ਨਵੀਂ ਦਿੱਲੀ, 13 ਜੁਲਾਈ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰ ਸਰਕਾਰ ਤੇ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਸ ’ਚ ਹੈਰਾਨੀ ਦੀ ਕੀ ਗੱਲ ਹੈ ਕਿ ਸੰਵਿਧਾਨ ਤੇ ਲੋਕਤੰਤਰ ਦੀ ਆਤਮਾ ’ਤੇ ਹਮਲੇ ਕਰਨ ਵਾਲੇ ਲੋਕ ‘ਸੰਵਿਧਾਨ ਹੱਤਿਆ ਦਿਵਸ’ ਮਨਾਉਣਗੇ। ਕੇਂਦਰ ਨੇ 25 ਜੂਨ ਨੂੰ ‘ਸੰਵਿਧਾਨ ਹੱਤਿਆ ਦਿਵਸ’ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸੇ ਦਿਨ 1975 ’ਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ।
ਪ੍ਰਿਯੰਕਾ ਨੇ ਐਕਸ ’ਤੇ ਪਾਈ ਇੱਕ ਪੋਸਟ ’ਚ ਕਿਹਾ, ‘ਭਾਰਤ ਦੀ ਮਹਾਨ ਜਨਤਾ ਨੇ ਇਤਿਹਾਸਕ ਲੜਾਈ ਲੜ ਕੇ ਆਪਣੀ ਆਜ਼ਾਦੀ ਤੇ ਆਪਣਾ ਸੰਵਿਧਾਨ ਹਾਸਲ ਕੀਤਾ ਹੈ। ਜਿਨ੍ਹਾਂ ਸੰਵਿਧਾਨ ਬਣਾਇਆ, ਜਿਨ੍ਹਾਂ ਦਾ ਸੰਵਿਧਾਨ ’ਚ ਭਰੋਸਾ ਹੈ, ਉਹੀ ਸੰਵਿਧਾਨ ਦੀ ਰਾਖੀ ਕਰਨਗੇ।’ ਉਨ੍ਹਾਂ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ, ‘ਸੰਵਿਧਾਨ ਲਾਗੂ ਹੋਣ ਦਾ ਵਿਰੋਧ ਕੀਤਾ, ਸੰਵਿਧਾਨ ਦੀ ਸਮੀਖਿਆ ਕਰਨ ਲਈ ਕਮਿਸ਼ਨ ਬਣਾਇਆ, ਸੰਵਿਧਾਨ ਖਤਮ ਕਰਨ ਦਾ ਸੱਦਾ ਦਿੱਤਾ, ਆਪਣੇ ਫ਼ੈਸਲਿਆਂ ਤੇ ਕੰਮਾਂ ਨਾਲ ਵਾਰ-ਵਾਰ ਸੰਵਿਧਾਨ ਤੇ ਲੋਕਤੰਤਰ ਦੀ ਆਤਮਾ ’ਤੇ ਹਮਲਾ ਕੀਤਾ। ਉਹ ਨਕਾਰਾਤਮਕ ਰਾਜਨੀਤੀ ਵਾਲਾ ‘ਸੰਵਿਧਾਨ ਹੱਤਿਆ ਦਿਵਸ’ ਹੀ ਮਨਾਉਣਗੇ। ਇਸ ਵਿੱਚ ਹੈਰਾਨੀ ਕੀ ਹੈ?’
ਭਾਜਪਾ ਅਤੀਤ ਵੱਲ ਨਹੀਂ ਭਵਿੱਖ ਵੱਲ ਦੇਖੇ: ਰਾਊਤ
ਮੁੰਬਈ: ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਨੇ ਅੱਜ ਕਿਹਾ ਕਿ ਦੇਸ਼ ਵਿੱਚ 50 ਸਾਲ ਪਹਿਲਾਂ ਐਮਰਜੈਂਸੀ ਲੱਗੀ ਸੀ ਪਰ ਭਾਜਪਾ ਅਜੇ ਵੀ ਭਵਿੱਖ ਦੀ ਥਾਂ ਅਤੀਤ ਵੱਲ ਦੇਖ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਹਾਲਾਤ ਇਹ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਰਜਕਾਲ ਹੀ ਐਮਰਜੈਂਸੀ ਜਿਹਾ ਹੈ। ਉਨ੍ਹਾਂ ਕਿਹਾ, ‘ਕਿਸੇ ਨੂੰ ਵੀ ਚੁੱਕ ਕੇ ਜੇਲ੍ਹ ’ਚ ਸੁੱਟਿਆ ਜਾ ਰਿਹੈ। ਅਦਾਲਤਾਂ ’ਤੇ ਦਬਾਅ ਹੈ। ਤੁਸੀਂ ਕੇਂਦਰੀ ਏਜੰਸੀਆਂ ਨੂੰ ਕੰਟਰੋਲ ਕਰ ਰਹੇ ਹੋ, ਤੁਸੀਂ ਵਿਰੋਧੀਆਂ ਨੂੰ ਜੇਲ੍ਹਾਂ ’ਚ ਸੁੱਟ ਰਹੇ ਹੋ। ਭ੍ਰਿਸ਼ਟਾਚਾਰ ਤੇ ਅਰਾਜਕਤਾ ਵੱਧ ਰਹੀ ਹੈ ਅਤੇ ਚੀਨ ਘੁਸਪੈਠ ਕਰ ਰਿਹਾ ਹੈ। ਉਸ ਸਮੇਂ ਵੀ ਇਹੀ ਸਥਿਤੀ ਸੀ। ਇੰਦਰਾ ਜੀ ਨੇ ਕਾਫੀ ਖਤਰਨਾਕ ਸਥਿਤੀ ’ਚ ਕੰਮ ਕੀਤਾ।’