Headlines

ਹਾਥੀ ’ਤੇ ਚੜ੍ਹ ਕੇ ਵੀ ਸਾਖ ਨਹੀਂ ਬਚਾ ਸਕੇ ਸੁਖਬੀਰ: ਰੱਖੜਾ

ਪਟਿਆਲਾ, 13 ਜੁਲਾਈ

ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਨਾਰਾਜ਼ ਧੜੇ ਦੀ ਹੁਣ ਤੱਕ ਦੀ ਚੁੱਪ ਨੇ ਪੰਥਕ ਸਫ਼ਾਂ ਵਿੱਚ ਚਰਚਾ ਛੇੜ ਦਿੱਤੀ ਹੈ। ਅੱਜ ਜਲੰਧਰ ਪੱਛਮੀ ਦੇ ਚੋਣ ਨਤੀਜਿਆਂ ਨੇ ਨਾਰਾਜ਼ ਧੜੇ ਵਿੱਚ ਹੋਰ ਜਾਨ ਪਾਈ ਹੈ।

ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸੁਖਬੀਰ ਬਾਦਲ ਹਾਥੀ ਉੱਤੇ ਚੜ੍ਹ ਕੇ ਵੀ ਆਪਣੀ ਸਾਖ ਨਹੀਂ ਬਚਾ ਸਕੇ ਜਦੋਂਕਿ ਅਕਾਲੀ ਦਲ ਦੀ ਉਮੀਦਵਾਰ ਨੇ ਬਸਪਾ ਦੇ ਉਮੀਦਵਾਰ ਤੋਂ ਵੱਧ ਵੋਟਾਂ ਲੈ ਕੇ ਲੋਕਾਂ ਦਾ ਪੰਥਕ ਇਸ਼ਾਰਾ ਸਮਝ ਲਿਆ ਹੈ। ਦੋਵਾਂ ਧਿਰਾਂ ਦੀ ਚੁੱਪ ਬਾਰੇ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਇਹ ਚੁੱਪ ਨਹੀਂ, ਸਗੋਂ ਕਿਸੇ ਵੱਡੇ ਪ੍ਰੋਗਰਾਮ ਦੀ ਉਡੀਕ ਵਿੱਚ ਅੰਦਰੋਂ-ਅੰਦਰੀ ‘ਅੱਗ’ ਧੁਖ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿਚ ਪੰਥਕ ਧਿਰਾਂ ਨਾਲ ਮੁਲਾਕਾਤ ਕਰ ਕੇ ਪੰਥ ਨੂੰ ਇਕਜੁੱਟ ਕਰਨ ਦੇ ਪ੍ਰੋਗਰਾਮ ਬਣਾਉਣਗੇ। ਹੁਣ ਤੱਕ ਦਾ ਸੁਖਬੀਰ ਬਾਦਲ ਦਾ ਰਵੱਈਆ ਪੰਥ ਨੂੰ ਇਕਜੁੱਟ ਕਰਨ ਵਾਲਾ ਨਜ਼ਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜੇ ਸਾਡੀ ਜਲੰਧਰ ਪੱਛਮੀ ਤੋਂ ਉਮੀਦਵਾਰ ‘ਆਪ’ ਵਿੱਚ ਸ਼ਾਮਲ ਨਾ ਹੁੰਦੀ ਤਾਂ ਉਸ ਨੂੰ ਪੰਜ ਹਜ਼ਾਰ ਤੋਂ ਵੱਧ ਵੋਟਾਂ ਪੈਣੀਆਂ ਸਨ। ਇਸ ਨਾਲ ਸੁਖਬੀਰ ਬਾਦਲ ਦੀ ਹੋਰ ਵੀ ਕਿਰਕਰੀ ਹੋਣੀ ਸੀ। ਉਨ੍ਹਾਂ ਕਿਹਾ ਕਿ ਹੁਣ ਸੁਖਬੀਰ ਬਾਦਲ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਪੰਥ ਉਨ੍ਹਾਂ ਨਾਲ ਨਹੀਂ ਹੈ, ਪੰਥ ਹੁਣ ਨਵਾਂ ਰਸਤਾ ਅਖ਼ਤਿਆਰ ਕਰਨ ਵੱਲ ਵਧ ਰਿਹਾ ਹੈ।

ਦੂਜੇ ਪਾਸੇ, ਸੁਖਬੀਰ ਬਾਦਲ ਦੇ ਧੜੇ ਦੀ ਚੁੱਪ ਵੀ ਪੰਥਕ ਧਿਰਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੁਖਬੀਰ ਧੜੇ ਦੇ ਇੱਕ ਆਗੂ ਨੇ ਕਿਹਾ ਕਿ 15 ਜੁਲਾਈ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਜਲੰਧਰ ਪੱਛਮੀ ਵਿਚ ਸੁਖਬੀਰ ਧੜੇ ਦੀ ਕੋਈ ਹਾਰ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਤਾਂ ਉੱਥੇ ਪ੍ਰਚਾਰ ਹੀ ਨਹੀਂ ਕੀਤਾ।