– ਸ਼ੂਟਰ ਦੀ ਪਛਾਣ 20 ਸਾਲਾ ਥਾਮਸ ਕੁੱਕ ਵਜੋਂ ਹੋਈ
ਰੀਪਬਲਿਕਨ ਨੇ ਟੰਰਪ ਨੂੰ ਆਪਣਾ ਉਮੀਦਵਾਰ ਐਲਾਨਿਆ-ਵੈਂਸ ਉਪ-ਰਾਸ਼ਟਰਪਤੀ ਲਈ ਉਮੀਦਵਾਰ
ਬਟਲਰ, ਪੈਨਸਿਲਵੇਨੀਆ ( ਦੇ ਪ੍ਰ ਬਿ )- ਪੈਨਸਿਲਵੇਨੀਆ ਦੇ ਸ਼ਹਿਰ ਬਟਲਰ ਵਿਚ ਇਕ ਜਨਤਕ ਰੈਲੀ ਦੌਰਾਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਨਵੰਬਰ ਵਿਚ ਹੋਣ ਜਾ ਰਹੀਆਂ ਚੋਣਾਂ ਵਿਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਉਪਰ ਇਕ ਸ਼ੂਟਰ ਵਲੋਂ ਕੀਤੀ ਗੋਲੀਬਾਰੀ ਦੌਰਾਨ ਗੋਲੀ ਉਹਨਾਂ ਦੇ ਕੰਨ ਨੂੰ ਚੀਰਦੀ ਹੋਈ ਲੰਘ ਗਈ। ਉਹ ਜ਼ਖਮੀ ਹੋ ਗਏ ਪਰ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਜਦੋਂ ਉਹ ਰੈਲੀ ਦੌਰਾਨ ਆਪਣਾ ਭਾਸ਼ਨ ਕਰ ਰਹੇ ਸਨ ਤਾਂ ਰੈਲੀ ਵਾਲੀ ਥਾਂ ਨੇੜੇ ਇਕ ਉਚੀ ਇਮਾਰਤ ਦੀ ਛੱਤ ਤੋਂ ਸ਼ੂਟਰ ਵਲੋ ਚਲਾਈ ਗੋਲੀ ਉਹਨਾਂ ਦੇ ਕੰਨ ਦੇ ਕੋਲੋਂ ਛੂਹ ਕੇ ਲੰਘ ਗਈ। ਇਸ ਦੌਰਾਨ ਉਹਨਾਂ ਦੇ ਸੁਰੱਖਿਆ ਗਾਰਡਾਂ ਨੇ ਉਹਨਾਂ ਨੂੰ ਤੁਰੰਤ ਘੇਰ ਲਿਆ ਤੇ ਡਿਗਦੇ ਹੋਏ ਨੂੰ ਸਾਂਭਦਿਆਂ ਸੁਰੱਖਿਅਤ ਥਾਂ ਵਲ ਲੈ ਗਏ। ਇਸ ਦੌਰਾਨ ਸੁਰੱਖਿਆ ਗਾਰਡਾਂ ਨੇ ਸ਼ੱਕੀ ਸ਼ੂਟਰ ਨੂੰ ਮਾਰ ਗਿਰਾਇਆ ਜਦੋਂਕਿ ਇਕ ਹੋਰ ਵਿਅਕਤੀ ਵੀ ਮਾਰਿਆ ਗਿਆ।
