁਲਕਾਂ ਚੀਨ, ਈਰਾਨ, ਉਤਰੀ ਕੋਰੀਆ ਅਤੇ ਬੈਲਾਰੂਸ ਦੀ ਨਿੰਦਾ ਕੀਤੀ ਗਈ ਹੈ। ਪਿਛਲੇ ਦਿਨੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੂਸ ਦੌਰਾ ਵੀ ਨਾਟੋ ਮੁਲਕਾਂ ਨੂੰ ਚੁਭ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਕਿ ਰੂਸ ਭਾਰਤ ਦਾ ਪੁਰਾਣਾ ਸਾਥੀ ਹੈ ਦੇ ਜਵਾਬ ਵਿਚ ਅਮਰੀਕੀ ਰੱਖਿਆ ਸਕੱਤਰ ਦਾ ਬਿਆਨ ਹੈ ਕਿ ਰੂਸ ਦੀ ਕੀਮਤ ਉਪਰ ਆਪਣੀ ਮਿਤਰਤਾ ਨੂੰ ਦਾਅ ਤੇ ਲਾਉਣਾ ਕੋਈ ਸਿਆਣਪ ਨਹੀ। ਨਾਟੋ ਮੁਲਕ ਸਮਝਦੇ ਹਨ ਕਿ ਸਰਹੱਦੀ ਝਗੜਿਆਂ ਦੇ ਮੁੱਦੇ ਤੇ ਰੂਸ ਚੀਨ ਦਾ ਸਾਥ ਦੇਵੇਗਾ, ਭਾਰਤ ਦਾ ਨਹੀ। ਇਸੇ ਲਈ ਨਾਟੋ ਮੁਲਕਾਂ ਦੀ ਚਿੰਤਾ ਇੰਡੋ ਪੈਸੀਫਿਕ ਰੀਜ਼ਨ ਵਿਚ ਸੁਰੱਖਿਆ ਖਤਰਿਆਂ ਨੂੰ ਲੈਕੇ ਵਧੇਰੇ ਹੈ। ਨਾਟੋ ਮੁਲਕਾਂ ਦੇ ਸਿਖਰ ਸੰਮੇਲਨ ਦੌਰਾਨ ਮੈਂਬਰ ਮੁਲਕਾਂ ਦੇ ਰੱਖਿਆ ਖਰਚੇ ਵਿਚ ਵਾਧੇ ਨੂੰ ਲੈਕੇ ਜੋ ਫੈਸਲੇ ਕੀਤੇ ਗਏ ਹਨ, ਉਹ ਵਿਸ਼ਵ ਸ਼ਾਂਤੀ ਨੂੰ ਲੈਕੇ ਚਿੰਤਾਜਨਕ ਹਨ। ਭਾਵੇਂਕਿ ਨਾਟੋ ਮੁਲਕ ਇਹ ਸਭ ਵਿਸ਼ਵ ਸ਼ਾਂਤੀ ਨੂੰ ਬਣਾਈ ਰੱਖਣ ਦੇ ਨਾਮ ਉਪਰ ਹੀ ਕਰ ਰਹੇ ਹਨ ਪਰ ਇਹ ਖਤਰਾ ਮਨੁਖਤਾ ਦੀ ਤਬਾਹੀ ਦੇ ਸਾਧਨਾਂ ਤੇ ਹਥਿਆਰਾਂ ਵਿਚ ਵਾਧਾ ਅਮਨ ਦੇ ਰਾਖਿਆ ਤੋਂ ਹੀ ਵਧੇਰੇ ਪ੍ਰਤੀਤ ਹੋ ਰਿਹਾ ਹੈ।