ਸ੍ਰੀਨਗਰ, 13 ਜੁਲਾਈ
ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਸਮੇਤ ਜੰਮੂ ਕਸ਼ਮੀਰ ਦੇ ਕਈ ਸਿਆਸੀ ਆਗੂਆਂ ਨੇ ਅੱਜ ਦਾਅਵਾ ਕੀਤਾ ਕਿ 1931 ਵਿੱਚ 13 ਜੁਲਾਈ ਨੂੰ ਡੋਗਰਾ ਸ਼ਾਸਕ ਦੀ ਸੈਨਾ ਹੱਥੋਂ ਮਾਰੇ ਗਏ 22 ਕਸ਼ਮੀਰੀ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ‘ਸ਼ਹੀਦਾਂ ਦੀਆਂ ਕਬਰਾਂ’ ’ਤੇ ਜਾਣ ਤੋਂ ਰੋਕਣ ਲਈ ਉਨ੍ਹਾਂ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ, ਇਨ੍ਹਾਂ ਆਗੂਆਂ ਦੇ ਦਾਅਵਿਆਂ ਸਬੰਧੀ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸ਼ਹਿਰ ਦੇ ਬਾਹਰੀ ਇਲਾਕੇ ਖਿਮਬੇਰ ਵਿੱਚ ਆਪਣੀ ਰਿਹਾਇਸ਼ ’ਚ ਨਜ਼ਰਬੰਦ ਕੀਤਾ ਗਿਆ ਹੈ। ਵੱਖਵਾਦ ਛੱਡ ਕੇ ਮੁੱਖ ਧਾਰਾ ਵਿੱਚ ਆਏ ਆਗੂ ਅਤੇ ਪੀਪਲਜ਼ ਕਾਨਫਰੰਸ ਦੇ ਮੁਖੀ ਸੱਜਾਦ ਲੋਨ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਵੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਨੈਸ਼ਨਲ ਕਾਨਫਰੰਸ ਦੇ ਕਸ਼ਮੀਰ ਪ੍ਰਦੇਸ਼ ਦੇ ਪ੍ਰਧਾਨ ਨਾਸਿਰ ਅਸਲਮ ਵਾਨੀ ਨੇ ਵੀ ਦੋਸ਼ ਲਾਇਆ ਕਿ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਵੀ ਪੁਲੀਸ ਨੇ ਬੰਦ ਕਰ ਦਿੱਤਾ ਹੈ। ਮਹਿਬੂਬਾ ਨੇ ‘ਐਕਸ’ ਉੱਤੇ ਪਾਈ ਇੱਕ ਪੋਸਟ ਵਿੱਚ ਕਿਹਾ, ‘‘ਮੈਨੂੰ ਸ਼ੋਸ਼ਣ ਅਤੇ ਅਨਿਆਂ ਖ਼ਿਲਾਫ਼ ਕਸ਼ਮੀਰ ਦੇ ਵਿਰੋਧ ਅਤੇ ਸੰਘਰਸ਼ ਦੇ ਪ੍ਰਤੀਕ ਮਜ਼ਾਰ-ਏ-ਸ਼ੁਹਾਦਾ ਜਾਣ ਤੋਂ ਰੋਕਣ ਵਾਸਤੇ ਮੇਰੇ ਘਰ ਦੇ ਦਰਵਾਜ਼ੇ ਇੱਕ ਵਾਰ ਮੁੜ ਬੰਦ ਕਰ ਦਿੱਤੇ ਗਏ।’’
ਪੁਲੀਸ ਨੇ ‘ਅਪਨੀ ਪਾਰਟੀ’ ਦੇ ਆਗੂਆਂ ਨੂੰ ‘ਸ਼ਹੀਦਾਂ ਦੀਆਂ ਕਬਰਾਂ’ ’ਤੇ ਜਾਣ ਤੋਂ ਰੋਕਿਆ
ਸ੍ਰੀਨਗਰ: ਜੰਮੂ ਕਸ਼ਮੀਰ ਪੁਲੀਸ ਨੇ ‘ਅਪਨੀ ਪਾਰਟੀ’ ਦੇ ਆਗੂਆਂ ਨੂੰ ‘ਸ਼ਹੀਦਾਂ ਦੀਆਂ ਕਬਰਾਂ’ ’ਤੇ ਜਾਣ ਤੋਂ ਰੋਕ ਦਿੱਤਾ। ਅਪਨੀ ਪਾਰਟੀ ਦੇ ਪ੍ਰਧਾਨ ਅਲਤਾਫ ਬੁਖਾਰੀ ਦੀ ਅਗਵਾਈ ਵਿੱਚ ਪਾਰਟੀ ਦੇ ਮੈਂਬਰਾਂ ਨੇ ਇੱਥੇ ਸ਼ੇਖ ਬਾਗ਼ ’ਚ ਸਥਿਤ ਦਫ਼ਤਰ ਤੋਂ ਲਗਪਗ ਪੰਜ ਕਿਲੋਮੀਟਰ ਦੂਰ ਨਕਸ਼ਬੰਦ ਸਥਿਤ ਕਬਰਸਤਾਨ ਤੱਕ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਨੇ ਰੋਕ ਦਿੱਤਾ। ਇਸ ਦੌਰਾਨ ਆਗੂਆਂ ਨੇ ਸੜਕ ’ਤੇ ਹੀ ‘ਫਾਤੇਹਾ’ ਪੜ੍ਹੀ ਅਤੇ 22 ਮਰਹੂਮ ਕਸ਼ਮੀਰੀਆਂ ਨੂੰ ਸ਼ਰਧਾਂਜਲੀ ਦਿੱਤੀ।