ਟਰੰਪ ਨੇ ਇਸ ਹਮਲੇ ਵਿਚ ਜ਼ਖਮੀ ਹੋਣ ਦੇ ਬਾਦਜੂਦ ਆਪਣੇ ਸੁਰੱਖਿਅਤ ਹੋਣ ਦੀ ਜਾਣਕਾਰੀ ਦਿੰਦਿਆਂ ਸੋਸ਼ਲ ਪਲੇਟਫਾਰਮ ਤੇ ਲਿਖਿਆ ਹੈ ਕਿ ਯਕੀਨ ਨਹੀ ਕੀਤਾ ਜਾ ਸਕਦਾ ਕਿ ਸਾਡੇ ਮੁਲਕ ਵਿਚ ਅਜਿਹਾ ਵੀ ਹੋ ਸਕਦਾ ਹੈ। ਜਦੋਂ ਗੋਲੀ ਕੰਨ ਨੂੰ ਛੂਹ ਕੇ ਲੰਘੀ ਤਾਂ ਮੈਨੂੰ ਤੁਰੰਤ ਪਤਾ ਲੱਗ ਗਿਆ ਕਿ ਕੁਝ ਗਲਤ ਸੀ ਜਿਸ ਦੌਰਾਨ ਮੈਂ ਇੱਕ ਗੂੰਜਦੀ ਆਵਾਜ਼ ਸੁਣੀ। ਟਰੰਪ ਨੇ ਕਿਹਾ ਕਿ ਉਸ ਦਾ ਸੱਜਾ ਕੰਨ ਵਿੰਨ੍ਹਿਆ ਗਿਆ ਸੀ ਅਤੇ ਉਸ ਨੇ “ਚਮੜੀ ਵਿੱਚੋਂ ਗੋਲੀ ਨਿਕਲਦੀ ਮਹਿਸੂਸ ਕੀਤੀ। ਬਹੁਤ ਖੂਨ ਵਹਿ ਗਿਆ।
ਸ਼ੂਟਰ ਨੇ “ਰੈਲੀ ਵਾਲੀ ਥਾਂ ਤੋਂ ਬਾਹਰ ਇੱਕ ਉੱਚੀ ਇਮਾਰਤ ਤੋਂ ਸਟੇਜ ਵੱਲ ਕਈ ਗੋਲੀਆਂ ਚਲਾਈਆਂ। ਉਸ ਸਮੇਂ ਟਰੰਪ ਇਮੀਗ੍ਰੇਸ਼ਨ ਮੁੱਦੇ ਬਾਰੇ ਬੋਲ ਰਹੇ ਸਨ ਜਦੋਂ ਉਹਨਾਂ ਨੂੰ ਨਿਸ਼ਾਨਾ ਬਣਾਕੇ ਤਿੰਨ ਗੋਲੀਆਂ ਚਲਾਈਆਂ ਗਈਆਂ। ਸੁਰੱਖਿਆ ਏਜੰਸੀਆਂ ਨੇ ਥੋੜੇ ਸਮੇਂ ਬਾਦ ਹੀ ਸ਼ੂਟਰ ਨੂੰ ਮਾਰ ਮੁਕਾਇਆ।
***ਹਮਲਾਵਰ ਦੀ ਪਛਾਣ ਹੋਈ-
ਟਰੰਪ ’ਤੇ ਹਮਲਾ ਕਰਨ ਵਾਲੇ ਦੀ ਪਛਾਣ ਹੋ ਗਈ ਹੈ। ਸੂਤਰਾਂ ਮੁਤਾਬਿਕ ਸਾਬਕਾ ਅਮਰੀਕੀ ਰਾਸ਼ਟਰਪਤੀ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ੂਟਰ ਦੀ ਪਛਾਣ 20 ਸਾਲਾ ਥਾਮਸ ਮੈਥਿਊ ਕੁੱਕਸ ਵਜੋਂ ਹੋਈ ਹੈ। ਹਮਲਾਵਰ ਬਟਲਰ ਫਾਰਮ ਦੀ ਸਟੇਜ ਤੋਂ ਲਗਪਗ 130 ਗਜ਼ ਦੀ ਦੂਰੀ ’ਤੇ ਸਥਿਤ ਇਕ ਮੈਨੂਫੈਕਚਰਿੰਗ ਪਲਾਂਟ ਦੀ ਛੱਤ ’ਤੇ ਖੜ੍ਹਾ ਸੀ। ਯੂਐਸ ਸੀਕਰੇਟ ਸਰਵਿਸ ਦੇ ਸ਼ੂਟਰਾਂ ਨੇ ਉਸਨੂੰ ਗੋਲੀ ਮਾਰ ਦਿੱਤੀ ਜਿਸ ਕੋਲੋਂ ਬਾਅਦ ਵਿੱਚ ਇੱਕ ਏਆਰ ਸਟਾਈਲ ਰਾਈਫਲ ਬਰਾਮਦ ਕੀਤੀ ਗਈ। ਇਹ ਪਤਾ ਨਹੀ ਚੱਲ ਸਕਿਆ ਕਿ ਉਸਨੇ ਟਰੰਪ ਉਪਰ ਹਮਲਾ ਕਿਉਂ ਕੀਤਾ। ਮਾਹਿਰਾਂ ਵਲੋਂ ਇਸਨੂੰ ਘਰੇਲੂ ਅਤਵਾਦ ਦੱਸਿਆ ਜਾ ਰਿਹਾ ਹੈ ਜੋ ਵਿਰੋਧੀਆਂ ਵਲੋਂ ਟਰੰਪ ਖਿਲਾਫ ਨਫਰਤੀ ਪਰਚਾਰ ਦਾ ਹਿੱਸਾ ਹੈ।
ਰਿਬਪਲਿਕਨ ਪਾਰਟੀ ਨੇ ਟਰੰਪ ਨੂੰ ਉਮੀਦਵਾਰ ਐਲਾਨਿਆ– ਸਾਬਕਾ ਰਾਸ਼ਟਰਪਤੀ ਟਰੰਪ ਉਪਰ ਕਾਤਲਾਨਾ ਹਮਲੇ ਦੇ 48 ਘੰਟੇ ਦੇ ਅੰਦਰ ਰੀਪਬਲਿਕਨ ਪਾਰਟੀ ਨੇ ਟਰੰਪ ਨੂੰ ਆਗਾਮੀ ਚੋਣਾਂ ਲਈ ਆਪਣਾ ਰਾਸ਼ਟਰਪਤੀ ਉਮੀਦਵਾਰ ਐਲਾਨ ਦਿੱਤਾ ਹੈ। ਮਿਲਵਾਕੀ ਵਿਚ ਹੋਈ ਰੀਪਬਲਿਕਨ ਡੈਲੀਗੇਟ ਕੈਨਵੈਨਸ਼ਨ ਦੌਰਾਨ ਉਕਤ ਐਲਾਨ ਕੀਤਾ ਗਿਆ। ਇਸ ਦੌਰਾਨ ਟਰੰਪ ਜੋਕਿ ਆਪਣੇ ਸੱਜੇ ਕੰਨ ਉਪਰ ਪੱਟੀ ਨਾਲ ਦਿਖਾਈ ਦਿੱਤੇ ਨੇ ਉਪ ਰਾਸ਼ਟਰਪਤੀ ਲਈ ਆਪਣੇ ਸਹਿਯੋਗੀ ਵਜੋਂ ਸੈਨੇਟਰ ਜੇਡੀ ਵੈਂਸ ਨੂੰ ਉਮੀਦਵਾਰ ਐਲਾਨਿਆ। ਜਿ਼ਕਰਯੋਗ ਹੈ ਕਿ ਵੈਂਸ ਜੋ ਕਿ ਕੁਝ ਸਮਾਂ ਪਹਿਲਾਂ ਟਰੰਪ ਦਾ ਵਿਰੋਧੀ ਸੀ ਹੁਣ, ਉਸਦੀ ਟੀਮ ਦਾ ਹਿੱਸਾ ਬਣ ਗਿਆ ਹੈ। ਵੈਂਸ ਦੀ ਪਤਨੀ ਊਸ਼ਾ ਪਰਵਾਸੀ ਭਾਰਤੀ ਪਰਿਵਾਰ ਨਾਲ ਸਬੰਧਿਤ ਹੈ।